ਪੁਲੀਸ ਵੱਲੋਂ ਮੁਕਾਬਲੇ ਮਗਰੋਂ ਪੰਜ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਮਈ
ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਮੁਕਾਬਲੇ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਕਾਰ ਖੋਹਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਹੋਏ ਪੁਲੀਸ ਮੁਕਾਬਲੇ ’ਚ ਇੱਕ ਮੁਲਜ਼ਮ ਗੋਲੀ ਨਾਲ ਜ਼ਖ਼ਮੀ ਹੋ ਗਿਆ। ਗ੍ਰਿਫ਼ਤਾਰਾਂ ’ਚ ਗੁਰਭੇਜ ਸਿੰਘ ਉਰਫ਼ ਭੇਜਾ, ਵਸਨ ਸਿੰਘ ਅਤੇ ਕਮਲਪ੍ਰੀਤ ਸਿੰਘ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਪਿਸਤੌਲ, ਤਿੰਨ ਕਾਰਤੂਸ ਤੇ ਕਾਰ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੱਤ ਮਈ ਦੀ ਰਾਤ ਨੂੰ ਆਦੇਸ਼ ਕਪੂਰ ਕੋਲੋਂ ਅਣਪਛਾਤਿਆਂ ਨੇ ਪਿਸਤੌਲ ਦਿਖਾ ਕੇ ਕਾਰ ਖੋਹ ਲਈ ਸੀ। ਇਸ ਸਬੰਧ ਵਿੱਚ ਥਾਣਾ ਰਣਜੀਤ ਐਵੇਨਿਊ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇੰਸਪੈਕਟਰ ਰੋਬਿਨ ਹੰਸ ਨੇ ਬੀਤੀ ਰਾਤ ਰਣਜੀਤ ਐਵੇਨਿਊ ਦੇ ਆਨੰਦ ਪਾਰਕ ਨੇੜੇ ਮੁਲਜ਼ਮਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਕਾਰਵਾਈ ’ਚ ਕਮਲਪ੍ਰੀਤ ਜਖ਼ਮੀ ਹੋ ਗਿਆ। ਪੁਲੀਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇੱਕ ਮੁਕਾਬਲੇ ਮਗਰੋਂ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇੱਕ ਕਿਲੋ ਤੋਂ ਵੱਧ ਹੈਰੋਇਨ ਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਇੱਕ ਮੁਲਜ਼ਮ ਜ਼ਖ਼ਮੀ ਹੋ ਗਿਆ। ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਕਾਕਾ ਅਤੇ ਵਿੱਕੀ ਵਾਸੀ ਪਿੰਡ ਹਵੇਲੀਆਂ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇੱਕ ਕਿਲੋ 34 ਗ੍ਰਾਮ ਹੈਰੋਇਨ, ਇੱਕ ਗਲੋਕ ਪਿਸਤੌਲ, ਕੁਝ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਹੈ।