ਪੇਂਡੂ ਮਜ਼ਦੂਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਕਰਤਾਰਪੁਰ, 21 ਮਈ
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਰਤਾਰਪੁਰ ਨੇੜਲੇ ਪਿੰਡ ਘੁੱਗਸ਼ੋਰ, ਬਖੂ ਨੰਗਲ, ਕਾਲਾ ਖੇੜਾ ਅਤੇ ਧੀਰਪੁਰ ਵਿੱਚ ਮੁੱਖ ਮੰਤਰੀ ਦੇ ਪੁਤਲੇ ਫੂਕੇ। ਉਨ੍ਹਾਂ ਮੰਗ ਕੀਤੀ ਕਿ ਸੰਗਰੂਰ ਦੀ ਬੀੜ ਐਸ਼ਵਾਨ ਵਿੱਚ 927 ਏਕੜ ਜ਼ਮੀਨ ਵਿੱਚ ਬੇਗਮਪੁਰਾ ਵਸਾਉਣ ਤੋਂ ਰੋਕਣ ਲਈ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੋਗਸ਼ੋਰ ਅਤੇ ਤਹਿਸੀਲ ਪ੍ਰਧਾਨ ਕੇ ਐਸ ਅਟਵਾਲ ਨੇ ਕਿਹਾ ਕਿ ਸੂਬਾ ਸਰਕਾਰ ਬੇਜ਼ਮੀਨੇ ਤੇ ਮਜ਼ਦੂਰ ਵਿਰੋਧੀ ਹੋਣ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨਿਤਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰ ਖੇਤੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਪਰ ਦੇਸ਼ ਆਜ਼ਾਦ ਹੋਣ ਦੇ ਸੱਤ ਦਹਾਕੇ ਬੀਤ ਜਾਣ ਉਪਰੰਤ ਵੀ ਮਜ਼ਦੂਰਾਂ ਕੋਲ ਰਹਿਣ ਲਈ ਘਰ ਅਤੇ ਵਾਹੀਯੋਗ ਜ਼ਮੀਨ ਨਹੀਂ ਹੈ। ਇਸ ਕਾਰਨ ਸਮਾਜ ਵਿੱਚ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਮਜ਼ਦੂਰਾਂ ਦੀ ਅਣਦੇਖੀ ਕਾਰਨ ਸਮਾਜ ਵਿੱਚ ਜਬਰ ਅਤੇ ਕਰਜ਼ੇ ਹੇਠ ਦਬ ਰਹੇ ਹਨ।
ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਨੂੰ ਵੰਡੀਆਂ ਜਾਣ ਅਤੇ ਰਿਹਾਇਸ਼ੀ ਪਲਾਟਾਂ ਤੋਂ ਇਲਾਵਾ ਮਕਾਨ ਉਸਾਰੀ ਲਈ ਗਰਾਂਟ ਦਿੱਤੀ ਜਾਵੇ।