ਪੁਲੀਸ ਵੱਲੋਂ ਸ਼ਾਂਤਨੂੰ ਹੱਤਿਆ ਮਾਮਲੇ ਦੇ ਮੁਲਜ਼ਮ ਦੀ ਫੋਟੋ ਜਾਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਜੂਨ
ਬੀਤੀ 13 ਜੂਨ ਨੂੰ ਇੱਥੇ ਹੋਈ ਸ਼ਰਾਬ ਕਾਰੋਬਾਰੀ ਸ਼ਾਂਤਨੂੰ ਦੀ ਹੱਤਿਆ ਦੇ ਮਾਮਲੇ ਦੇ ਮੁਲਜ਼ਮ ਨੂੰ ਫੜਾਉਣ ਜਾਂ ਸੂਚਨਾ ਦੇਣ ਵਾਲੇ ਨੂੰ ਹਰਿਆਣਾ ਪੁਲੀਸ ਨੇ ਦੋ ਲੱਖ ਰੁਪਏ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਮੁਲਜ਼ਮ ਦੀ ਪਛਾਣ ਰੋਮਿਲ ਵਾਸੀ ਜ਼ਿਲ੍ਹਾ ਯਮੁਨਾਨਗਰ ਵਜੋਂ ਹੋਈ ਹੈ। ਸਥਾਨਕ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ 13 ਜੂਨ ਨੂੰ ਸ਼ਾਹਬਾਦ ਵਿਚ ਸ਼ਰਾਬ ਕਾਰੋਬਾਰੀ ਸ਼ਾਂਤਨੂੰ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਭਾਲ ਵਿੱਚ ਐੱਸਟੀਐੱਫ ਹਰਿਆਣਾ ਸਣੇ ਕੁਰੂਕਸ਼ੇਤਰ ਦੀਆਂ ਕਈ ਟੀਮਾਂ ਛਾਪੇ ਮਾਰ ਰਹੀਆਂ ਹਨ। ਪੁਲੀਸ ਨੇ ਇਕ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਮੁਲਜ਼ਮ ਨੂੰ ਫੜਾਉਣ ਜਾਂ ਉਸ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਇਸ ਮੁਲਜ਼ਮ ਨੇ 15 ਮਈ ਨੂੰ ਬਿਲਾਸਪੁਰ ਜ਼ਿਲ੍ਹਾ ਯਮੁਨਾਨਗਰ ਵਿਚ ਇਮੀਗਰੇਸ਼ਨ ਸੈਂਟਰ ’ਤੇ ਗੋਲੀਆਂ ਚਲਾਈਆਂ ਸਨ ਅਤੇ ਉਸ ਤੋਂ ਬਾਅਦ ਦੁਬਾਰਾ ਰਾਤ 10 ਵਜੇ ਚੰਡੀਗੜ੍ਹ ਵਿੱਚ ਗੋਲੀਆਂ ਚਲਾਈਆਂ ਸਨ। ਮੁਲਜ਼ਮ ’ਤੇ ਹਰਿਆਣਾ ਪੁਲੀਸ ਨੇ ਦੋ ਲੱਖ ਰੁਪਏ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਏਗਾ। ਇਸ ਸਬੰਧੀ ਜਾਣਕਾਰੀ ਪੁਲੀਸ ਕੰਟਰੋਲ ਰੂਮ ਕੁਰੂਕਸ਼ੇਤਰ 01744 222100, 7082215514 ਮੁਖੀ ਅਪਰਾਧ ਸ਼ਾਖਾ ਇਕ ਕੁਰੂਕਸ਼ੇਤਰ 7056700107 ਤੇ 7056700108 ’ਤੇ ਦਿੱਤੀ ਜਾ ਸਕਦੀ ਹੈ।