ਪੇਮੈਂਟ ਲੈ ਕੇ ਜਾ ਰਹੇ ਫੈਕਟਰੀ ਮੁਲਾਜ਼ਮ ਕੋਲੋਂ 15 ਲੱਖ ਰੁਪਏ ਲੁੱਟੇ
ਗਗਨਦੀਪ ਅਰੋੜਾ
ਲੁਧਿਆਣਾ, 3 ਮਈ
ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪੇਮੈਂਟ ਇਕੱਠੀ ਕਰਕੇ ਆਪਣੀ ਐਕਟਿਵਾ ’ਤੇ ਫੈਕਟਰੀ ਜਾ ਰਹੇ ਮੁਲਾਜ਼ਮ ਤੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 15 ਲੱਖ ਰੁਪਏ ਲੁੱਟ ਲਏ। ਦਿਨ ਦਿਹਾੜੇ ਲੁਟੇਰਿਆਂ ਨੇ ਐਲੀਵੇਟੇਡ ਪੁੱਲ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਭੀੜ ਭਾੜ ਵਾਲੇ ਇਸ ਇਲਾਕੇ ਵਿੱਚ ਹੋਈ ਵਾਰਦਾਤ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਿਆ। ਲੁਟੇਰੇ ਆਸਾਨੀ ਦੇ ਨਾਲ ਲੁੱਟ ਕਰ ਫ਼ਰਾਰ ਹੋ ਗਏ। ਜਦੋਂ ਤੱਕ ਐਕਟਿਵਾ ਸਵਾਰ ਰਾਜਪਾਲ ਚੌਧਰੀ ਕੁਝ ਸਕਦਾ, ਉਦੋਂ ਤੱਕ ਮੁਲਜ਼ਮ ਫਰਾਰ ਹੋ ਗਏ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਚਾਰ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਇਸ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਜਾਂਚ ਵਿੱਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਜਪਾਲ ਚੌਧਰੀ ਬਹਾਦੁਰ ਰੋਡ ’ਤੇ ਫੈਕਟਰੀ ਵਿੱਚ ਕੰਮ ਕਰਦਾ ਹੈ। ਫੈਕਟਰੀ ਮਾਲਕ ਉਸ ਨੂੰ ਸ਼ਹਿਰ ਤੋਂ ਪੈਸੇ ਇਕੱਠੇ ਕਰਨ ਲਈ ਭੇਜਦਾ ਹੈ। ਉਹ ਸ਼ਨਿੱਚਰਵਾਰ ਦੁਪਹਿਰ ਨੂੰ ਵੀ ਪੈਸੇ ਲੈ ਕੇ ਜਾ ਰਿਹਾ ਸੀ। ਰਾਜਪਾਲ ਅਨੁਸਾਰ ਉਸ ਦੇ ਬੈਗ ਵਿੱਚ 15 ਲੱਖ ਰੁਪਏ ਸਨ। ਉਸ ਦੇ ਗਲੇ ਵਿੱਚ ਬੈਗ ਲਟਕਿਆ ਹੋਇਆ ਸੀ। ਇੱਕ ਬਾਈਕ ’ਤੇ ਤਿੰਨ ਨੌਜਵਾਨਾਂ ਨੇ ਉਸ ਨੂੰ ਐਲੀਵੇਟਿਡ ਰੋਡ ’ਤੇ ਘੇਰ ਲਿਆ ਅਤੇ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਭੱਜ ਗਏ। ਮੁਲਜ਼ਮਾਂ ਵੱਲੋਂ ਧੱਕਾ-ਮੁੱਕੀ ਅਤੇ ਕੁੱਟਮਾਰ ਦੌਰਾਨ ਰਾਜਪਾਲ ਵੀ ਜ਼ਖਮੀ ਹੋ ਗਿਆ। ਉਸਦੇ ਸਿਰ ਅਤੇ ਹੱਥ ’ਤੇ ਵੀ ਸੱਟਾਂ ਲੱਗੀਆਂ ਹਨ। ਜਦੋਂ ਤੱਕ ਉਸ ਨੇ ਰੋਲਾ ਪਾਇਆ, ਉਦੋਂ ਤੱਕ ਮੁਲਜ਼ਮ ਫਰਾਰ ਹੋ ਗਏ ਸਨ। ਰਾਜਪਾਲ ਨੇ ਤੁਰੰਤ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਫੈਕਟਰੀ ਮਾਲਕਾਂ ਨੂੰ ਸੂਚਨਾ ਦਿੱਤੀ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਐੱਸਐੱਚਓ
Advertisementਥਾਣਾ ਡਿਵੀਜ਼ਨ ਚਾਰ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਲੁੱਟ ਨਹੀਂ ਹੋਈ। ਲੁੱਟ ਹੋ ਸਕਦੀ ਹੈ, ਪਰ ਜੋ ਪੈਸੇ ਰਾਜਪਾਲ ਕਹਿ ਰਿਹਾ ਹੈ, ਉਹ 15 ਲੱਖ ਨਹੀਂ ਲਗਦੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਨਾਲ ਲੁੱਟ ਹੋਈ ਸੀ, ਉਦੋਂ ਵੀ ਉਸ ਨੇ ਵੱਧ ਪੈਸੇ ਦੱਸ ਦਿੱਤੇ ਸਨ। ਬਾਅਦ ਵਿੱਚ ਉਹ ਘੱਟ ਨਿਕਲੇ। ਫਿਲਹਾਲ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਪਸ਼ਨ: ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਫੈਕਟਰੀ ਮੁਲਾਜ਼ਮ।