ਪੁਲੀਸ ਹਿਰਾਸਤ ਵਿੱਚੋਂ ਮੁਲਜ਼ਮ ਫ਼ਰਾਰ; ਦੋ ਥਾਣੇਦਾਰ ਮੁਅੱਤਲ
ਪੱਤਰ ਪ੍ਰੇਰਕ
ਤਰਨ ਤਾਰਨ, 19 ਮਈ
ਪੁਲੀਸ ਹਿਰਾਸਤ ਵਿੱਚੋਂ ਬੀਤੇ ਕੱਲ੍ਹ ਮੁਲਜ਼ਮ ਦੇ ਫਰਾਰ ਹੋ ਜਾਣ ’ਤੇ ਝਬਾਲ ਪੁਲੀਸ ਨੇ ਦੋ ਥਾਣੇਦਾਰਾਂ ਸਮੇਤ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਥਾਣੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ| ਜਾਣਕਾਰੀ ਅਨੁਸਾਰ ਦੋ ਏਐੱਸਆਈ ਜਤਿੰਦਰ ਸਿੰਘ ਤੇ ਕਰਮ ਸਿੰਘ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੇ ਜਾਣ ’ਤੇ ਮੁਲਜ਼ਮ ਹੀਰਾ ਸਿੰਘ ਵਾਸੀ ਝਬਾਲ ਕਲਾਂ ਨੂੰ ਤਰਨ ਤਾਰਨ ਦੀ ਅਦਾਲਤ ’ਚ ਪੇਸ਼ ਕਰਨ ਲਈ ਲੈ ਕੇ ਆਏ ਸਨ ਜਿੱਥੇ ਅਦਾਲਤ ਨੇ ਮੁਲਜ਼ਮ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ| ਇਸੇ ਦੌਰਾਨ ਅਦਾਲਤ ਤੋਂ ਥਾਣੇ ਨੂੰ ਆਉਂਦਿਆਂ ਥਾਣੇਦਾਰ ਜਤਿੰਦਰ ਸਿੰਘ ਅਤੇ ਕਰਮ ਸਿੰਘ ਦੀ ਹਿਰਾਸਤ ਵਿੱਚੋਂ ਹੀਰਾ ਸਿੰਘ ਫਰਾਰ ਹੋ ਗਿਆ| ਝਬਾਲ ਪੁਲੀਸ ਦੇ ਏ ਐੱਸ ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਤਿੰਦਰ ਸਿੰਘ ਤੇ ਕਰਮ ਸਿੰਘ ਤੋਂ ਇਲਾਵਾ ਹੀਰਾ ਸਿੰਘ ਖਿਲਾਫ਼ ਬੀਐੱਨਐੱਸ ਦੀ ਦਫ਼ਾ 262, 263, 264 ਅਧੀਨ ਕੇਸ ਦਰਜ ਕੀਤਾ ਗਿਆ ਹੈ| ਐੱਸ ਐੱਸ ਪੀ ਦੇ ਦਫਤਰ ਵਲੋਂ ਜਤਿੰਦਰ ਸਿੰਘ ਅਤੇ ਕਰਮ ਸਿੰਘ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ|