ਪੁੰਜ ਕੁਰਬਾਨੀਆਂ ਦੇ...
... ਤੇ ਅਸੀਂ
ਰਾਬਿੰਦਰ ਸਿੰਘ ਰੱਬੀ
ਉਹ ਕੌਣ ਸਨ,
ਜੋ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ,
ਪੈਦਲ ਤੁਰਦੇ, ਨ੍ਹੇਰ ਸਵੇਰੇ।
ਅੱਖਾਂ ’ਚ ਸੁਪਨ ਸੰਜੋਏ,
ਥੱਕੇ ਟੁੱਟੇ, ਭੁੱਖੇ ਪਿਆਸੇ।
ਲੜਦੇ-ਭਿੜਦੇ।
ਉਹ ਕੌਣ ਸਨ,
ਜੋ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ,
ਉਨੀਂਦਰੇ, ਊਂਘਦੇ,
ਬੇਪਛਾਣ ਰਸਤਿਆਂ ਉੱਤੇ ਜਾਂਦਿਆਂ।
ਤੇ ਰਸਤੇ ਕੰਡਿਆਂ ਵਿੰਨ੍ਹੇ।
ਉਹ ਕੌਣ ਸਨ,
ਜੋ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ,
ਦੂਰ ਆਪਣਿਆਂ ਤੋਂ, ਵਿੱਚ ਉਦਰੇਵੇਂ।
ਵਡਿੱਕਿਆਂ ਤੋਂ ਪੁੱਛਣ ਸਵਾਲ।
ਚਾਹੁਣ ਜਵਾਬ। ਮਿਲਣਾ ਲੋਚਣ।
ਉਹ ਕੌਣ ਸਨ,
ਜੋ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ,
ਸਾਡੇ ਲਈ, ਤੁਹਾਡੇ ਲਈ, ਸਭਨਾਂ ਲਈ।
ਧਰਤ ਚੰਗੇਰੀ ਦੀ ਕਾਮਨਾ ਲਈ।
ਇੱਕ ਰਾਹੋਂ ਤੁਰ ਪਏ...
ਦੂਰ ਅਣਦਿਸਦੇ ਰਾਹਾਂ ਵੱਲ...
... ... ... ਤੇ ਅਸੀਂ?
ਸੰਪਰਕ: 89689-46129
* * *
ਮਿਹਰਬਾਨੀਆਂ
ਮਨਜੀਤ ਸਿੰਘ ਬੱਧਣ
ਪੋਹ ਮਹੀਨਾ ਸੀਤ ਆਇਆ, ਇੱਕ ਹੋਰ ਠੰਢੀ ਰਾਤ ਆਈ।
ਪਕੜ ਕੇ ਗਿਲਾਸ ਦੁੱਧ ਦੇ, ਮੈਂ ਦਾਦੀ ਮਾਂ ਦੇ ਕੋਲ ਆਈ।
‘‘ਦਾਦੀ ਮਾਂ! ਇਹ ਥੋੜ੍ਹਾ ਤੱਤਾ ਤੁਹਾਡਾ ਦੂਜਾ ਗਿਲਾਸ ਮੇਰਾ,
ਥੋੜ੍ਹੇ ਪਰ੍ਹਾਂ ਹੋ ਕੇ ਕਰ ਦੇਵੋ, ਇਸ ਪੋਤੀ ਵੱਲ ਵੀ ਰਜਾਈ।’’
ਬੰਦ ਅੱਖਾਂ, ਬੁੱਲ ਫੜਕਦੇ, ਖਿਸਕ ਗਏ ਉਹ ਇੱਕ ਪਾਸੇ।
ਮੈਨੂੰ ਤੱਕਿਆ ਵੀ ਨਹੀਂ, ਹੋਵਣ ਜਿਵੇਂ ਬਿਮਾਰ ਉਹ ਖਾਸੇ|
ਮੈਨੂੰ ਵੇਖ ਕੇ ਖਿੜ-ਖਿੜ ਜਾਂਦੇ ਸੀ, ਹੋਏ ਨੇ ਖ਼ਾਮੋਸ਼ ਕਿਉਂ,
ਜਦ ਮੰਮੀ ਮੈਨੂੰ ਝਿੜਕਦੇ, ਇਹੋ ਤਾਂ ਦਿੰਦੇ ਨੇ ਦਿਲਾਸੇ।
ਜਾਣ-ਜਾਣ ਜਦ ਮੈਂ ਠਰੂੰ-ਠਰੂੰ ਕਰਾਂ, ਲੈ ਲੈਣ ਕਲਾਵੇ।
ਰੋਜ਼ ਵਧੀਆ ਗੱਲਾਂ ਸੁਣਾ ਕੇ, ਦਾਦੀ ਮਾਂ ਮੈਨੂੰ ਸੁਲਾਵੇ।
ਅੱਜ ਮੇਰਾ ਮੱਥਾ ਵੀ ਨਾ ਚੁੰਮਿਆ, ਹੋਈ ਇਹ ਗੱਲ ਕੀ,
ਐਸੀ ਕਿਹੜੀ ਯਾਦ ਜੋ ਪੋਤਰੀ ਨੂੰ ਦਾਦੀ ਪਈ ਭੁਲਾਵੇ।
ਮੈਂ ਥੋੜ੍ਹਾ ਜਿਹਾ ਝੰਜੋੜਿਆ ਤੇ ਦਾਦੀ ਮਾਂ ਹੌਲੇ-ਹੌਲੇ ਬੋਲੇ,
‘‘ਪੁੱਤ! ਤੱਕ ਰਹੀ ਸੀ ਸਾਹਿਬਜ਼ਾਦੇ ਜੋ ਸਿਦਕੋਂ ਨਾ ਡੋਲੇ।
ਮਾਤਾ ਗੁਜਰੀ ’ਤੇ ਜੋ ਗੁਜ਼ਰੀ, ਧੰਨ-ਧੰਨ ਦਸਮ ਪਾਤਸ਼ਾਹ,
ਦੋ ਜੰਗ ਵਿੱਚ ਦੋ ਨੀਹਾਂ ਵਿੱਚ ਹੋ ਗਏ ਲਾਲ ਅੱਖੋਂ ਓਹਲੇ।
ਜ਼ੁਲਮੀ ਜ਼ਾਲਮਾਂ ਨੇ ਇੱਕ ਹੋਰ ਕਹਿਰ ਸੀ ਵਰਸਾਇਆ।
ਗੋਬਿੰਦ ਰਾਏ ਦੇ ਸਿਰ ਤੋਂ ਚੁੱਕਿਆ ਸੀ ਪਿਓ ਦਾ ਸਾਇਆ।
ਤਿਲਕ-ਜੰਝੂ ਦੀ ਲਾਜ ਦਾ ਸਵਾਲ ਸੀ ਗੁਰੂ ਪਿਤਾ ਜੀ ਨੂੰ,
ਹਿੰਦ ਲਈ ਤੁਸਾਂ ਤੋਂ ਵੱਡਾ ਕੋਈ ਨਾ, ਮੁੱਖੋਂ ਫਰਮਾਇਆ।
ਆਪਣੀ ਮਮਤਾ ਤੇ ਸਿੱਖਿਆ ਵਿੱਚ ਮਾਤਾ ਪੁੱਤ ਨੂੰ ਪਾਲੇ।
ਸ਼ਾਸਤਰ, ਸ਼ਸਤਰ, ਭਗਤੀ, ਸਬਰ ਦੇ ਸਾਂਚੇ ਵਿੱਚ ਢਾਲੇ।
ਚੜ੍ਹਦੀ ਕਲਾ ਵਾਲੇ ਉਹ ਗੁਰੂ ਦੇ ਮਹਲ, ਮਾਂ ਤੇ ਦਾਦੀ,
ਠੰਢੇ ਬੁਰਜ ਵਿੱਚ ਪੋਤਿਆਂ ਦੇ ਨਾਲ ਹੋਈ ਵਜੀਰੇ ਹਵਾਲੇ।
ਕੀ ਸੁਣਾਵਾਂ ਕੀ ਛੱਡਾਂ, ਗੁਰਾਂ ਦੀਆਂ ਬਾਤਾਂ ਲਾਸਾਨੀਆਂ ਨੇ।
ਚੱਪਾ-ਚੱਪਾ ਧਰਤ ’ਤੇ, ਸਿੱਖਾਂ ਦੀਆਂ ਵੀ ਕੁਰਬਾਨੀਆਂ ਨੇ।
ਅੱਜ ਘਰਾਂ ਵਿੱਚ ਆਪਾਂ ਸੁਖੀ ਜੋ ਵਸਦੇ, ਨਿੱਘ ਮਾਣਦੇ ਹਾਂ,
ਸਾਡੇ ਲਈ ਹੋਏ ਸ਼ਹੀਦਾਂ ਦੀਆਂ ਧੀਏ! ਮਿਹਰਬਾਨੀਆਂ ਨੇ।’’
‘‘ਦਾਦੀ-ਮਾਂ! ਸਹੀ ਬੋਲ ਤੁਸਾਂ ਫ਼ਰਮਾਏ।
ਕੇਹੀਆਂ ਰਾਤਾਂ ਕੇਹੇ ਦਿਨ ਸੀ ਆਏ।
ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਆਏ।
ਮਾਤਾ ਨੇ ਲਾਲ ਦੇ ਲਾਲ ਸੀਨੇ ਲਾਏ।
ਅਡੋਲ ਰਹਿਣ ਦੇ ਐਸੇ ਪਾਠ ਪੜ੍ਹਾਏ।
ਬਿਨ ਘਬਰਾਏ ਲਾਲਾਂ ਧਰਮ ਨਿਭਾਏ।
‘ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ।’
ਖੜ੍ਹ ਨੀਹਾਂ ਵਿੱਚ ਵੀ ਜੈਕਾਰੇ ਗਜਾਏ।’’
* * *
ਧੰਨ ਮਾਤਾ ਗੁਜਰੀ
ਗੁਰਦੀਸ਼ ਕੌਰ ਗਰੇਵਾਲ
ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ।
ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ।
ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ।
ਘਰ ਬਾਰ ਛੱਡ ਕੇ ਵੀ, ਦਿਲ ਨਾ ਡੋਲਾਇਆ ਤੂੰ।
ਬੁਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ
ਧੰਨ ਮਾਤਾ...
ਸਰਸਾ ਦੇ ਕੰਢੇ ਜਦ ਪੈ ਗਿਆ ਵਿਛੋੜਾ ਸੀ
ਪਿਤਾ ਦਸ਼ਮੇਸ਼ ਨਾਲ ਪੁੱਤਰਾਂ ਦਾ ਜੋੜਾ ਸੀ
ਨਿੱਕੜੇ ਮਾਸੂਮ ਤੁਰ ਪਏ ਤੇਰੇ ਨਾਲ ਨੀ
ਧੰਨ ਮਾਤਾ...
ਅਜੀਤ ਤੇ ਜੁਝਾਰ ਲਾੜੀ ਮੌਤ ਵਿਆਹੀ ਏ।
ਗੜ੍ਹੀ ਚਮਕੌਰ ਵਿੱਚ ਪਿੱਠ ਨਾ ਵਿਖਾਈ ਏ।
ਸੂਰਬੀਰ ਯੋਧੇ ਤੇਰੇ ਪੋਤਰੇ ਕਮਾਲ ਨੀ
ਧੰਨ ਮਾਤਾ...
ਛੋਟਿਆਂ ਨੇ ਸਿਦਕ ਨਿਭਾਇਆ ਸਰਹਿੰਦ ਏ।
ਸਿਦਕੋਂ ਨਾ ਡੋਲੇ ਭਾਵੇਂ ਡੋਲ ਗਈ ਕੰਧ ਏ।
ਕੰਬਿਆ ਜਲਾਦ ਤੱਕ ਚਿਹਰੇ ਦਾ ਜਲਾਲ ਨੀ
ਧੰਨ ਮਾਤਾ...
ਪੋਤਿਆਂ ਦੇ ਨਾਲ, ਸਚਖੰਡ ਚਾਲੇ ਪਾ ਲਏ।
ਵਾਰ ਸਰਬੰਸ ਤੁਸਾਂ ਸ਼ੁਕਰ ਮਨਾ ਲਏ।
‘ਦੀਸ਼’ ਕੋਲੋਂ ਹੋਏ ਨਾ ਬਿਆਨ ਸਾਰਾ ਹਾਲ ਨੀ
ਧੰਨ ਮਾਤਾ...
ਸੰਪਰਕ: 1-403-404-1450
* * *
ਪਰਿਵਾਰ ਵਿਛੋੜਾ
ਜਗਤਾਰ ਗਰੇਵਾਲ ‘ਸਕਰੌਦੀ’
ਪਰਿਵਾਰ ਵਿੱਛੜਿਆ ਮੁੜ ਨਾ ਮੇਲ ਹੋਇਆ
ਸਰਸਾ ਨਦੀ ਦੇ ਕੰਢੇ ਵਿਛੜੇ ਲੰਘ ਗਏ ਸੀ।
ਦੌਰ ਬਾਲ ਸ਼ਹੀਦੀਆਂ ਦਾ ਸੀ ਸ਼ੁਰੂ ਹੋਇਆ
ਅਜੀਤ ਜੁਝਾਰ ਜਦ ਤਿਆਰ ਹੋ ਕੇ ਜੰਗ ਗਏ ਸੀ।
ਸਾਰੀ ਕਾਇਨਾਤ ਕੰਬੀ ਰੋਏ ਧਰਤੀ ਤੇ ਅੰਬਰ
ਫਤਿਹ ਜ਼ੋਰਾਵਰ ਚਿਣੇ ਜਦੋਂ ਵਿੱਚ ਕੰਧ ਗਏ ਸੀ।
ਮਾਤਾ ਗੁਜਰ ਕੌਰ ਗੁਜ਼ਰ ਗਏ ਠੰਢੇ ਬੁਰਜ ਬੈਠੇ
ਇਤਿਹਾਸ ਸਿੱਖੀ ਦਾ ਸਿਰਜ ਸਰਹਿੰਦ ਗਏ ਸੀ।
ਮਾਛੀਵਾੜੇ ਜੰਗਲਾਂ ’ਚ ਸ਼ਹਿਨਸ਼ਾਹ ਪਿਆ ਸੁੱਤਾ
ਪੋਹ ਦੇ ਦਿਨ ਕਹਿਰ ਕਰਕੇ ਜਗਤਾਰ ਲੰਘ ਗਏ ਸੀ।
ਸੰਪਰਕ: 94630-36033
* * *
ਪਿਤਾ ਦਸਮੇਸ਼ ਜੀ ਨੇ
ਗੁਰਿੰਦਰ ਸਿੰਘ ਸੰਧੂਆਂ
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਛੇ ਪੋਹ ਨੂੰ ਸਤਿਗੁਰਾਂ ਛੱਡ ਕੇ ਆਨੰਦਪੁਰੀ
ਲਾ ਕੇ ਘੋੜੇ ਅੱਡੀ ਤੁਰੇ ਹੋ ਕੇ ਅਸਵਾਰ ਜੀ।
ਪਿੱਛੇ ਆਣ ਟੁੱਟ ਪੈਗੀ ਜ਼ਾਲਮਾਂ ਦੀ ਢਾਣੀ ਭੈੜੀ
ਅੱਗੇ ਨਦੀ ਸਰਸਾ ਵੀ ਰਹੀ ਛੱਲਾਂ ਮਾਰ ਜੀ।
ਸੱਤ ਪੋਹ ਰਾਤਰੀ ਨੂੰ ਸਰਸਾ ਨਦੀ ਦੇ ਕੰਢੇ
ਤਿੰਨ ਹਿੱਸਿਆਂ ’ਚ ਵੰਡ ਗਿਆ ਪਰਿਵਾਰ ਜੀ।
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਕੁਝ ਸਿੰਘ ਗੁਰਾਂ ਨਾਲ ਛੋਟੇ ਲਾਲ ਦਾਦੀ ਸੰਗ
ਕੁਝ ਤੁਰੇ ਦਿੱਲੀ ਵੱਲ ਕਰ ਨਦੀ ਪਾਰ ਜੀ।
ਕੀਮਤੀ ਖ਼ਜ਼ਾਨਾ ਬੜਾ ਕਾਵਿ ਦਾ ਇਕੱਠਾ ਕੀਤਾ
ਰੁੜ੍ਹ ਗਿਆ ਵਿੱਚ ਪਾਣੀ ਤੇਜ਼ ਰਫ਼ਤਾਰ ਜੀ।
ਨਿਤਨੇਮ ਛੱਡਿਆ ਨਾ ਜੰਗਲਾਂ ਦੇ ਵਿੱਚ ਗੁਰਾਂ
ਆਸਾ ਜੀ ਦੀ ਵਾਰ ਗਾਈ ਦਸਮ ਦਾਤਾਰ ਜੀ।
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਕੁੰਮੇ ਮਾਸ਼ਕੀ ਦੀ ਛੰਨ ਛੋਟੇ ਲਾਲਾਂ ਦਾਦੀ ਸੰਗ
ਰਾਤਰੀ ਦਾ ਲਿਆ ਭੈੜਾ ਵਕਤ ਗੁਜ਼ਾਰ ਜੀ।
ਅੱਠ ਪੋਹ ਸੰਗ ਤੁਰੇ ਗੰਗੂ ਦੇ ਸਹੇੜੀ ਵੱਲ
ਨੇੜੇ ਜੋ ਮੋਰਿੰਡੇ ਵਾਲਾ ਬਣਿਆ ਗਦਾਰ ਜੀ।
ਮਾਇਆ ਦਾ ਪੁਜਾਰੀ ਬਣ ਕਰ ਗਿਆ ਪਾਪ ਵੱਡਾ
ਸੋਚਿਆ ਇਨਾਮ ਮਿਲੂ ਸੂਬੇ ਦਰਬਾਰ ਜੀ
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਦੂਜੇ ਪਾਸੇ ਗੁਰੂ ਜੀ ਨੇ ਪੁੱਜੇ ਚਮਕੌਰ ਗੜ੍ਹੀ
ਭਾਰੀ ਫ਼ੌਜ ਵੇਖ ਲੱਗੇ ਕਰਨ ਵਿਚਾਰ ਜੀ।
ਚੁੱਕੋ ਸ਼ਮਸ਼ੀਰ ਸਿੰਘੋ ਆ ਗਿਆ ਵਕਤ ਹੁਣ
ਪਰਖੀ ਹੈ ਜਾਣੀ ਥੋਡੀ ਤਿੱਖੀ ਤਲਵਾਰ ਜੀ।
ਜਾਨ ਤੋਂ ਪਿਆਰੇ ਸਿੰਘ ਦੇ ਗਏ ਕੁਰਬਾਨੀ ਇੱਥੇ
ਵੱਡੇ ਫਰਜ਼ੰਦ ਦੋਵੇਂ ਅਜੀਤ ਤੇ ਜੁਝਾਰ ਜੀ।
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਮੰਨਿਆ ਹੁਕਮ ਗੁਰਾਂ ਸਾਜੇ ਪੰਥ ਖਾਲਸੇ ਦਾ
ਤਾੜੀ ਮਾਰ ਛੱਡੀ ਗੜ੍ਹੀ ਉੱਚੀ ਲਲਕਾਰ ਜੀ।
ਟਿੰਡ ਦਾ ਸਰ੍ਹਾਣਾ ਲਾ ਕੇ ਸੌਂਗੇ ਵਿੱਚ ਜੰਗਲ ਦੇ
ਨਾਗ ਵੀ ਨੇ ਹੋਏ ਧੰਨ ਕਰ ਕੇ ਦੀਦਾਰ ਜੀ।
ਮਾਤਾ ਜੀ ਪਿਆਰੀ ਨਾਲੇ ਜਾਨਾਂ ਤੋਂ ਪਿਆਰੇ ਸਿੰਘ
ਜੋੜਾ ਜੋੜਾ ਕਰ ਵਾਰੇ ਲਾਲ ਗੁਰਾਂ ਚਾਰ ਜੀ।
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਕਾਂਗੜ ਪੱਤੀ ’ਚ ਬੈਠ ਲਿਖਿਆ ਜ਼ਫ਼ਰਨਾਮਾ
ਭੇਜਿਆ ਔਰੰਗੇ ਕੋਲ ਕਰ ਕੇ ਤਿਆਰ ਜੀ।
ਦਯਾ ਤੇ ਧਰਮ ਸਿੰਘ ਹੱਥ ਗੁਰਾਂ ਭੇਜ ਦਿੱਤਾ
ਭੈੜੀ ਕਰਤੂਤਾਂ ਵਾਲਾ ਚਿੱਠਾ ਵਿਸਥਾਰ ਜੀ।
ਪੜ੍ਹ ਕੇ ਵਿਜੈ ਪੱਤਰ ਸੰਧੂਆਂ ਔਰੰਗਾ ਪਾਪੀ
ਗਸ਼ ਖਾਕੇ ਡਿੱਗ ਗਿਆ ਮਨ ਭੈੜੀ ਹਾਰ ਜੀ।
ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸਮੇਸ਼ ਜੀ ਨੇ
ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।
ਸੰਪਰਕ: 94630-27466
* * *
ਸਾਹਿਬਜ਼ਾਦਾ ਫਤਹਿ ਸਿੰਘ
ਸੁਖਦੇਵ ਸਿੰਘ ਭੁੱਲੜ
ਨਾਮ ਫਤਹਿ ਸਿੰਘ ਤੇ ਉਮਰ ਸੱਤ ਸਾਲ ਦੀ,
ਸੋਹਲ ਜਿਹੀ ਛਾਤੀ ਵਿੱਚ ਦਿਲ ਸੀ ਫੌਲਾਦ ਦਾ।
ਸੋਹਣਾ ਸੁਨੱਖਾ ਹੱਦੋਂ ਵੱਧ ਜਿਵੇਂ ਚੰਦ ਹੋਵੇ,
ਲਾਲ ਸੂਹਾ ਫੁੱਲ ਜਿਵੇਂ ਹੁੰਦਾ ਏ ਗੁਲਾਬ ਦਾ।
ਨੀਹਾਂ ਵਿੱਚ ਖੜ੍ਹਾ ਹਿੱਕ ਤਾਣ ਕੇ ਭੁਝੰਗੀ ਸਿੰਘ,
ਡੋਲਦਾ ਸੀ ਦਿਲ ਵੇਖ-ਵੇਖ ਕੇ ਜਲਾਦ ਦਾ।
ਮੌਤ ਉੱਤੇ ਫਤਹਿ ਪਾਈ ਫਤਹਿ ਸਿੰਘ ‘ਭੁੱਲੜਾ’
ਚੂਰ-ਚੂਰ ਕਰ ਦਿੱਤਾ ਗੁਮਾਨ ਸੀ ਨਵਾਬ ਦਾ।
ਸੰਪਰਕ: 94170-46117
* * *
ਨਿੱਕੇ-ਨਿੱਕੇ ਲਾਲ ਗੁਰੂ ਦੇ
ਮਨਜੀਤ ਕੌਰ ਅੰਬਾਲਵੀ
ਵੇਖੋ ਨੀਹਾਂ ’ਚ ਖੜ੍ਹੇ ਨੇ ਹੱਸਦੇ
ਡੁੱਲ੍ਹਿਆ ਸੀ ਖ਼ੂਨ ਦਾਦੇ ਦਾ
ਕਹਾਣੀ ਚਾਂਦਨੀ ਚੌਕ ਦੀ ਦੱਸਦੇ।
ਨਿੱਕੇ-ਨਿੱਕੇ ਲਾਲ...
ਜਲਵਾ ਨੂਰਾਨੀ ਮੁੱਖਾਂ ਦਾ
ਖਿੜੇ ਗੁਲਾਬ ਵਾਂਗੂੰ ਸੂਹੇ ਚਿਹਰੇ
ਜੈਕਾਰੇ ਛੱਡਦੇ ਗੁਰੂ ਫਤਹਿ ਦੇ
ਬੜੇ ਵੱਡੇ ਨੇ ਬਾਲਾਂ ਦੇ ਜੇਰੇ।
ਡਰਦੇ ਨਹੀਂ ਔਕੜਾਂ ਤੋਂ
ਉਹ ਤਾਂ ਮੌਤ ਨੂੰ ਮਾਸੀ ਨੇ ਦੱਸਦੇ।
ਨਿੱਕੇ-ਨਿੱਕੇ ਲਾਲ...
ਨੀਹਾਂ ਵਿੱਚ ਖੜ੍ਹੇ ਲਾਡਲੇ
ਪਰ ਮੌਤ ਦਾ ਡਰ ਨਾ ਕੋਈ
ਰਾਹਾਂ ਮੱਲ ਆਣ ਖੜ੍ਹੀ ਜੋ
ਅੱਜ ਹੋਣੀ ਵੀ ਹਾਣ ਦੀ ਹੋਈ
ਦਾਦੀ ਦੇ ਖ਼ਿਆਲਾਂ ਵਿੱਚ
ਦੋਵੇਂ ਲਾਲ ਆਉਣੋਂ ਨਾ ਹਟਦੇ
ਨਿੱਕੇ-ਨਿੱਕੇ ਲਾਲ...
ਸੋਹਲ ਜਿਹੇ ਫੁੱਲ ਸੋਹਣੇ
ਸ਼ੇਰਾਂ ਵਾਂਗ ਨੀਹਾਂ ਵਿੱਚ ਗੱਜਦੇ
ਈਨ ਤੇਰੀ ਮੰਨਣੀ ਨਹੀਂ
ਸੂਬੇ ਲਾਲਚ ਨਾ ਤੇਰੇ ਸਾਨੂੰ ਠਗਦੇ
ਮੌਤ ਨੂੰ ਮਖੌਲਾਂ ਕਰਦੇ
ਕਮਰਕੱਸੇ ਉਹ ਫੜ-ਫੜ ਕੱਸਦੇ
ਨਿੱਕੇ-ਨਿੱਕੇ ਲਾਲ...
ਸੰਪਰਕ: 94162-71625
* * *
ਜੱਗ ’ਤੇ ਮਿਸਾਲ ਨਾ
ਜਸਵਿੰਦਰ ਸਿੰਘ ਰੁਪਾਲ
ਆਨੰਦਪੁਰ ਗੁਰਾਂ ਛੱਡਿਆ ਅਖੀਰ ਜੀ, ਕੀਤੀ ਸੀ ਵਿਚਾਰ ਵੀ।
ਸਰਸਾ ਦੇ ਪਾਣੀ ਨੇ ਵਿਛੋੜੇ ਵੀਰ ਜੀ, ਸਾਰਾ ਪਰਿਵਾਰ ਵੀ।
ਗੜ੍ਹੀ ਚਮਕੌਰ ਦੇਖੇ ਮਹਿਮਾਨ ਨੂੰ, ਮੁੱਖ ’ਤੇ ਮਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਗੜ੍ਹੀ ਪੁੱਜ ਸਿੰਘ ਮੋਰਚੇ ਸੰਭਾਲਦੇ, ਨੀਤੀਆਂ ਬਣਾਂਵਦੇ।
ਠੰਢੀ ਨ੍ਹੇਰੀ ਰਾਤ ’ਚ ਮਸ਼ਾਲ ਬਾਲਦੇ, ਪਹਿਰੇ ’ਤੇ ਬਿਠਾਂਵਦੇ।
ਸਿੱਖ ਮੰਨਦੇ ਨੇ ਗੁਰ-ਫੁਰਮਾਨ ਨੂੰ, ਕਰਦੇ ਸਵਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਲੱਖਾਂ ਦੀ ਤਾਦਾਦ ਵਿੱਚ ਫ਼ੌਜ ਆਣ ਕੇ, ਘੇਰਾ ਪਾਇਆ ਗੜ੍ਹੀ ਨੂੰ।
ਸਿੱਖ ਹੋਏ ਖ਼ੁਸ਼ ਪਰਚਾ ਪਛਾਣ ਕੇ, ਏਸ ਔਖੀ ਘੜੀ ਨੂੰ।
ਝਟਕੇ ਦੇ ਨਾਲ ਮਾਰਨਾ ਸ਼ੈਤਾਨ ਨੂੰ, ਕਰਨਾ ਹਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਗਿਣਤੀ ’ਚ ਚਾਲੀ ਸਿੰਘ ਤਾਂ ਦਲੇਰ ਜੀ, ਟਿੱਡੀ ਦਲ ਬਾਹਰ ਜੀ।
ਜਥੇ ਪੰਜ ਪੰਜ ਦੇ ਲਗਾਂਦੇ ਢੇਰ ਜੀ, ਲੱਭਦੀ ਨਾ ਠਾਹਰ ਜੀ।
ਜਿਹੜਾ ਅੱਗੇ ਆਵੇ ਮਾਰਦੇ ਜਵਾਨ ਨੂੰ, ਐਸਾ ਹੋਰ ਕਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਚੱਲਦੇ ਨੇ ਤੀਰ ਤਲਵਾਰਾਂ ਗੋਲੀਆਂ, ਤਾਂ ਮੈਦਾਨ ਵਿੱਚ ਜੀ।
ਖੱਬੀ ਖਾਨਾਂ ਦੀਆਂ ਇੱਜ਼ਤਾਂ ਰੋਲੀਆਂ, ਬੜਾ ਹੋਏ ਜਿੱਚ ਜੀ।
ਮਿਲੇ ਨਾ ਵਕਤ ਪੜ੍ਹਦੇ ਕੁਰਾਨ ਨੂੰ, ਹੋਣੀ ਹੁੰਦੀ ਟਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਅਜੀਤ ਸਿੰਘ ਅੱਡੀ ਘੋੜੇ ਤਾਈਂ ਲਾਈ ਏ, ਝੱਖੜ ਝੁਲਾਂਵਦਾ।
ਵੈਰੀਆਂ ਨੂੰ ਰਤਾ ਨਾ ਸੁਰਤ ਆਈ ਏ, ਜਾਂਦਾ ਆਹੂ ਲਾਂਹਵਦਾ।
ਜੰਗ ਵਿੱਚ ਤੱਕਦਾ ਨੀ ਲਾਭ ਹਾਨ ਨੂੰ, ਦੇਹੀ ਦੀ ਸੰਭਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਚਾਰੇ ਪਾਸਿਆਂ ਤੋਂ ਵੱਡਾ ਹੱਲਾ ਬੋਲਿਆ, ਤੀਰਾਂ ਤਲਵਾਰਾਂ ਨੇ।
ਜ਼ਖ਼ਮੀ ਅਜੀਤ ਵੀ ਰਤਾ ਨਾ ਡੋਲਿਆ, ਨਦਰਾਂ ਹਜ਼ਾਰਾਂ ਨੇ।
ਛੱਡਿਆ ਅਖੀਰ ਦੇਹੀ ਨਾਸਵਾਨ ਨੂੰ, ਰੋਕਿਆ ਤਾਂ ਕਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਪਿਤਾ ਤਾਈਂ ਬਿਨੈ ਕੀਤੀ ਸੀ ਜੁਝਾਰ ਨੇ, ਮੈਨੂੰ ਦੇਵੋ ਆਗਿਆ।
ਸ਼ਸਤਰ ਸਜਾਏ ਹੱਥੀਂ ਸੀ ਦਾਤਾਰ ਨੇ, ਰਤਾ ਮੋਹ ਨਾ ਜਾਗਿਆ।
ਐਸਾ ਪਿਤਾ ਕਿੱਥੋਂ ਮਿਲਣੈ ਜਹਾਨ ਨੂੰ, ਐਸਾ ਲੱਭੇ ਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਖੇਡਿਆ ਜੁਝਾਰ ਖ਼ੂਨ ਦੀਆਂ ਹੋਲੀਆਂ, ਬਾਪੂ ਮਾਣ ਕਰਦਾ।
ਸੀਨੇ ਵਿੱਚ ਖਾਵੇ ਤੀਰ ਅਤੇ ਗੋਲੀਆਂ, ਮਰਨੋਂ ਨ੍ਹੀ ਡਰਦਾ।
ਹੋ ਗਿਆ ਸ਼ਹੀਦ ਸਿੰਜ ਕੇ ਮੈਦਾਨ ਨੂੰ, ਸਕਦੇ ਉਠਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
ਵੱਡੇ ਸਾਹਿਬਜ਼ਾਦੇ ਸਿੰਘ ਵੀ ਅਨੇਕ ਜੀ, ਤਾਂ ਸ਼ਹੀਦੀ ਪਾ ਗਏ।
ਨਬੀ ਖਾਂ ਤੇ ਗਨੀ ਖਾਂ ਦੋ ਬੰਦੇ ਨੇਕ ਜੀ, ਪੁੰਨ ਤਾਂ ਕਮਾ ਗਏ।
ਕੱਢਿਆ ਏ ਇੱਥੋਂ ਵਾਲੀ-ਦੋ-ਜਹਾਨ ਨੂੰ, ਭੁੱਲੇ ਤਾਂ ‘ਰੁਪਾਲ’ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ’ਤੇ ਮਿਸਾਲ ਨਾ।
* * *
ਸੂਬੇ ਨੂੰ ਲਲਕਾਰ
ਜਤਿੰਦਰ ਸਿੰਘ ‘ਸੂਫੀ’
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਪ੍ਰਣ ਛੱਡਣਾ ਨਹੀਂ ਦੇ ਦਿਆਂਗੇ ਪ੍ਰਾਣ ਸੂੁਬਿਆ।
ਪੰਜਵੇਂ ਗੁਰਾਂ ਨੇ ਮੁੱਢ ਸ਼ਹਾਦਤਾਂ ਦਾ ਬੰਨ੍ਹਿਆ।
ਤੱਤੀ ਤਵੀ ਉੱਤੇ ਬਹਿਕੇ ਭਾਣਾ ਮਿੱਠਾ ਮੰਨਿਆ।
ਨਿਭਾਉਣੀ ਹੈ ਸ਼ਹਾਦਤਾਂ ਦੀ ਸ਼ਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਦੁਖੀ ਪੰਡਤਾਂ ਦਾ ਦੁੱਖ ਗਿਆ ਨਾ ਸਹਾਰਿਆ।
ਨੌਵੇਂ ਗੁਰੂ ਦਾਦੇ ਸਾਡੇ ਦਿੱਲੀ ਸੀਸ ਵਾਰਿਆ।
ਕੀਤਾ ਸਿਰੜ ਤੋਂ ਸੀਸ ਕੁਰਬਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਵੱਡੇ ਵੀਰੇ ਦੋਵੇਂ ਸਾਡੇ ਅਜੀਤ ਤੇ ਜੁਝਾਰ ਨੇ।
ਜੰਗ ਚਮਕੌਰ ਦੀ ’ਚ ਗਏ ਜਾਨਾਂ ਵਾਰ ਨੇ।
ਮਚਾਇਆ ਵੈਰੀਆਂ ਦੇ ਦਲੀਂ ਘਮਸਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਦਸਮੇਸ਼ ਪਿਤਾ ਪੰਥ ਖਾਲਸਾ ਸਜਾ ਗਿਆ।
ਸਵਾ ਲੱਖ ਨਾਲ ਇੱਕ ਨੂੰ ਲੜਾ ਗਿਆ।
ਭਰੀ ਗਿੱਦੜਾਂ ’ਚ ਸ਼ੇਰਾਂ ਵਾਲੀ ਜਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਗੁਜਰ ਕੌਰ ਦਾਦੀ ਕਿਹਾ ਸਿਦਕੋਂ ਨਹੀਂ ਡੋਲਣਾ।
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਬੋਲਣਾ।
ਪੂਰੇ ਕਰਾਂਗੇ ਦਾਦੀ ਦੇ ਅਰਮਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਪਤਾ ਸਾਨੂੰ ਬਖ਼ਸ਼ਣਾ ਨਹੀਂ ਸੂਬਾ ਸਰਹਿੰਦ ਨੇ।
ਨਿੱਕੀਆਂ ਨੇ ਜਿੰਦਾਂ ਪਰ ਹੌਸਲੇ ਬੁਲੰਦ ਨੇ।
ਰੱਖੀ ਅਸੀਂ ਤਲੀਆਂ ’ਤੇ ਜਾਨ ਸੂਬਿਆ।
ਈਨ ਕਰਨੀ ਨਾ ਅਸੀਂ ਪਰਵਾਨ ਸੂਬਿਆ।
ਸੰਪਰਕ: 98156-73477
* * *
ਗੱਜ ਕੇ ਫ਼ਤਹਿ ਬੁਲਾਈ
ਅਮਰਪ੍ਰੀਤ ਸਿੰਘ ਝੀਤਾ
ਸੂਬੇ ਦੇ ਦਰਬਾਰ ’ਚ ਜੋੜੀ, ਦੋ ਬਾਲਾਂ ਦੀ ਆਈ।
ਨਾਲ ਅਣਖ ਦੇ ਖੜ੍ਹ ਦੋਵਾਂ ਨੇ, ਗੱਜ ਕੇ ਫ਼ਤਹਿ ਬੁਲਾਈ।
ਦਾਦਾ ਤੇਗ ਬਹਾਦਰ ਸਾਡਾ, ਮਾਂ ਗੁਜਰੀ ਹੈ ਦਾਦੀ,
ਅਪਣਾ ਸੀਸ ਕਟਾ ਜਿਨ੍ਹਾਂ ਨੇ, ਹਿੰਦੂ ਕੌਮ ਬਚਾਈ।
ਦਸਮੇਸ਼ ਪਿਤਾ ਦੇ ਲਾਲ ਅਸੀਂ, ਮਾਂ ਜੀਤੋ ਦੇ ਜਾਏ,
ਕੌਮ ਲਈ ਹੈ ਜੀਣਾ ਮਰਨਾ, ਉਨ੍ਹਾਂ ਗੱਲ ਸਮਝਾਈ।
ਤੇਰੇ ਤਾਂ ਬਸ ਝੂਠੇ ਲਾਰੇ, ਝੂਠੀਆਂ ਨੇ ਸਹੁੰਆਂ,
ਸਾਨੂੰ ਫੜ ਕੇ ਬਣਦਾ ਸੂਰਾ, ਇਹ ਨਾ ਸੂਰਮਤਾਈ।
ਭਾਵੇਂ ਸਾਡੇ ਮਾਰ ਗੁਲੇਲਾਂ, ਚਾਹੇ ਬਾਲ ਪੁਲੀਤੇ,
ਡਰ ਸਾਡੇ ਖੂਨ ’ਚ ਹੈਨੀ, ਕਿਉਂ ਜਾਂਦਾ ਵਕਤ ਗਵਾਈ।
ਸੁਣ ਸੁਣ ਗੱਲਾਂ ਲਾਲਾਂ ਦੀਆਂ, ਹੋਇਆ ਸੂਬਾ ਝੂਠਾ,
ਛੋਟੇ ਛੋਟੇ ਬਾਲਾਂ ਨੇ, ਨਾਨੀ ਚੇਤੇ ਕਰਵਾਈ।
ਈਨ ਕਦੇ ਵੀ ਮੰਨੇ ਨਾ ਉਹ, ਬਿਲਕੁਲ ਵੀ ਨਾ ਡੋਲੇ,
ਯਾਦ ਰਖੀਂ ਗੱਲ ‘ਅਮਰ’ ਉਨ੍ਹਾਂ, ਜੋ ਦਾਦੀ ਨੇ ਸਮਝਾਈ।
ਸੰਪਰਕ: 97791-91447
* * *
ਦਸਮੇਸ਼ ਦੇ ਲਾਲ
ਬਹਾਦਰ ਸਿੰਘ ਗੋਸਲ
ਦੋਵੇਂ ਸਨ ਉਹ ਨੰਨ੍ਹੇ ਬਾਲ,
ਦਸਮੇਸ਼ ਪਿਤਾ ਦੇ ਪਿਆਰੇ ਲਾਲ।
ਐਸੀ ਉਹ ਕੁਰਬਾਨੀ ਕਰ ਗਏ,
ਮਿਲੇ ਨਾ ਜੱਗ ’ਚ ਕੋਈ ਮਿਸਾਲ।
ਮਨ ਜਜ਼ਬਾ, ਧਰਮ ਪਿਆਰ ਦਾ,
ਨਾ ਡੋਲੇ ਵਿੱਚ ਪੋਹ-ਸਿਆਲ।
ਹੱਥ ਸਿਰ ’ਤੇ ਦਾਦੀ ਮਾਂ ਦਾ,
ਨਿੱਘ ਦੇਵੇ, ਲਗਾ ਛਾਤੀ ਨਾਲ।
ਸਿੱਖਿਆ ਦੇਵੇ ਸ਼ਹੀਦ ਹੋਣ ਦੀ,
ਵੱਡੇ ਕੀਤੇ ਸੀ ਆਪ ਉਸ ਪਾਲ।
ਉਹ ਵੀ ਦੋਵੇਂ ਪੁੱਤਰ ਸ਼ੇਰ ਦੇ,
ਮੌਤ ਦਾ ਮਨ ’ਚ ਨਾ ਖ਼ਿਆਲ।
ਜਦੋਂ ਨਿਕਲਦੇ ਠੰਢੇ ਬੁਰਜ ’ਚੋਂ,
ਮੁਗ਼ਲ ਸਲਤਨਤ ਨਾ ਝੱਲੇ ਝਾਲ।
ਉਹ ਕਦੋਂ ਮੌਤ ਤੋਂ ਡਰਨੇ ਵਾਲੇ,
ਦਸਮੇਸ਼ ਪਿਤਾ ਦੇ ਸ਼ੇਰ ਨੇ ਲਾਲ।
ਗੋਸਲ ਐਸੀ ਸੇਧ ਕੌਮ ਨੂੰ ਦਿੱਤੀ,
ਉਹ ਨੰਨ੍ਹੇ ਬਾਬੇ, ਨਾ ਆਮ ਸੀ ਬਾਲ।
ਸੰਪਰਕ: 98764-52223
* * *
ਜ਼ੋਰਾਵਰ ਤੇ ਫ਼ਤਹਿ ਸਿੰਘ
ਕਰਨੈਲ ਅਟਵਾਲ
ਜ਼ੋਰਾਵਰ ਤੇ ਫ਼ਤਹਿ ਸਿੰਘ ਨੇ ਧਰਮ ਕਮਾਇਆ ਸੀ।
ਸਰਹਿੰਦ ਦੀ ਖ਼ੂਨੀ ਕੰਧ ਨੂੰ ਅਮਰ ਕਰਾਇਆ ਸੀ।
ਨਿੱਕੀਆਂ-ਨਿੱਕੀਆਂ ਜਿੰਦਾਂ ਹਿੱਕਾਂ ਤਾਣ ਖੜ੍ਹ ਗਈਆਂ।
ਜ਼ਾਲਮ ਸੂਬੇ ਦੇ ਅੱਗੇ ਸੱਚ ਦੇ ਲਈ ਅੜ ਗਈਆਂ।
ਭੋਰਾ ਵੀ ਨਾ ਡੋਲੇ ਸਿੱਖੀ ਸਿਦਕ ਕਮਾਇਆ ਸੀ।
ਸਰਹਿੰਦ ਦੀ ਖ਼ੂਨੀ ਕੰਧ ਨੂੰ...
ਪਹੁੰਚ ਕੇ ਕਚਹਿਰੀ ਸੂਰਮਿਆਂ ਫ਼ਤਹਿ ਗਜਾਈ ਸੀ।
ਸੂਬੇ ਦਿਆਂ ਅਹਿਲਕਾਰਾਂ ਨੂੰ ਭਾਜੜ ਬਈ ਪਾਈ ਸੀ।
ਦਸਮੇਸ਼ ਦੇ ਲਾਲ ਅਸੀਂ ਹਾਂ ਮੁੱਖੋਂ ਫੁਰਮਾਇਆ ਸੀ।
ਸਰਹਿੰਦ ਦੀ ਖ਼ੂਨੀ ਕੰਧ...
ਤੇਗ ਬਹਾਦਰ ਦੇ ਪੋਤਰੇ ਜਿਨ੍ਹਾਂ ਹਿੰਦ ਬਚਾਇਆ ਏ।
ਰੋਂਦੇ ਹੋਏ ਕਸ਼ਮੀਰੀ ਪੰਡਤਾਂ ਨੂੰ ਗਲ ਨਾਲ ਲਾਇਆ ਏ।
‘ਅਟਵਾਲਾ’ ਧਰਮ ਕੀ ਹੁੰਦਾ ਸਾਰੇ ਜੱਗ ਨੂੰ ਵਿਖਾਇਆ ਸੀ।
ਸਰਹਿੰਦ ਦੀ ਖ਼ੂਨੀ ਕੰਧ...
ਇੱਕ-ਦੂਜੇ ਤੋਂ ਹੋਏ ਕਾਹਲੇ ਪਾਉਣ ਲਈ ਸ਼ਹੀਦੀਆਂ।
ਛੇਤੀ ਬੁਲਾ ਓਏ ਸੂਬਿਆ ਤੂੰ ਆਪਣੇ ਕਰੀਬੀਆਂ।
ਅਣਖ ਦੀ ਖ਼ਾਤਰ ਯੋਧਿਆਂ ਮੌਤ ਨੂੰ ਵਿਆਹਿਆ ਸੀ।
ਸਰਹਿੰਦ ਦੀ ਖ਼ੂਨੀ ਕੰਧ...
ਸੰਪਰਕ: 75082-75052
* * *
ਪੋਹ ਦਾ ਮਹੀਨਾ
ਪ੍ਰੋ. ਨਵ ਸੰਗੀਤ ਸਿੰਘ
ਲਿਖ ਨਾ ਸਕਦੀ ਕਾਨੀ ਮੇਰੀ, ਬਲ਼ ਉੱਠਦਾ ਹੈ ਸੀਨਾ।
ਸਮੇਂ-ਸਮੇਂ ’ਤੇ ਚੇਤੇ ਆਵੇ, ਪੋਹ ਦਾ ‘ਉਹੀ’ ਮਹੀਨਾ।
ਕੀ ਆਖਾਂ ਦਸਮੇਸ਼ ਪਿਤਾ ਨੇ, ਕਿੰਨੇ ਸਿਤਮ ਸਹਾਰੇ।
ਜਿਗਰ ਦੇ ਟੋਟੇ ਜਿਸ ਨੇ, ਆਪਣੇ ਦੇਸ਼-ਕੌਮ ਤੋਂ ਵਾਰੇ।
ਛੇ ਪੋਹ ਦੀ ਉਸ ਰਾਤ ਗੁਰੂ ਜੀ, ਆਨੰਦਪੁਰ ਤੋਂ ਚੱਲੇ।
ਤੋੜ ਕੇ ਕਸਮਾਂ, ਪਾ ਕੇ ਘੇਰਾ, ਮੁਗ਼ਲਾਂ ਕੀਤੇ ਹੱਲੇ।
ਠਿਲ੍ਹ ਪਏ ਸਰਸਾ ਨਦੀ ’ਚ, ਪਰਿਵਾਰ ਵਿਛੜਿਆ ਸਾਰਾ।
ਗੜ੍ਹੀ ਕੱਚੀ ਚਮਕੌਰ ਪਹੁੰਚ ਕੇ, ਸਤਿਗੁਰ ਕੀਤਾ ਉਤਾਰਾ।
ਵੱਡੇ ਪੁੱਤਰਾਂ ਤੇ ਸਿੰਘਾਂ, ਚਮਕੌਰ ਸ਼ਹੀਦੀ ਪਾਈ।
ਦੋ ਛੋਟਿਆਂ ਸਰਹਿੰਦ ਦੀ ਨੀਂਹ ਵਿੱਚ, ਅੰਤਿਮ ਫ਼ਤਹਿ ਬੁਲਾਈ।
ਮਾਛੀਵਾੜੇ ਜੰਗਲ ਵਿੱਚ ਸੀ, ਇੱਟ ਦਾ ਲਾਇਆ ਸਿਰ੍ਹਾਣਾ।
ਵਾਰ ਦਿੱਤਾ ਸਰਬੰਸ ਸਾਰਾ, ਤੇ ਰੱਬ ਦਾ ਮੰਨਿਆ ਭਾਣਾ।
ਪੋਹ ਦੇ ‘ਓਸ’ ਮਹੀਨੇ ਦੀ ਹੈ, ਗਾਥਾ ਦਰਦ-ਰੰਞਾਣੀ।
ਵਾਰ ਕੇ ਪੰਜ ਜੀਅ, ਗੁਰੂ ਪਿਤਾ ਦੇ, ਅੱਖੋਂ ਨਾ ਡਿੱਗਿਆ ਪਾਣੀ।
ਕਲਗੀ ਵਾਲੇ ਸਤਿਗੁਰ ਦੱਸਿਆ, ਚੱਲਣਾ ‘ਹੁਕਮ ਰਜਾਈ’।
ਨਾਲ ਅਣਖ ਦੇ ਜੀਣ-ਮਰਨ ਦੀ, ਸਾਨੂੰ ਜਾਚ ਸਿਖਾਈ।
ਸੰਪਰਕ: 94176-92015
* * *
ਪੁੰਜ ਕੁਰਬਾਨੀਆਂ ਦੇ
ਜਗਦੇਵ ਸ਼ਰਮਾ
ਪਿਤਾ ਤੇਗ ਬਹਾਦਰ
ਦੁਨੀਆ ਕਰੇ ਆਦਰ
ਹਿੰਦ ਦੀ ਬਣੇ ਚਾਦਰ
ਧਰਮ ਦਾ ਨਾ ਹੋਏ ਨਿਰਾਦਰ
ਦਿੱਲੀ ਜਾਇਕੇ ਸੀਸ ਕਟਵਾਏ ਆਇਆ,
ਚੜ੍ਹਦੇ ਲਹਿੰਦੇ ਤੋਂ ਕਰਕੇ ਗੱਲ ਨਿਆਰੀ
ਇੱਕ ਨਵਾਂ ਇਤਿਹਾਸ ਰਚਾਏ ਆਇਆ।
ਮਹੀਨਾ ਪੋਹ ਚੜ੍ਹਿਆ
ਧਰਮ ਨਾਲ ਮੋਹ ਅੜਿਆ
ਮਾਸੂਮਾਂ ਨੂੰ ਰੋਹ ਚੜ੍ਹਿਆ
ਨਾ ਜਜ਼ਬਾ ਸਾਡਾ ਖੋਹ ਭੜਿਆ
ਸੁੱਤੇ ਸ਼ੇਰਾਂ ਨੂੰ ਨਾ ਲਲਕਾਰ ਓਏ ਸੂਬਿਆ,
ਜੜ੍ਹਾਂ ਤੇਰੀਆਂ ’ਚ ਐਸਾ ਅਸੀਂ ਤੇਲ ਦੇਣਾ
ਦੇਖ ਤੇਲ ’ਤੇ ਤੇਲ ਦੀ ਧਾਰ ਓਏ ਸੂਬਿਆ।
ਜੁਝਾਰ ਚਮਕੌਰ ਲੜਿਆ
ਖੰਡਾ ਅਜੀਤ ਫੜਿਆ
ਆਹੂ ਲਾਹ ਧਰਿਆ
ਦੁਸ਼ਮਣ ਭੱਜ ਖੜ੍ਹਿਆ
ਮੂਹਰੇ ਦਸਮੇਸ਼ ਦਿਆਂ, ਬੱਬਰ ਸ਼ੇਰਾਂ ਦੇ,
ਚਹੁੰ ਕੂੰਟੀਂ ਖਲਕਤੇ ਹੋਣ ਚਰਚੇ
ਹੁੰਦੇ ਚਰਚੇ, ਬੱਚਿਆਂ ਦਲੇਰਾਂ ਦੇ ।
ਦਾਦੀ ਬਾਤ ਦੱਸੇ
ਧਰਮ ਵਿੱਚ ਰਹਿਓ ਪੱਕੇ
ਕਸ ਲਓ ਕਮਰ ਕੱਸੇ
ਸ਼ੇਰਾਂ ਤੋਂ ਗਿੱਦੜ ਨੱਸੇ
ਹੱਸ ਹੱਸ ਕੇ ਸ਼ਹੀਦੀਆਂ ਪਾ ਜਾਇਓ,
ਜਿਹੜੇ ਰਸਤੇ ਤੇ ਚਲੇ ਗਏ ਵੀਰ ਵੱਡੇ
ਡਰਨਾ ਭਟਕਣਾ ਨਹੀਂ, ਉਸੇ ਰਾਹ ਜਾਇਓ।
ਲਹਿਰ ਸੀ ਸੀਤ ਚਲਦੀ
ਸੁੰਨ ਸੀ ਹੱਡ ਕਰਦੀ
ਓਦੋਂ ਲੋਰ ਚੜ੍ਹਦੀ
ਜ਼ੋਰੋ ਜ਼ੋਰ ਚੜ੍ਹਦੀ
ਮਾਤਾ ਗੁਜਰੀ ਦੇ ਸਾਹਿਬਜ਼ਾਦਿਆਂ ਨੂੰ,
ਥਰ ਥਰ ਸੀ ਸਰਹਿੰਦ ਦੀ ਕੰਧ ਕੰਬਦੀ
ਦੇਖ ਕੌਮ ਦੇ ਨਿੱਕੜੇ ਬਾਬਿਆਂ ਨੂੰ।
ਮੋਤੀ ਰਾਮ ਮਹਿਰਾ
ਗੁਰੂ ਨਾਲ ਪਿਆਰ ਗਹਿਰਾ
ਦੁੱਧ ਦਾ ਦਏ ਪਹਿਰਾ
ਠੰਢੜੇ ਬੁਰਜ ਠਹਿਰਾ
ਇੱਕ ਰਾਤ ਨੂੰ ਸਿੱਖ ਗਿਆ ਫੜਿਆ,
ਟੱਬਰ ਸੁੱਟਿਆ ਸਾਰਾ ਜੇਲ੍ਹ ਅੰਦਰ
ਸਣੇ ਬੱਚਿਆਂ, ਕੋਹਲੂ ਥੀਂ ਪੀੜ ਧਰਿਆ।
ਵਾਰੇ ਚਾਰ ਇੱਥੇ
ਵਾਰ ਵਾਰ ਇੱਥੇ
ਸਰਬੰਸ ਧਰਮ ਲੇਖੇ
ਨਾ ਸੁਖ ਆਰਾਮ ਦੇਖੇ
ਦਰਵੇਸ਼, ਦਸਮੇਸ਼ ਸੂਲਾਂ ’ਤੇ ਸੌਂ ਜਾਂਦਾ,
ਕੱਚਾ ਹੋਂਵਦਾ, ਜੇਕਰ ਸਾਹਿਬ ਮੇਰਾ
ਇਉਂ ਨਾ ਕਰਦਾ, ਧਰਮ ਤੋਂ ਭੌਂ ਜਾਂਦਾ।
ਸੰਪਰਕ: 98727-87243
* * *
ਜਦੋਂ ਸ਼ਹੀਦੀ ਪਾਈ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਧਰਤੀ ਅੰਬਰ ਰੋਇਆ ਸਾਰੀ ਕੰਬ ਉੱਠੀ ਲੋਕਾਈ।
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਫੁੱਲਾਂ ਵਰਗੇ ਜਿਸਮਾਂ ’ਚੋਂ ਜਦ ਖ਼ੂਨ ਦੇ ਕਤਰੇ ਡੁੱਲ੍ਹੇ,
ਪੰਛੀਆਂ ਮੂੰਹੋਂ ਚੋਗੇ ਡਿੱਗੇ ਤੇ ਰਾਹੀ ਸਨ ਰਾਹ ਭੁੱਲੇ,
ਮਾਨਵਤਾ ਵੀ ਤੋਬਾ-ਤੋਬਾ ਕਹਿ ਕੇ ਸੀ ਕੁਰਲਾਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਮਾਤਮ ਦੇ ਵਿੱਚ ਡੁੱਬੀਆਂ ਲੱਗਣ ਵੇਖ ਕੇ ਜ਼ੁਲਮ ਫਿਜ਼ਾਵਾਂ,
ਪਸ਼ੂ-ਪਰਿੰਦੇ ਖੜ੍ਹ ਗਏ ਥਾਂ ’ਤੇ ਰੋਕ ਕੇ ਸਾਰੇ ਰਾਹਵਾਂ,
ਗਿਰਝਾਂ ਨੇ ਵੀ ਪਾਪ ਆਖ ਕੇ ਦਿੱਤੀ ਹਾਲ-ਦੁਹਾਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਹੱਥਾਂ ਦੇ ਵਿੱਚ ਪੇੜੇ ਵਿਲਕੇ ਚਾਟੀ ਵਿੱਚ ਮਧਾਣੀ,
ਵਿੱਚ ਡਿਉਢੀ ਕੰਤ ਸੀ ਰੋਂਦਾ ਚੌਂਕੇ ਵਿੱਚ ਸੁਆਣੀ,
ਲੱਗ ਭੈਣਾਂ ਗਲ ਭੈਣਾਂ ਰੋਵਣ ਭਾਈਆਂ ਦੇ ਗਲ ਭਾਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਪੌਣਾਂ ਨੇ ਵੀ ਰੋਹ ਵਿੱਚ ਪਾਈਆਂ ਸੂਬੇ ਨੂੰ ਫਿਟਕਾਰਾਂ,
ਤਾਅਨੇ-ਮਿਹਣੇ ਦਿੱਤੇ ਉਸ ਨੂੰ ਕੀ ਫੁੱਲਾਂ ਕੀ ਖਾਰਾਂ,
ਪਾਪੀ ਜ਼ੁਲਮ ਕਮਾਇਆ ਉਸ ਨੂੰ ਭੋਰਾ ਸ਼ਰਮ ਨਾ ਆਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਦਾਦੀ ਮਾਂ ਨੇ ਬੱਚਿਆਂ ਨੂੰ ਸੀ ਐਸਾ ਪਾਠ ਪੜ੍ਹਾਇਆ,
ਦਾਦੇ ਦੀ ਕੁਰਬਾਨੀ ਦਾ ਸੀ ਮੁੱਲ ਪੋਤਿਆਂ ਪਾਇਆ,
ਲਾਲਚ, ਵਸਤੂ, ਧਮਕੀ ਹਾਕਮ ਦੀ ਉਨ੍ਹਾਂ ਠੁਕਰਾਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਲਾਏ ਗੱਜ ਜੈਕਾਰੇ,
ਮਹਿਲ ਸਿੱਖੀ ਦੀ ਨੀਂਹ ਜੋ ਰੱਖੀ ਉਸਰੇ ਅੱਜ ਮੁਨਾਰੇ,
‘ਪਾਰਸ’ ਸਿੱਖੀ ਕਿੰਝ ਨਿਭਾਉਣੀ ਕੌਮ ਨੂੰ ਉਨ੍ਹਾਂ ਸਿਖਾਈ...
ਜ਼ੋਰਾਵਰ ਤੇ ਫ਼ਤਹਿ ਸਿੰਘ ਸੀ ਜਦੋਂ ਸ਼ਹੀਦੀ ਪਾਈ।
ਸੰਪਰਕ: 99888-11681