ਪੁਲੀਸ ਵੱਲੋਂ ਸ੍ਰੀਨਗਰ, ਡੋਡਾ ਤੇ ਕਿਸ਼ਤਵਾੜ ’ਚ ਛਾਪੇ
ਸ੍ਰੀਨਗਰ/ਜੰਮੂ, 28 ਅਪਰੈਲ
ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਦਹਿਸ਼ਤਗਰਦਾਂ ਦੀ ਭਾਲ ਵਿੱਚ ਪੁਲੀਸ ਨੇ ਅੱਜ ਸ੍ਰੀਨਗਰ, ਡੋਡਾ ਅਤੇ ਕਿਸ਼ਤਵਾੜ ’ਚ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਕੁੱਲ 36 ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਜ਼ਿਆਦਾਤਰ ਟਿਕਾਣੇ ਅਤਿਵਾਦੀਆਂ ਜਾਂ ਇਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਹਨ। ਅਤਿਵਾਦ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਸੁਰੱਖਿਆ ਬਲਾਂ ਦੇ ਜਵਾਨ ਪਿਛਲੇ ਛੇ ਦਿਨਾਂ ਵਿੱਚ ਵਾਦੀ ’ਚ 600 ਤੋਂ ਵੱਧ ਥਾਵਾਂ ’ਤੇ ਛਾਪੇ ਮਾਰ ਚੁੱਕੇ ਹਨ ਅਤੇ ਸੈਂਕੜੇ ਮਸ਼ਕੂਕਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਇਸੇ ਤਰ੍ਹਾਂ ਦਹਿਸ਼ਤਗਰਦਾਂ ਅਤੇ ਅਤਿਵਾਦੀ ਸੰਗਠਨਾਂ ਦੇ ਵਰਕਰਾਂ ਦੇ 9 ਘਰ ਵੀ ਢਾਹ ਦਿੱਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਅੱਜ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ ਅਤਿਵਾਦੀ ਗਰੁੱਪਾਂ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। -ਪੀਟੀਆਈ
ਸਾਬਕਾ ਅਤਿਵਾਦੀਆਂ ਦੀਆਂ ਪਤਨੀਆਂ ਵੱਲੋਂ ਕਸ਼ਮੀਰ ਵਿੱਚ ਰਹਿਣ ਦੀ ਅਪੀਲ
ਬਾਂਦੀਪੋਰਾ: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿੱਚ ਸਾਬਕਾ ਅਤਿਵਾਦੀਆਂ ਦੀਆਂ ਪਾਕਿਸਤਾਨੀ ਪਤਨੀਆਂ ਨੇ ਕਿਹਾ ਕਿ ਉਹ ਆਪਣੇ ਪੁਰਾਣੇ ਦੇਸ਼ ਵਾਪਸ ਜਾਣ ਦੀ ਬਜਾਏ ਮਰਨਾ ਪਸੰਦ ਕਰਨਗੀਆਂ। ਸਾਬਕਾ ਅਤਿਵਾਦੀਆਂ ਲਈ 2010 ਦੀ ਮੁੜ ਵਸੇਬਾ ਨੀਤੀ ਤਹਿਤ ਕਸ਼ਮੀਰ ਆਈਆਂ ਪਾਕਿਸਤਾਨੀ ਔਰਤਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ (ਇੱਥੇ) ਰਹਿਣ ਦਿੱਤਾ ਜਾਵੇ ਜਾਂ ਉਨ੍ਹਾਂ ਨੂੰ ਤਾਬੂਤ ਵਿੱਚ ਭੇਜ ਦਿੱਤਾ ਜਾਵੇ। ਇੱਕ ਸਾਬਕਾ ਅਤਿਵਾਦੀ ਨਾਲ ਵਿਆਹੀ ਹੋਈ ਅਲੀਜ਼ਾ ਰਫੀਕ 2013 ਵਿੱਚ ਮੁੜ ਵਸੇਬਾ ਨੀਤੀ ਤਹਿਤ ਕਸ਼ਮੀਰ ਆਈ ਸੀ। ਬਾਂਦੀਪੋਰਾ ਵਿੱਚ ਰਹਿ ਰਹੀ ਅਲੀਜ਼ਾ ਨੇ ਕਿਹਾ, ‘ਸਾਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਮੇਰੇ ਤਿੰਨ ਬੱਚੇ ਹਨ। ਉਨ੍ਹਾਂ ਨੇ ਮੈਨੂੰ ਆਪਣੀ ਸਭ ਤੋਂ ਛੋਟੀ ਧੀ ਨੂੰ ਇੱਥੇ ਛੱਡ ਕੇ ਜਾਣ ਲਈ ਕਿਹਾ ਹੈ। ਉਹ ਜਵਾਨ ਹੈ, ਮੈਂ ਉਸ ਨੂੰ ਇੱਥੇ ਕਿਵੇਂ ਛੱਡ ਸਕਦੀ ਹਾਂ?’ ਉਸ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਮੰਗੀ ਹੈ। -ਪੀਟੀਆਈ