ਪੁਲੀਸ ਨੇ ਨਸ਼ਟ ਕੀਤੀ ਪੰਜ ਕੁਇੰਟਲ ਨਸ਼ਿਆਂ ਦੀ ਖੇਪ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 25 ਦਸੰਬਰ
ਫਰੀਦਕੋਟ ਜ਼ਿਲ੍ਹਾ ਪੁਲੀਸ ਨੇ ਚਾਲੂ ਸਾਲ ਦੌਰਾਨ ਦਰਜ ਕੀਤੇ 143 ਐੱਨਡੀਪੀਐੱਸ ਐਕਟ ਦੇ ਕੇਸਾਂ ਵਿੱਚ ਬਰਾਮਦ ਕੀਤੇ 5.56 ਕੁਇੰਟਲ ਤੋਂ ਵੱਧ ਨਸ਼ੇ ਨਸ਼ਟ ਕੀਤੇ। ਇਨ੍ਹਾਂ ਨਸ਼ਿਆਂ ਨੂੰ ਕੋਟਕਪੂਰਾ ਨਜ਼ਦੀਕ ਪਿੰਡ ਸੇਢਾ ਸਿੰਘ ਵਾਲਾ ਫੈਕਟਰੀ ਦੀ ਭੱਠੀ ਰਾਹੀਂ ਜ਼ਿਲ੍ਹਾ ਪੁਲੀਸ ਵੱਲੋਂ ਬਣਾਈ ਲਈ ਡਰੱਗ ਡਿਸਪੋਜ਼ ਕਮੇਟੀ ਦੀ ਨਿਗਰਾਨੀ ਹੇਠ ਨਸ਼ਟ ਕੀਤਾ ਗਿਆ। ਵੱਖ-ਵੱਖ ਕੇਸਾਂ ਵਿੱਚ ਬਰਾਮਦ ਹੋਈ 9 ਕਿਲੋ ਅਫੀਮ ਨੂੰ ਇਸ ਭੱਠੀ ਰਾਹੀਂ ਨਸ਼ਟ ਕਰਨ ਦੀ ਬਜਾਏ ਨਿਯਮਾਂ ਅਨੁਸਾਰ ਸਰਕਾਰ ਕੋਲ ਜਮ੍ਹਾਂ ਕਰਵਾ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਦਸੰਬਰ ਤੱਕ 536 ਕਿਲੋ ਭੁੱਕੀ, 5 ਕਿਲੋ 136 ਗ੍ਰਾਮ ਚਿੱਟਾ (ਹੈਰੋਇਨ) , 49572 ਗੋਲੀਆਂ, 3892 ਕੈਪਸੂਲ, 15 ਕਿਲੋ 385 ਗ੍ਰਾਮ ਗਾਂਜਾ, 9 ਕਿਲੋ 350 ਗ੍ਰਾਮ ਅਫੀਮ ਅਤੇ 5 ਗ੍ਰਾਮ ਆਈਸ ਦੀ ਬਰਾਮਦਗੀ ਹੋਈ ਅਤੇ 143 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਧਾਰਾ 52ਏ ਤਹਿਤ ਅਦਾਲਤ ਦੇ ਹੁਕਮਾਂ ਮਗਰੋਂ ਇਨ੍ਹਾਂ ਕੇਸਾਂ ਵਿੱਚ ਅਫੀਮ ਤੋਂ ਬਿਨਾਂ ਬਾਕੀ ਸਾਰੇ ਨਸ਼ਿਆਂ ਨੂੰ ਨਸ਼ਟ ਕਰਨਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀ ਅਫੀਮ ਅਤੇ ਭੁੱਕੀ ਦੀ ਬਰਾਮਦਗੀ ਘਟੀ ਹੈ ਜਦੋਂ ਕਿ ਚਿੱਟੇ ਦੀ ਬਰਾਮਦਗੀ ਵਧੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 26 ਕੁਇੰਟਲ ਭੁੱਕੀ ਅਤੇ 58 ਕਿਲੋ ਅਫੀਮ ਬਰਾਮਦ ਹੋਈ ਸੀ, ਪਰ ਚਿੱਟਾ ਪਿਛਲੇ ਸਾਲ 2 ਕਿਲੋ 478 ਗ੍ਰਾਮ ਬਰਾਮਦ ਹੋਇਆ ਸੀ। ਨਸ਼ਿਆਂ ਦੀ ਖੇਪ ਨਸ਼ਟ ਕਰਨ ਸਮੇਂ ਜ਼ਿਲ੍ਹਾ ਪੁਲੀਸ ਮੁਖੀ ਦੇ ਡਾ. ਪ੍ਰਗਿਆ ਜੈਨ, ਐਸਪੀ ਜਸਮੀਤ ਸਿੰਘ, ਡੀਐੱਸਪੀ ਤ੍ਰਿਲੋਚਨ ਸਿੰਘ, ਜਤਿੰਦਰ ਸਿੰਘ ਅਤੇ ਰਾਜਨ ਕੁਮਾਰ ਵੀ ਮੌਜੂਦ ਸਨ।