ਪੁਲੀਸ ਵੱਲੋਂ ਰੇਲਗੱਡੀ ਵਿੱਚੋਂ 17 ਸਾਲ ਤੋਂ ਭਗੌੜਾ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਈ
ਦਿੱਲੀ ਪੁਲੀਸ ਨੇ ਦੱਸਿਆ ਕਿ 17 ਸਾਲਾਂ ਤੋਂ ਭਗੌੜੇ ਇੱਕ ਕਤਲ ਅਤੇ ਬਲਾਤਕਾਰ ਦੇ ਮੁਲਜ਼ਮ ਨੂੰ ਮਹਾਰਾਸ਼ਟਰ ਵਿੱਚ ਚੱਲਦੀ ਰੇਲਗੱਡੀ ਤੋਂ ਫੜਿਆ ਅਤੇ ਦਿੱਲੀ ਲਿਆਂਦਾ ਗਿਆ। ਮੁਲਜ਼ਮ ਦੀ ਪਛਾਣ ਮੁਹੰਮਦ ਆਲਮ (43) ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਬਿਹਾਰ ਵਿੱਚ 2008 ਦੇ ਕਤਲ ਕੇਸ ਵਿੱਚ ਲੋੜੀਂਦਾ ਸੀ ਜਿੱਥੇ ਉਸ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਆਲਮ ਵਿਰੁੱਧ 30 ਅਕਤੂਬਰ, 2008 ਨੂੰ ਕਤਲ ਕੇਸ ਦਰਜ ਕੀਤਾ ਗਿਆ ਸੀ, ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਕਾਮਯਾਬ ਰਿਹਾ। 2021 ਵਿੱਚ ਆਲਮ ਦੀ ਧੀ ਨੇ ਉਸ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ ਅਤੇ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਉਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। 6 ਮਈ ਨੂੰ ਮਿਲੀ ਸੂਚਨਾ ਤੋਂ ਬਾਅਦ ਪੁਲੀਸ ਟੀਮ ਮੱਧ ਪ੍ਰਦੇਸ਼ ਦੇ ਇਟਾਰਸੀ ਵਿਖੇ ਸ਼੍ਰਮਿਕ ਐਕਸਪ੍ਰੈਸ ਵਿੱਚ ਚੜ੍ਹ ਗਈ ਅਤੇ ਚੱਲਦੀ ਰੇਲਗੱਡੀ ਦੀ ਤਿੰਨ ਤੋਂ ਚਾਰ ਘੰਟੇ ਤਲਾਸ਼ੀ ਸ਼ੁਰੂ ਕੀਤੀ। ਇੱਕ ਤੋਂ ਬਾਅਦ ਇੱਕ ਕੋਚ ਦੀ ਜਾਂਚ ਕਰਨ ਤੋਂ ਬਾਅਦ, ਮੁਲਜ਼ਮ ਨੂੰ ਅੰਤ ਵਿੱਚ ਜਲਗਾਓਂ ਜੰਕਸ਼ਨ ’ਤੇ ਲੱਭ ਲਿਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ। 20 ਘੰਟਿਆਂ ਵਿੱਚ 1,100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਵਾਲੀ ਇਹ ਕਾਰਵਾਈ ਕੀਤੀ ਗਈ। ਐਨੇ ਸਾਲਾਂ ਦੌਰਾਨ ਆਲਮ ਨੇ ਪਛਾਣ, ਦਿੱਖ ਅਤੇ ਸਥਾਨ ਕਈ ਵਾਰ ਬਦਲੇ। ਉਹ ਗ੍ਰਿਫਤਾਰੀ ਤੋਂ ਬਚਣ ਲਈ ਬਿਹਾਰ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਘੁੰਮਦਾ ਰਿਹਾ। ਉਸ ਦੇ ਕਈ ਪਤੇ ਹਨ ਤੇ ਨਿਗਰਾਨੀ ਤੋਂ ਬਚਣ ਲਈ ਉਹ ਮੋਬਾਈਲ ਨੰਬਰ ਬਦਲਦਾ ਰਿਹਾ।