ਪੁਲੀਸ ਵੱਲੋਂ ਖੰਨਾ ਕੌਂਸਲ ਪ੍ਰਧਾਨ ਦੇ ਘਰ ਛਾਪਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਨਵੰਬਰ
ਇਥੋਂ ਦੇ ਉੱਤਰ ਨਗਰ ਸਥਿਤ ਕਾਂਗਰਸੀ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਘਰ ਅੱਜ ਬਾਅਦ ਦੁਪਹਿਰ ਪੁਲੀਸ ਨੇ ਛਾਪਾ ਮਾਰਿਆ। ਕੌਂਸਲ ਪ੍ਰਧਾਨ ਦੇ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਛਾਪੇ ਦੀ ਖ਼ਬਰ ਮਿਲਣ ’ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਸਾਥੀਆਂ ਸਮੇਤ ਕੌਂਸਲ ਪ੍ਰਧਾਨ ਦੇ ਘਰ ਪੁੱਜੇ ਤੇ ਮੌਕੇ ’ਤੇ ਮੌਜੂਦ ਐੱਸਐੱਚਓ ਹਰਦੀਪ ਸਿੰਘ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ। ਸ੍ਰੀ ਕੋਟਲੀ ਨੇ ਸਵਾਲ ਕੀਤਾ ਕਿ ਪ੍ਰਧਾਨ ਦੇ ਘਰ ਕਿਸ ਆਧਾਰ ’ਤੇ ਛਾਪਾ ਮਾਰਿਆ ਗਿਆ ਹੈ ਪਰ ਪੁਲੀਸ ਅਧਿਕਾਰੀ ਇਸ ਦਾ ਜਵਾਬ ਦੇਣ ਤੋਂ ਅਸਮਰੱਥ ਸੀ। ਇਸ ਮਗਰੋਂ ਉਨ੍ਹਾਂ ਪੁਲੀਸ ਟੀਮ ਨੂੰ ਵਾਪਸ ਭੇਜ ਦਿੱਤਾ। ਕੌਂਸਲ ਪ੍ਰਧਾਨ ਦੇ ਭਰਾ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਜੁੜਵਾਂ ਭਰਾ ਹਨ ਅੱਜ ਦੋਵਾਂ ਦਾ ਜਨਮ ਦਿਨ ਸੀ। ਉਹ ਘਰ ਵਿਚ ਆਪਣੇ ਬੱਚਿਆਂ ਨਾਲ ਜਨਮ ਦਿਨ ਮਨਾਉਣ ਦੀਆਂ ਗੱਲਾਂ ਕਰ ਰਹੇ ਸਨ ਤਾਂ ਐੱਸਐੱਚਓ ਆਪਣੀ ਟੀਮ ਸਮੇਤ ਘਰ ਵਿਚ ਦਾਖਲ ਹੋ ਗਏ। ਜਦੋਂ ਪੁਲੀਸ ਤੋਂ ਸਰਚ ਵਾਰੰਟ ਮੰਗਿਆ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤੀ ਸਗੋਂ ਧਮਕੀਆਂ ਦੇਣ ਲੱਗ ਪਏ। ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ। ਸ੍ਰੀ ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਕਾਂਗਰਸ ਦਾ ਹੈ ਉਸ ਤੇ ਪੁਲੀਸ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਕਰਕੇ ਕੌਂਸਲ ਵਿਚ ਕੂੜਾ ਨਿਪਟਾਰੇ ਦੇ ਟੈਂਡਰ ਅਤੇ ਹੋਰ ਵਿਕਾਸ ਕਾਰਜਾਂ ਦੇ ਟੈਂਡਰਾਂ ਵਿੱਚ ਗਬਨ ਕਰਨ ਦੇ ਝੂਠੇ ਮਾਮਲਿਆਂ ਵਿੱਚ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿਚ ਕੌਂਸਲ ਪ੍ਰਧਾਨ ਨੇ ਹਾਈਕੋਰਟ ਦਾ ਸਹਾਰਾ ਲੈ ਕੇ ਉਥੋਂ ਰਾਹਤ ਹਾਸਲ ਕੀਤੀ ਸੀ। ਅਦਾਲਤ ਨੇ ਹੁਕਮ ਜਾਰੀ ਕੀਤਾ ਸੀ ਕਿ ਪ੍ਰਧਾਨ ਦੀ ਗ੍ਰਿਫ਼ਤਾਰੀ ਤੋਂ 10 ਦਿਨ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਹੋਵੇਗਾ। ਦੂਜੇ ਪਾਸੇ ਥਾਣਾ ਸਿਟੀ-2 ਦੇ ਐੱਸਐੱਚਓ ਹਰਦੀਪ ਸਿੰਘ ਨੇ ਸਾਬਕਾ ਮੰਤਰੀ ਕੋਟਲੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨੋਟਿਸ ਦੇਣ ਆਏ ਸਨ ਕਿਉਂਕਿ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਕੌਂਸਲ ਪ੍ਰਧਾਨ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਹੇ।