ਪੁਲੀਸ ਸਟੇਸ਼ਨ ਉੱਤੇ ਹਮਲੇ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਟ੍ਰਿਬਿਉੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਦਸੰਬਰ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਨੇ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲੀਸ ਸਟੇਸ਼ਨ ’ਤੇ ਕੀਤੇ ਹੱਥਗੋਲਾ ਹਮਲੇ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਡੰਡੇ (ਅੰਮ੍ਰਿਤਸਰ) ਅਤੇ ਬਲਜੀਤ ਸਿੰਘ ਵਾਸੀ ਛਾਪਾ (ਤਰਨ ਤਾਰਨ) ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.4 ਕਿਲੋ ਹੈਰੋਇਨ, ਹੱਥਗੋਲਾ ਤੇ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਹ ਘਟਨਾ 17 ਦਸੰਬਰ ਤੜਕੇ ਤਿੰਨ ਵਜੇ ਦੀ ਹੈ ਜਦੋਂ ਇਸਲਾਮਾਬਾਦ ਪੁਲੀਸ ਸਟੇਸ਼ਨ ’ਚ ਵੱਡਾ ਧਮਾਕਾ ਹੋਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਹੋਏ ਵਿਦੇਸ਼ ਆਧਾਰਿਤ ਜੀਵਨ ਫੌਜੀ ਨੇ ਸੋਸ਼ਲ ਮੀਡੀਆ ’ਤੇ ਲਈ ਸੀ। ਡੀਜੀਪੀ ਨੇ ਦੱਸਿਆ ਕਿ ਐੱਸਐੱਸਓਸੀ ਅੰਮ੍ਰਿਤਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਰੀਕਾ-ਆਧਾਰਿਤ ਨਸ਼ਾ ਤਸਕਰ ਸੰਦੀਪ ਸਿੰਘ ਉਰਫ਼ ਸੀਪੂ ਇੱਕ ਤਸਕਰੀ ਨੈੱਟਵਰਕ ਚਲਾ ਰਿਹਾ ਹੈ। ਆਪਣੇ ਸਾਥੀਆਂ ਰਾਹੀਂ ਭਾਰਤ ਵਿੱਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਹੈ। ਇਸ ਸੂਚਨਾ ’ਤੇ ਕਾਰਵਾਈ ਕਰਦਿਆਂ, ਐੱਸਐੱਸਓਸੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਉਸ ਦੇ ਇੱਕ ਸਾਥੀ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੜਤਾਲ ਕਰਨ ’ਤੇ ਪਤਾ ਲੱਗਿਆ ਹੈ ਕਿ ਗੁਰਜੀਤ ਸਿੰਘ ਨੇ ਆਪਣੇ ਸਾਥੀ ਬਲਜੀਤ ਸਿੰਘ ਨਾਲ ਮਿਲ ਕੇ ਵਿਦੇਸ਼ੀ ਵਿਅਕਤੀ ਦੇ ਨਿਰਦੇਸ਼ਾਂ ’ਤੇ ਪੁਲੀਸ ਸਟੇਸ਼ਨ ਇਸਲਾਮਾਬਾਦ ’ਤੇ ਹਮਲਾ ਕੀਤਾ ਸੀ। ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।