ਪੇਟ ਦੇ ਜ਼ਖ਼ਮ: ਕਾਰਨ, ਲੱਛਣ ਤੇ ਬਚਾਓ

ਅਲਸਰ ਕਿਉਂ ਪੈਦਾ ਹੁੰਦੇ ਹਨ?
ਸਾਡਾ ਮਿਹਦਾ (ਸਟੋਮਿਕ) ਅੰਗਰੇਜ਼ੀ ਅੱਖਰ ‘ਜੇ’ ਵਰਗੇ ਆਕਾਰ ਦਾ ਹੁੰਦਾ ਹੈ। ਆਹਾਰ ਨਾਲੀ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋ ਕੇ ਇਹ ਗੋਲਾਈ ’ਚ ਘੁੰਮਦਾ ਹੇਠਾਂ ਜਾ ਕੇ ਥੋੜ੍ਹਾ ਉਪਰ ਵੱਲ ਆਉਂਦਾ ਹੈ ਤੇ ਛੋਟੀ ਆਂਤੜੀ ਦੇ ਸ਼ੁਰੂਆਤੀ ਹਿੱਸੇ ਨਾਲ ਜੁੜਦਾ ਹੈ ਜਿਸ ਨੂੰ ਗ੍ਰਹਿਣੀ ਕਹਿੰਦੇ ਹਨ। ਮਿਹਦੇ ਦਾ ਆਕਾਰ ਘਟਣ ਵਧਣ ਵਾਲਾ ਹੁੰਦਾ ਹੈ। ਇਹ ਅੰਦਰੋਂ ਖਾਲੀ ਹੁੰਦਾ ਹੈ ਅਤੇ ਭੋਜਨ ਖਾਣ ਨਾਲ ਹੀ ਭਰਦਾ ਹੈ। ਜਿੰਨੀ ਮਾਤਰਾ ’ਚ ਭੋਜਨ ਉੱਥੇ ਪਹੁੰਚਦਾ ਹੈ, ਇਹ ਉਸ ਅਨੁਸਾਰ ਹੀ ਆਕਾਰ ਗ੍ਰਹਿਣ ਕਰ ਲੈਂਦਾ ਹੈ। ਇਸ ਦੀ ਦੀਵਾਰ ਕਾਫੀ ਮੋਟੀ ਹੁੰਦੀ ਹੈ। ਇਸ ਦੀ ਅੰਦਰਲੀ ਪਰਤ ’ਚ ਕਈ ਵੱਟ ਹੁੰਦੇ ਹਨ ਜੋ ਪੇਟ ਦੇ ਆਕਾਰ ਨੂੰ ਆਹਾਰ ਦੀ ਮਾਤਰਾ ਅਨੁਸਾਰ ਛੋਟਾ ਜਾਂ ਵੱਡਾ ਕਰਦੇ ਹਨ। ਇਨ੍ਹਾਂ ਵੱਟਾਂ ਅੰਦਰ ਕਈ ਤਰ੍ਹਾਂ ਦੇ ਸੈੱਲ ਹੁੰਦੇ ਹਨ। ਕੁਝ ਸੈੱਲ ਮਿਹਦੇ ਦੇ ਉਪਰਲੇ ਹਿੱਸੇ ਵਿੱਚ ਹੁੰਦੇ ਹਨ ਜੋ ਤੇਜ਼ਾਬ ਬਣਾਉਂਦੇ ਹਨ; ਕੁਝ ਮਿਹਦੇ ਦੇ ਹੇਠਲੇ ਹਿੱਸੇ ਵਿਚ ਹੁੰਦੇ ਹਨ ਜੋ ਐਨਜ਼ਾਇਮ ਬਣਾਉਂਦੇ ਹਨ। ਕੁਝ ਸਲੇਸਮਾ (ਮੂਕਸ) ਪੈਦਾ ਕਰਦੇ ਹਨ। ਮੁਕੋਜਾ ਮਿਹਦੇ ਦੀ ਅੰਦਰੂਨੀ ਪਰਤ ਦੀ ਰਾਖੀ ਕਰਦਾ ਹੈ। ਖਾਣੇ ’ਚ ਅਸੀਂ ਤਰ੍ਹਾਂ-ਤਰ੍ਹਾਂ ਦੇ ਸੁਆਦ ਅਤੇ ਗੁਣ ਵਾਲੇ ਪਦਾਰਥ ਖਾਂਦੇ ਹਾਂ। ਹੋ ਸਕਦਾ ਹੈ ਕਿ ਖਾਣਾ ਮਜ਼ੇਦਾਰ ਲੱਗੇ ਪਰ ਪੇਟ ’ਚ ਪਹੁੰਚ ਕੇ ਨੁਕਸਾਨ ਕਰਨ ਵਾਲਾ ਹੋਵੇ।
ਤੇਜ਼ਾਬ ਦਾ ਕੰਮ
ਤੇਜ਼ਾਬ ਦੀ ਹਾਜ਼ਰੀ ਵਿੱਚ ਪ੍ਰੋਟੀਨ ਹਜ਼ਮ ਹੁੰਦੀ ਹੈ ਤੇ ਐਨਜ਼ਾਇਮ ਸਰਗਰਮ ਹੁੰਦੇ ਹਨ। ਮਿਹਦੇ ’ਚ ਤੇਜ਼ਾਬ ਬਣਦਾ ਰਹਿੰਦਾ ਹੈ। ਇਹ ਜ਼ਰੂਰੀ ਹੈ ਕਿ ਇਹ ਲੋੜ ਮੌਕੇ ਅਤੇ ਸਹੀ ਮਾਤਰਾ ’ਚ ਹੀ ਬਣੇ। ਵੈਸੇ ਵੀ ਖਾਣਾ ਪਹੁੰਚਣ ਪਿੱਛੋਂ ਤਿੰਨ ਚਾਰ ਘੰਟੇ ’ਚ ਅੱਗੇ ਵਧ ਜਾਂਦਾ ਹੈ ਤੇ ਮਿਹਦਾ ਫਿਰ ਖਾਲੀ ਹੋ ਜਾਂਦਾ ਹੈ। ਜੇ ਖਾਲੀ ਮਿਹਦੇ ’ਚ ਵੀ ਤੇਜ਼ਾਬ ਬਣਦਾ ਰਹੇਗਾ ਤਾਂ ਮੁਕੋਜਾ ਦੀ ਝਿੱਲੀ ਨੂੰ ਜਿਸ ਨੂੰ ਮੂਕਸ ਮੈਂਬਰੇਨ ਕਿਹਾ ਜਾਂਦਾ ਹੈ, ਨੂੰ ਹਰਜਾ ਪਹੁੰਚੇਗਾ, ਉਸ ’ਤੇ ਸੋਜ ਆ ਜਾਵੇਗੀ ਅਤੇ ਲੰਮੇ ਸਮੇਂ ਤੱਕ ਅਜਿਹੀ ਹਾਲਤ ਰਹਿਣ ਨਾਲ ਛਾਲਾ, ਭਾਵ, ਅਲਸਰ ਪੈਦਾ ਹੋ ਜਾਦਾ ਹੈ ਜਿਸ ਨੂੰ ਗੈਸਟ੍ਰਿਕ ਅਲਸਰ ਕਹਿੰਦੇ ਹਨ। ਦੂਜਾ ਛਾਲਾ ਜਾਂ ਜ਼ਖ਼ਮ ਡਿਊਡੀਨਲ ਅਲਸਰ ਹੁੰਦਾ ਹੈ। ਗ੍ਰਹਿਣੀ (ਡਿਊਡਿਨਮ) ਮਿਹਦੇ ਨਾਲ ਜੁੜਿਆ ਹੁੰਦਾ ਹੈ। ਇਸ ਦੇ ਚਾਰ ਹਿੱਸੇ ਹੁੰਦੇ ਹਨ। ਪਹਿਲੇ ਤੇ ਦੂਜੇ ਹਿੱਸੇ ਜੋ ਮਿਹਦੇ ਦੇ ਨੇੜੇ ਹੁੰਦੇ ਹਨ, ਵਿੱਚ ਤੇਜ਼ਾਬ ਜਾਣਾ ਨਹੀਂ ਚਾਹੀਦਾ ਪਰ ਜਦ ਜ਼ਿਆਦਾ ਤੇਜ਼ਾਬ ਬਣਨ ਲਗਦਾ ਹੈ ਅਤੇ ਖਾਣੇ ਨਾਲ ਮਿਲ ਕੇ ਡਿਊਡਿਨਮ ’ਚ ਪਹੁੰਚਣ ਲੱਗਦਾ ਹੈ। ਇਹ ਸਥਿਤੀ ਡਿਊਡਿਨਮ ਦੇ ਅਨਕੂਲ ਨਹੀਂ ਹੁੰਦੀ ਕਿਉਂਕਿ ਮੁਕੋਜਾ ਝਿੱਲੀ ਪਤਲੀ ਹੁੰਦੀ ਹੈ ਤੇ ਤੇਜ਼ਾਬ ਨਾਲ ਉਸ ਨੂੰ ਹਰਜਾ ਪਹੁੰਚਦਾ ਹੈ। ਡਿਊਡਿਨਮ ਕਿਸਮ ਦੇ ਅਲਸਰ ਨੂੰ ਪੈਪਟਿਕ ਅਲਸਰ ਕਿਹਾ ਜਾਂਦਾ ਹੈ।
ਗੈਸਟ੍ਰਿਕ ਅਲਸਰ ਦੇ ਕਾਰਨ
ਅਲਸਰ ਗੈਸਟ੍ਰਿਕ ਹੋਵੇ ਜਾਂ ਡਿਊਡਿਨਲ, ਇਸ ਦੇ ਪੈਦਾ ਹੋਣ ’ਚ ਮੁੱਖ ਕਾਰਨ ਤੇਜ਼ਾਬ ਹੀ ਹੁੰਦਾ ਹੈ। ਕੁਦਰਤ ਨੇ ਮਿਹਦੇ ਦੀ ਰਚਨਾ ਇੰਨੀ ਸੁਰੱਖਿਅਤ ਢੰਗ ਦੀ ਬਣਾਈ ਹੈ ਕਿ ਥੋੜ੍ਹੀ ਬਹੁਤੀ ਜਲਣ ਦਾ ਤਾਂ ਅਸਰ ਹੀ ਨਹੀਂ ਹੁੰਦਾ, ਫਿਰ ਵੀ ਗਲਤ ਖਾਣ-ਪੀਣ ਜਿਵੇਂ ਮਾਸ, ਤੇਜ਼ ਮਿਰਚ ਮਸਾਲੇ, ਤਲਿਆ ਪਦਾਰਥ, ਤੰਬਾਕੂਨੋਸ਼ੀ, ਸ਼ਰਾਬ ਆਦਿ ਕਰ ਕੇ ਜਾਂ ਦਵਾਈਆਂ ਦੀ ਵੱਧ ਵਰਤੋਂ ਕਰ ਕੇ ਜਿਵੇਂ ਦਰਦਿਨਵਾਰਕ ਗੋਲੀਆਂ, ਨਾਲ ਅਲਸਰ ਪੈਦਾ ਹੋ ਜਾਂਦਾ ਹੈ। ਇੱਕ ਹੱਦ ਤੱਕ ਤਾਂ ਸਭ ਕੁਝ ਚੱਲਦਾ ਰਹਿੰਦਾ ਹੈ, ਸਰੀਰ ਦੀ ਕੁਦਰਤੀ ਪ੍ਰਣਾਲੀ ਇਸ ਨੂੰ ਸਹਿਣ ਕਰਦੀ ਰਹਿੰਦੀ ਹੈ ਜਦੋਂ ਮਿਹਦੇ ਤੇ ਡਿਊਡਿਨਮ ਦੀ ਝਿੱਲੀ ’ਤੇ ਅਸਰ ਪੈਂਦਾ ਰਹੇਗਾ ਤਾਂ ਉਹਦੀ ਸੁਭਾਵਿਕ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਲੱਗਦੀ ਹੈ। ਕੁਝ ਖੁਰਾਕੀ ਪਦਾਰਥ ਜਿਵੇਂ ਸੰਤਰਾ, ਅਮਰੂਦ, ਅੰਬ ਚੂਰ ਦੀ ਚਟਨੀ, ਖਟਿਆਈ, ਆਚਾਰ, ਖੱਟੀ ਚਟਣੀ ਆਦਿ ਤੇਜ਼ਾਬ ਵਧਾਉਂਦੇ ਹਨ। ਇਸ ਲਈ ਅਜਿਹੇ ਪਦਾਰਥ ਸੀਮਤ ਮਾਤਰਾ ’ਚ ਹੀ ਖਾਣੇ ਚਾਹੀਦੇ ਹਨ ਤੇ ਜਿ਼ਆਦਾ ਲੰਮਾ ਸਮਾਂ ਵੀ ਨਹੀਂ ਖਾਣੇ ਚਾਹੀਦੇ। ਕੱਚਾ ਟਮਾਟਰ, ਮੂਲੀ, ਪਿਆਜ਼ ਵੀ ਵੱਧ ਮਾਤਰਾ ਵਿੱਚ ਨਹੀਂ ਖਾਣਾ ਚਾਹੀਦਾ।
ਇਸ ਮਾਮਲੇ ਵਿੱਚ ਸਭ ਤੋਂ ਅੱਛੀ ਮੂੰਗੀ ਦੀ ਦਾਲ ਹੁੰਦੀ ਹੈ, ਇਸ ਵਿੱਚ ਖਾਰਾ (ਅਲਕਲੀ) ਦੀ ਮਾਤਰਾ ਵੱਧ ਹੁੰਦੀ ਹੈ। ਇਹ ਮਿਹਦੇ ’ਚ ਵਧਣ ਵਾਲੇ ਤੇਜ਼ਾਬ ਨੂੰ ਵਾਰ-ਵਾਰ ਘਟਾ ਕੇ ਸਹੀ ਕਰਦੀ ਰਹਿੰਦੀ ਹੈ। ਇੱਕ ਗੱਲ ਹੋਰ, ਮਾਸਾਹਾਰੀ ਭੋਜਨ ਭੁੰਨਣ ਨਾਲ ਵੱਧ ਤੇਜ਼ਾਬ ਵਾਲਾ ਹੋ ਜਾਂਦਾ ਹੈ। ਸਾਕਾਹਾਰੀ ਪਦਾਰਥ ਜਿ਼ਆਦਾਤਰ ਉਬਾਲ ਕੇ ਬਣਾਉਣੇ ਚਾਹੀਦੇ ਹਨ।
ਡਿਊਡਿਨਲ ਅਲਸਰ ਦੇ ਕਾਰਨ
ਇਹ ਅਲਸਰ ਵੀ ਉਨ੍ਹਾਂ ਕਾਰਨਾਂ ਕਰ ਕੇ ਹੁੰਦਾ ਹੈ ਜਿਸ ਕਰ ਕੇ ਮਿਹਦੇ ’ਚ ਅਲਸਰ ਹੁੰਦਾ ਹੈ। ਦੋਨਾਂ ਦੀ ਹਾਲਤ ਅਤੇ ਲੱਛਣ ’ਚ ਫਰਕ ਹੁੰਦਾ ਹੈ। ਇਹ ਵੱਧ ਤਲਿਆ ਤੇ ਤੇਜ਼ ਮਸਾਲੇਦਾਰ ਭੋਜਨ ਖਾਣ ਅਤੇ ਸ਼ਰਾਬ ਪੀਣ ਨਾਲ ਹੁੰਦਾ ਹੈ। ਗਰੀਬਾਂ ਨੂੰ ਇਹ ਤਾਂ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਖਾਣ-ਪੀਣ ਨੀਵੇਂ ਪੱਧਰ ਦਾ ਹੁੰਦਾ ਹੈ। ਜਦੋਂ ਵੱਧ ਤੇਜ਼ਾਬ ਵਾਲਾ ਖਾਣਾ ਮਿਹਦੇ ’ਚੋਂ ਡਿਊਡਿਨਮ ’ਚ ਪਹੁੰਚਦਾ ਹੈ ਤਾਂ ਉੱਥੇ ਹੀ ਅਲਸਰ ਹੋ ਜਾਂਦਾ ਹੈ। ਇੱਥੋਂ ਦਾ ਅਲਸਰ ਬੜੀ ਮੁਸ਼ਕਿਲ ਨਾਲ ਠੀਕ ਹੁੰਦਾ ਹੈ ਕਿਉਂਕਿ ਖਾਣੇ ’ਚ ਮੌਜੂਦ ਤੇਜ਼ਾਬ ਅਲਸਰ ਦੀ ਛੇੜ-ਛਾੜ ਕਰਦਾ ਰਹਿੰਦਾ ਹੈ ਤੇ ਜ਼ਖ਼ਮ ਠੀਕ ਨਹੀਂ ਹੋਣ ਦਿੰਦਾ।
ਅਲਸਰ ਦੇ ਕਾਰਨ
ਗੈਸਟ੍ਰਿਕ ਅਲਸਰ ਦੇ ਰੋਗੀ ਨੂੰ ਖਾਣਾ ਖਾਂਦੇ ਸਮੇਂ ਹੀ ਦਰਦ ਹੁੰਦਾ ਹੈ ਪਰ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਂਦਾ ਹੈ, ਦੋ ਘੰਟੇ ਪਿੱਛੋਂ ਫਿਰ ਤਕਲੀਫ ਹੋਣ ਲਗਦੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਰੋਗੀ ਖਾਣਾ ਖਾਂਦਾ ਹੈ ਤਾਂ ਉਦੋਂ ਖਾਣਾ ਮਿਹਦੇ ’ਚ ਪਹੁੰਚਦਿਆਂ ਹੀ ਜ਼ਖ਼ਮ ਨਾਲ ਟਕਰਾਉਂਦਾ ਹੈ ਤੇ ਜੋ ਤੇਜ਼ਾਬ ਬਣਦਾ ਹੈ, ਉਹ ਕਸ਼ਟਦਾਇਕ ਹੁੰਦਾ ਹੈ ਪਰ ਜਦੋਂ ਖਾਣਾ ਪਚਣ ਲੱਗਦਾ ਹੈ, ਉਦੋਂ ਮਿਹਦੇ ਦਾ ਤੇਜ਼ਾਬ ਖਾਣੇ ਨਾਲ ਮਿਲ ਜਾਂਦਾ ਹੈ ਅਤੇ ਇਸ ਦੀ ਤੇਜ਼ੀ ਘਟ ਜਾਂਦੀ ਹੈ। ਥੋੜ੍ਹੀ ਦੇਰ ਪਿੱਛੋਂ ਜਦ ਖਾਣਾ ਅੱਗੇ ਵਧ ਜਾਂਦਾ ਹੈ ਤਾਂ ਫਿਰ ਦਰਦ ਹੋਣ ਲਗਦਾ ਹੈ। ਅਜਿਹੀ ਹਾਲਤ ’ਚ ਜੇ ਰੋਗੀ ਦੁੱਧ ਪੀ ਲੈਂਦਾ ਹੈ ਤਾਂ ਉਸ ਨੂੰ ਰਾਹਤ ਮਿਲਦੀ ਹੈ। ਹੌਲੀ-ਹੌਲੀ ਤਜਰਬੇ ’ਚੋਂ ਰੋਗੀ ਸਮਝ ਜਾਂਦਾ ਹੈ ਕਿ ਕਿਸ ਪਦਾਰਥ ਨਾਲ ਦਰਦ ਹੁੰਦਾ ਹੈ, ਕਿਸ ਪਦਾਰਥ ਨਾਲ ਰਾਹਤ ਮਿਲਦੀ ਹੈ। ਖਾਣਾ ਖਾਣ ਨਾਲ ਰੋਗੀ ਨੂੰ ਰਾਹਤ ਮਿਲਦੀ ਹੈ, ਉਹ ਥੋੜ੍ਹੀ-ਥੋੜ੍ਹੀ ਦੇਰ ਪਿੱਛੋਂ ਕੁਝ ਨਾ ਕੁਝ ਖਾਂਦਾ ਰਹਿੰਦਾ ਹੈ। ਇਸ ਕਰ ਕੇ ਮਿਹਦੇ ਦੇ ਅਲਸਰ ਵਾਲਾ ਰੋਗੀ ਮੋਟਾ ਹੋ ਜਾਂਦਾ ਹੈ।
ਡਿਊਡਿਨਮ ਅਲਸਰ ਦਾ ਰੋਗੀ ਖਾਣਾ ਖਾਣ ਤੋਂ ਡਰਦਾ ਹੈ ਕਿਉਂਕਿ ਖਾਣਾ ਖਾਂਦਿਆਂ ਹੀ ਦਰਦ ਸ਼ੁਰੂ ਹੋ ਜਾਂਦਾ ਤੇ ਉਦੋਂ ਤੱਕ ਬੰਦ ਨਹੀਂ ਹੁੰਦਾ ਜਦ ਤੱਕ ਖਾਣਾ ਪੂਰੀ ਤਰ੍ਹਾਂ ਪਚ ਕੇ ਮਿਹਦੇ ਤੋਂ ਅੱਗੇ ਨਹੀਂ ਨਿਕਲ ਜਾਂਦਾ। ਇਸ ਲਈ ਰੋਗੀ ਭੁੱਖਾ ਰਹਿਣਾ ਪਸੰਦ ਕਰਦਾ ਹੈ ਜਾਂ ਦੁੱਧ ਪੀ ਕੇ ਕੰਮ ਚਲਾਉਂਦਾ ਹੈ। ਅਜਿਹੇ ਰੋਗੀ ਥੋੜ੍ਹਾ ਖਾਂਦੇ ਹਨ, ਇਸ ਲਈ ਡਿਊਡਿਨਲ ਅਲਸਰ ਰੋਗੀ ਦਾ ਸਰੀਰ ਦੁਬਲਾ ਪਤਲਾ ਹੁੰਦਾ ਹੈ।
ਅਲਸਰ ਤੋਂ ਬਚਾਅ
ਮਾਸ, ਸ਼ਰਾਬ, ਤੰਬਾਕੂ ਦੀ ਵਰਤੋਂ ਤਿਆਗ ਕੇ ਸਿਰਫ ਸਲਾਦ, ਹਰੀਆਂ ਸਬਜ਼ੀਆਂ ਤੇ ਫਲ ਹੀ ਖਾਓ। ਦੁੱਧ, ਦਹੀਂ, ਘਿਓ ਥੋੜ੍ਹੀ ਮਾਤਰਾ ਵਿੱਚ ਹੀ ਵਰਤੋਂ। ਖੁਰਾਕੀ ਪਦਾਰਥ ਭੁੰਨ ਕੇ ਖਾਣ ਦੀ ਬਜਾਏ ਉਬਾਲ ਕੇ ਖਾਓ, ਮਿਰਚ ਮਸਾਲੇਦਾਰ, ਚਟਪਟੇ ਤੇ ਖੱਟੇ ਮਿਸ਼ਰਨਾਂ ਦੀ ਵਰਤੋਂ ਬੇਹੱਦ ਘੱਟ ਮਾਤਰਾ ’ਚ ਤੇ ਅਣਸਰਦਿਆਂ ਹੀ ਕਰੋ। ਦੁੱਧ ਨਾਲ ਬਣੇ ਪਦਾਰਥਾਂ ’ਚ ਖਾਰਾ (ਅਲਕਲੀ) ਹੁੰਦਾ ਹੈ। ਇਸ ਲਈ ਤਾਜ਼ਾ ਮਿੱਠਾ ਦਹੀਂ, ਤਾਜ਼ਾ ਮਿੱਠਾ ਪਨੀਰ, ਘਿਓ ਆਦਿ ਵਰਤਣ ਨਾਲ ਤੇਜ਼ਾਬ ਦੀ ਮਾਤਰਾ ਆਮ ਹੁੰਦੀ ਰਹਿੰਦੀ ਹੈ। ਕੇਲਾ, ਪਪੀਤਾ, ਚੀਕੂ, ਪੱਕਾ ਆਨਾਰ ਆਦਿ ਖਾਓ। ਵੱਧ ਸਾਦਾ ਤੇ ਤਾਜ਼ਾ ਭੋਜਨ ਖੂਬ ਚਬਾ ਕੇ ਖਾਣਾ ਚਾਹੀਦਾ ਹੈ।
ਜਾਂਚ ਕਿਹੜੀ ਕਰਾਈਏ?
ਰੋਗ ਦੀ ਕਿਸਮ ਲੱਭਣ ਲਈ ਬੇਰੀਅਮ ਮਿਲਾ ਕੇ ਐਕਸਰੇ ਲਿਆ ਜਾਂਦਾ ਹੈ ਪਰ ਅੱਜ ਕੱਲ੍ਹ ਗੈਸਰੋਸਕੋਪੀ ਰਾਹੀਂ ਰੋਗ ਦਾ ਪਤਾ ਲੱਗ ਜਾਂਦਾ ਹੈ। ਇਲਾਜ ਦੋ ਕਿਸਮ ਦਾ ਹੈ। ਪਹਿਲਾਂ ਦਵਾਈਆਂ ਨਾਲ, ਦੂਜਾ ਅਪਰੇਸ਼ਨ। ਦਵਾਈਆਂ ਪੱਕਾ ਹੱਲ ਨਹੀਂ। ਕਦੇ-ਕਦੇ ਅਸਰ ਗੁੰਝਲਦਾਰ ਹੋ ਜਾਂਦਾ ਹੈ ਤੇ ਅਲਸਰ ਫੁੱਟਣ ਨਾਲ ਤੇਜ਼ਾਬ ਪੈਰੀਟੋਨੀਅਮ ’ਚ ਜਾ ਕੇ ਪੈਰੀਟੋਨਾਈਟਸ ਪੈਦਾ ਕਰਦਾ ਹੈ। ਇਸ ਨਾਲ ਜਾਨ ਨੂੰ ਖਤਰਾ ਖੜ੍ਹਾ ਹੋ ਜਾਂਦਾ ਹੈ। ਕਦੇ-ਕਦੇ ਖੂਨ ਨਿਕਲ ਕੇ ਉਲਟੀ ਰਾਹੀਂ ਬਾਹਰ ਆਉਣ ਲੱਗਦਾ ਹੈ। ਉਦੋਂ ਤੁਰੰਤ ਅਪਰੇਸ਼ਨ ਕਰਾਉਣਾ ਪੈਂਦਾ ਹੈ ਤੇ ਇੰਡੋਸਕੋਪੀ ਰਾਹੀਂ ਕਾਟਰੀ ਕਰ ਕੇ ਖੂਨ ਦੀ ਲੀਕੇਜ ਵਾਲੀ ਨਾਲੀ ਨੂੰ ਬੰਦ ਕੀਤਾ ਜਾਂਦਾ ਹੈ।
ਸੰਪਰਕ: 98156-29301