ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਘਰ ਛਾਪਾਮਾਰੀ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਮਈ
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਮਦਨ ਸਿੰਘ ਤੇ ਜਸਵਿੰਦਰ ਭਮਾਲ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀ ਛਾਪਾਮਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਉਕਤ ਆਗੂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੀੜ ਐਸਵਾਨ ਵਿੱਚ ਭਲਕੇ 20 ਮਈ ਨੂੰ 927 ਏਕੜ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡ ਕੇ ਬੇਗਮਪੁਰਾ ਵਸਾਉਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ।
ਪੁਲੀਸ ਨੇ ਅੱਜ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਰਿਹਾਇਸ਼ ’ਤੇ ਵੀ ਛਾਪੇਮਾਰੀ ਕੀਤੀ ਪਰ ਉਹ ਪੁਲੀਸ ਦੇ ਹੱਥ ਨਹੀਂ ਆਏ। ਮਜ਼ਦੂਰ ਜਥੇਬੰਦੀ ਨੇ ਛਾਪੇਮਾਰੀ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰ ਤੇ ਪੁਲੀਸ ਨੂੰ ਤਾੜਨਾ ਕੀਤੀ ਹੈ। ਸਕੱਤਰ ਸੁਖਦੇਵ ਮਾਣੂੰਕੇ ਨੇ ਦੱਸਿਆ ਕਿ ਬਿੱਕਰ ਸਿੰਘ, ਮੁਕੇਸ਼ ਮਲੌਦ, ਧਰਮਵੀਰ, ਗੁਰਬਿੰਦਰ ਸਿੰਘ, ਗੁਰਮੁਖ ਸਿੰਘ ਮਾਨ ਸਣੇ ਹੋਰ ਆਗੂਆਂ ਦੇ ਘਰਾਂ ਵਿੱਚ ਵੀ ਛਾਪਾਮਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ ਗਰੀਬ ਭਾਈਚਾਰੇ ਨੂੰ ਵੰਡਣ ਦੇ ਉਠਾਏ ਮੰਗਾਂ ਮਸਲਿਆਂ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਗੌਰ ਕਰਕੇ ਪ੍ਰਵਾਨ ਚਾੜ੍ਹਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਆਵਾਜ਼ ਉਠਾਈ ਗਈ ਹੈ ਪਰ ਪੰਜਾਬ ਦੀ ਸਰਕਾਰ ਗੱਲ ਸੁਣਨ ਤੇ ਮੰਨਣ ਦੀ ਥਾਂ ਪਹਿਲੀਆਂ ਸਰਕਾਰਾਂ ਵਾਂਗ ਗ੍ਰਿਫ਼ਤਾਰੀਆਂ ਦੇ ਰਾਹ ਪੈ ਗਈ ਹੈ।