ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਮਈ
ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਇਲਾਕੇ ਦੇ ਪਿੰਡਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਪ੍ਰਦਰਸ਼ਨ ਕੀਤੇ। ਮਜ਼ਦੂਰ ਆਗੂਆਂ ਨੇ ਕਿਹਾ ਕਿ ਬਦਲਾਅ ਦੇ ਨਾਂ 'ਤੇ ਬਣੀ ਸਰਕਾਰ ਵਿੱਚ ਜੇਕਰ ਕੁਝ ਬਦਲਾਅ ਹੋਇਆ ਹੈ ਤਾਂ ਉਹ ਮੁੱਖ ਮੰਤਰੀ ਦੇ ਚਰਿੱਤਰ ਵਿੱਚ ਨਜ਼ਰ ਆਉਂਦਾ ਹੈ। ਸਮੇਂ ਸਮੇਂ ਉੱਪਰ 'ਮੱਘਦਾ ਸੂਰਜ' ਗਾਉਣ ਵਾਲਾ ਭਗਵੰਤ ਮਾਨ ਹੁਣ ਪਤਾ ਨਹੀਂ ਕਿਉਂ ਕੰਮੀਆਂ ਦੇ ਵਿਹੜੇ ਵਿੱਚ 'ਬੋਦੀ ਵਾਲਾ ਤਾਰ' ਬਣ ਕੇ ਚੜ੍ਹਿਆ ਹੈ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਮਾਣੂੰਕੇ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਇਸ ਮੁੱਖ ਮੰਤਰੀ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਲੇ ਸਿਰਫ ਲਾਰੇ ਹੀ ਪਾਏ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਵਿਚਾਲੇ ਛੱਡ ਕੇ ਭੱਜਣ ਵਾਲੇ ਮੁੱਖ ਮੰਤਰੀ ਮਜ਼ਦੂਰ ਜਥੇਬੰਦੀਆਂ ਨੂੰ ਤਿੰਨ ਸਾਲਾਂ ਤੋਂ ਸਮਾਂ ਹੀ ਨਹੀਂ ਦੇ ਰਹੇ। ਉਨ੍ਹਾਂ ਪੁੱਛਿਆ ਕਿ ਮੁੱਖ ਮੰਤਰੀ ਨੂੰ ਕੀ ਮਜ਼ਦੂਰਾਂ ਦੇ ਪਿੰਡੇ ਵਿੱਚੋਂ ਬਦਬੂ ਆਉਂਦੀ ਹੈ ਜਾਂ ਉਹ ਇਨ੍ਹਾਂ ਨੂੰ ਨਾਲ ਬੈਠਣ ਦੇ ਯੋਗ ਨਹੀਂ ਸਮਝਦੇ। ਇਸੇ ਲਈ ਤਾਂ ਨੌਂ ਵਾਰ ਮੀਟਿੰਗਾਂ ਦਾ ਸਮਾਂ ਤਹਿ ਕਰਕੇ ਗਰੀਬ ਦਲਿਤ ਭਾਈਚਾਰੇ ਦੀ ਨੁੰਮਾਇੰਦਗੀ ਕਰਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ। ਮੁੱਖ ਮੰਤਰੀ ਦਾ ਰਵੱਈਆ ਸਿੱਧ ਕਰਦਾ ਹੈ ਕਿ ਮੌਜੂਦਾ ਸਰਕਾਰ ਮਜ਼ਦੂਰ ਅਤੇ ਦਲਿਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤਹਿਤ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਲਾਵਾਰਿਸ ਜ਼ਮੀਨ ’ਤੇ ਹੱਕ ਜਤਾਈ ਕਰਨ, ਦਲਿਤ ਮਜ਼ਦੂਰ ਔਰਤਾਂ ਮਰਦਾਂ ਦੀ ਜੇਲ੍ਹਾਂ ਵਿੱਚੋਂ ਰਿਹਾਈ ਅਤੇ ਪੰਜਾਬ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ 2 ਜੂਨ ਨੂੰ ਜਗਰਾਉਂ ਵਿੱਚ ਸੂਬਾ ਪੱਧਰੀ ਇਕੱਤਰਤਾ ਹੋਵੇਗੀ। ਇਸੇ ਦੀ ਤਿਆਰੀ ਵਜੋਂ ਅੱਜ ਇਲਾਕੇ ਦੇ ਪਿੰਡਾਂ ਡਾਗੀਆਂ, ਕਾਉਂਕੇ ਕਲਾਂ, ਅਤੇ ਅਗਵਾੜ ਗੁੱਜਰਾਂ ਆਦਿ ਦੇ ਮਜ਼ਦੂਰਾਂ ਨਾਲ ਸੰਪਰਕ ਕਰਕੇ ਲਾਮਬੰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨਕਲਾਬ ਦਾ ਨਾਅਰਾ ਮਾਰਨ ਵਾਲੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਹੀ ਕਾਰਪੋਰੇਟ ਘਰਾਣਿਆਂ ਦੀ ਗੋਦੀ ਵਿੱਚ ਬੈਠ ਗਈ ਹੈ। ਇਸ ਤਹਿਤ ਪੰਜਾਬ ਅੰਦਰ ਲੈਂਡ ਪੂਲਿੰਗ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਾਰਪੋਰੇਟਪੱਖੀ ਝਾੜੂ ਹਕੂਮਤ ਸਵਿੰਧਾਨ ਮੁਤਾਬਿਕ ਬੇਮਾਲਕ ਤੇ ਬੇਨਾਮੀ ਜ਼ਮੀਨਾਂ, ਬੇਜ਼ਮੀਨੇ ਗਰੀਬ ਭਾਈਚਾਰੇ ਅਤੇ ਥੁੜ ਜ਼ਮੀਨੇ ਕਿਸਾਨਾਂ ਨੂੰ ਤਕਸੀਮ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਸਵਿੰਧਾਨ ਦੀਆਂ ਧੱਜੀਆਂ ਉਡਾ ਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ। ਇਸ ਮੌਕੇ ਬਲਬੀਰ ਸਿੰਘ, ਕਰਨੈਲ ਸਿੰਘ, ਪਰਮਜੀਤ ਸਿੰਘ, ਦੀਵਾਨ ਸਿੰਘ, ਬਖਤੌਰ ਸਿੰਘ ਤੇ ਹੋਰ ਹਾਜ਼ਰ ਸਨ।