ਪੇਂਡੂ ਮਜ਼ਦੂਰਾਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਮਈ
ਪੇਂਡੂ ਮਜ਼ਦੂਰ ਯੂਨੀਅਨ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ। ਇਹ ਰੋਸ ਪ੍ਰਗਟਾਵਾ ਜੇਲ੍ਹਾਂ ਵਿੱਚ ਡੱਕੇ ਮਜ਼ਦੂਰ ਸਾਥੀਆਂ ਦੀ ਰਿਹਾਈ ਲਈ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਜੀਂਦ ਰਿਆਸਤ ਦੇ ਰਾਜੇ ਦੀ ਬੀੜ ਐਸ਼ਵਾਨ 927 ਏਕੜ ਜ਼ਮੀਨ ਵਿੱਚ ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ 20 ਮਈ ਨੂੰ ਭਗਵੰਤ ਮਾਨ ਹਕੂਮਤ ਵੱਲੋਂ ਪੰਜਾਬ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕ ਦਿੱਤਾ ਗਿਆ। ਪੁਲੀਸ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ। ਇਸ ਵਧੀਕੀ ਦੇ ਵਿਰੋਧ ਵਿੱਚ ਹੀ ਇੱਥੇ ਪਿੰਡ ਰਸੂਲਪੁਰ, ਮੱਲ੍ਹਾ ਅਤੇ ਮਾਣੂੰਕੇ ਵਿੱਚ ਮੁੱਖ ਮੰਤਰੀ ਦੇ ਪੁਤਲੇ ਫੂਕ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ’ਤੇ ਬੇਗ਼ਮਪੁਰਾ ਵਸਾ ਕੇ ਜ਼ਮੀਨ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਕਰਨ ਵਾਲਿਆਂ ਨੂੰ ਕੁੱਟ ਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰ ਖੇਤੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਪਰ ਉਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ। ਇਸ ਮੌਕੇ ਨਿਰਮਲ ਸਿੰਘ ਨਿੰਮਾ, ਦਰਸ਼ਨ ਸਿੰਘ, ਭਾਗ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਨਿਰਭੈ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।