ਪੁਲ ਦਾ ਨਿਰਾਮਣ ਅਧੂਰਾ ਛੱਡਣ ਵਿਰੁੱਧ ਮੁਜ਼ਾਹਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਫਰਵਰੀ
ਭੰਗੀ ਚੋਅ ‘ਤੇ ਬਣ ਰਹੇ ਨਵੇਂ ਪੁਲ ਦਾ ਨਿਰਮਾਣ ਅੱਧ ਵਿਚਾਲੇ ਰੁਕਣ ਕਾਰਨ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀਆਂ ਨੂੰ ਲੈ ਕੇ ਬਸਪਾ ਵਰਕਰਾਂ ਨੇ ਪਾਰਟੀ ਆਗੂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ। ਦਿਨੇਸ਼ ਪੱਪੂ ਨੇ ਕਿਹਾ ਕਿ ਇਸ ਪੁਲ ਦੇ ਨਿਰਮਾਣ ‘ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਠੇਕੇਦਾਰ ਕੰਮ ਅੱਧ ਵਿਚਾਲੇ ਹੀ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਬੰਜਰਬਾਗ ਤੋਂ ਚੌਹਾਲ ਤੱਕ ਦੀ ਬੇਹੱਦ ਖਸਤਾ ਹਾਲਤ ਸੜਕ ਦਾ ਨਿਰਮਾਣ ਕਰਵਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਲਈ ਕਈ ਵਾਰ ਅਧਿਕਾਰੀਆਂ ਤੇ ਮੰਤਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਬਸਪਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਤੋਂ ਜਲਦੀ ਇਸ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਬਸਪਾ ਵਲੋਂ ਬੰਜਰਬਾਗ ਵਿੱਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। ਰੋਸ ਮੁਜ਼ਾਹਰੇ ਵਿਚ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ ਸੁਖਦੇਵ ਬਿੱਟਾ, ਸ੍ਰੀ ਗੁਰੂ ਰਵਿਦਾਸ ਟਾਈਗਰ ਫ਼ੋਰਸ ਦੇ ਪ੍ਰਧਾਨ ਬਿੰਦਰ ਸਰੋਆ, ਸ਼ਹਿਰੀ ਪ੍ਰਧਾਨ ਵਰਿੰਦਰ ਬੱਧਣ, ਮਨੀਸ਼ ਕੁਮਾਰ, ਵਿਜੇ ਕੁਮਾਰ, ਦਰਸ਼ਨ ਲੱਧੜ, ਰੰਧਾਵਾ ਸਿੰਘ ਹਾਜ਼ਰ ਸਨ।