ਪੂੰਨੀਆਂ ਦੇ ਸਰਪੰਚ ਤੇ ਸਾਬਕਾ ਸਰਪੰਚ ਖ਼ਿਲਾਫ਼ ਦਰੱਖ਼ਤ ਵੱਢਣ ਦਾ ਕੇਸ ਦਰਜ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਜੂਨ
ਬਲਾਕ ਅਧੀਨ ਪੈਂਦੇ ਪਿੰਡ ਪੂੰਨੀਆਂ ਦੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਅਤੇ ਸਾਬਕਾ ਸਰਪੰਚ ਬਹਾਦਰ ਸਿੰਘ ਖਿਲਾਫ਼ ਪਿੰਡ ਦੀ ਫਿਰਨੀ ’ਤੇ ਖੜ੍ਹੇ ਦਰੱਖ਼ਤ ਵੱਢਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਵਿਚ ਚੱਲਦੀ ਗੁੱਟਬੰਦੀ ਕਾਰਨ ਹੁਣ ਦੂਜੀ ਧਿਰ ਦੇ 3 ਪੰਚਾਇਤ ਮੈਂਬਰਾਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਸਰਪੰਚ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਅੱਜ ਮਾਛੀਵਾੜਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਪੂੰਨੀਆਂ ਦੇ ਪੰਚਾਇਤ ਮੈਂਬਰ ਬਲਬੀਰ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ 4 ਪੰਚਾਇਤ ਮੈਂਬਰਾਂ ਵਲੋਂ ਸਰਪੰਚ ਖਿਲਾਫ਼ ਪੰਚਾਇਤ ਵਿਭਾਗ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਸ ਨੇ ਆਂਗਨਵਾੜੀ ਸੈਂਟਰ ਦੀ ਕੰਧ ਨਾਲ ਲੱਗੇ ਦਰੱਖਤ ਕਟਵਾ ਕੇ ਖੁਰਦ ਬੁਰਦ ਕਰ ਦਿੱਤੇ ਹਨ। ਪੰਚਾਇਤ ਵਿਭਾਗ ਵਲੋਂ ਜਾਂਚ ਉਪਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਫਿਰਨੀ ’ਤੇ ਲੱਗੇ ਦਰੱਖਤ ਕੱਟ ਕੇ ਖੁਰਦ ਬੁਰਦ ਕਰਨ ਦੇ ਕਥਿਤ ਦੋਸ਼ ਹੇਠ ਪੂੰਨੀਆਂ ਦੇ ਸਰਪੰਚ ਬਲਜਿੰਦਰ ਸਿੰਘ ਤੇ ਸਾਬਕਾ ਸਰਪੰਚ ਬਹਾਦਰ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤਿੰਨਾਂ ਪੰਚਾਇਤ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਉਨ੍ਹਾਂ ਵਲੋਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ ਸਰਪੰਚ ’ਤੇ ਦਰੱਖਤ ਵੱਢ ਕੇ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਇਸ ਕਰਕੇ ਹੁਣ ਇਸ ਨੂੰ ਆਪਣੇ ਅਹੁਦੇ ’ਤੇ ਰਹਿਣ ਦਾ ਹੱਕ ਨਹੀਂ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਪੰਚ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।
ਸਰਪੰਚ ਨੇ ਦੋਸ਼ ਨਕਾਰੇ
ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਜੋ ਉਸ ਉੱਪਰ ਦਰੱਖ਼ਤ ਵੱਢਣ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੰਚਾਇਤ ਵਿਭਾਗ ਕੋਲ ਆਪਣੇ ਬਿਆਨ ਵੀ ਦਰਜ ਕਰਵਾਏ ਸਨ ਕਿ ਉਸ ਨੇ ਕੋਈ ਦਰੱਖ਼ਤ ਨਹੀਂ ਵੱਢਿਆ ਬਲਕਿ ਵਿਰੋਧੀ ਧਿਰ ਉਸ ਨੂੰ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਉਸ ਉੱਪਰ ਮਾਮਲਾ ਦਰਜ ਹੋਇਆ ਹੈ ਉਹ ਵੀ ਝੂਠਾ ਹੈ ਜਿਸ ਸਬੰਧੀ ਉਹ ਪੁਲਸ ਉੱਚ ਅਧਿਕਾਰੀਆਂ ਕੋਲ ਇਨਸਾਫ਼ ਦੀ ਮੰਗ ਕਰਨਗੇ।
ਬਲਾਕ ਪੰਚਾਇਤ ਦਫ਼ਤਰ ਵੱਲੋਂ ਸਰਪੰਚ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼
ਮਾਛੀਵਾੜਾ ਬਲਾਕ ਪੰਚਾਇਤ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਰਾਹੀਂ ਸਿਫ਼ਾਰਸ਼ ਕੀਤੀ ਹੈ ਕਿ ਉਕਤ ਸਰਪੰਚ ਨੇ ਵਿਭਾਗ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਦਰੱਖ਼ਤ ਵੱਢ ਕੇ ਖੁਰਦ-ਬੁਰਦ ਕਰ ਦਿੱਤੇ ਹਨ ਜਿਸ ਸਬੰਧੀ ਮਾਮਲਾ ਵੀ ਦਰਜ ਹੋ ਚੁੱਕਾ ਹੈ। ਵਿਭਾਗ ਦੇ ਪੱਤਰ ਅਨੁਸਾਰ ਬਲਜਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਪੂੰਨੀਆਂ ਦਾ ਆਪਣੇ ਅਹੁਦੇ ’ਤੇ ਰਹਿਣਾ ਲੋਕਹਿੱਤ ਵਿਚ ਨਹੀਂ ਹੈ, ਇਸ ਲਈ ਇਸ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜਦੋਂ ਇਸ ਸਬੰਧੀ ਜ਼ਿਲਾ ਪੰਚਾਇਤ ਅਫ਼ਸਰ ਨਵਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹਿੱਤ ਹੈ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।Advertisement