ਪੁਲੀਸ ਨੇ ਅਸ਼ਟਾਮਫਰੋਸ਼ ਨੂੰ ਲੁੱਟਣ ਦਾ ਮਾਮਲਾ ਸੁਲਝਾਇਆ
ਕਰਮਜੀਤ ਸਿੰਘ ਚਿੱਲਾ
ਬਨੂੜ, 2 ਜਨਵਰੀ
ਸਬ ਤਹਿਸੀਲ ਵਿੱਚ 24 ਦਸੰਬਰ ਨੂੰ ਪਿੰਡ ਗੱਜੂ ਖੇੜਾ ਦੇ ਅਸ਼ਟਾਮਫ਼ਰੋਸ਼ ਸੰਜੀਵ ਕੁਮਾਰ ਪੁੱਤਰ ਰਾਜਿੰਦਰਪਾਲ ਨੂੰ ਰਾਤ ਨੂੰ ਘਰ ਜਾਂਦਿਆਂ ਬਨੂੜ ਤੋਂ ਹੁਲਕਾ ਵਿਚਾਲੇ ਸੰਪਰਕ ਸੜਕ ’ਤੇ ਘੇਰ ਕੇ ਕੁੱਟਮਾਰ ਕਰਨ ਮਗਰੋਂ ਉਸ ਕੋਲੋਂ ਤਿੰਨ ਲੱਖ ਦੀ ਨਕਦੀ, ਲੈਪਟਾਪ ਅਤੇ ਹੋਰ ਸਮਾਨ ਖੋਹਣ ਦੀ ਵਾਰਦਾਤ ਨੂੰ ਪੁਲੀਸ ਨੇ ਹੱਲ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਅਸ਼ਟਾਮਫ਼ਰੋਸ਼ ਦੇ ਦਫ਼ਤਰ ਵਿੱਚ ਕੰਮ ਕਰਦੀ ਇੱਕ ਲੜਕੀ ਅਤੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਚੌਥਾ ਨੌਜਵਾਨ ਫ਼ਰਾਰ ਹੈ।
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਅੱਜ ਦੁਪਹਿਰੇ ਥਾਣੇ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅਸ਼ਟਾਮਫ਼ਰੋਸ ਦੇ ਦਫ਼ਤਰ ਵਿਖੇ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਦੀ ਲੜਕੀ ਜੋਤੀ ਨੇ ਰੇਕੀ ਕੀਤੀ। ਉਨ੍ਹਾਂ ਦੱਸਿਆ ਕਿ ਲੜਕੀ ਨੇ ਆਪਣੇ ਜਾਣਕਾਰ ਅਮਨਪ੍ਰੀਤ ਸਿੰਘ ਵਾਸੀ ਨੰਡਿਆਲੀ ਨੂੰ ਅਸ਼ਟਾਮਫਰੋਸ਼ ਸੰਜੀਵ ਕੁਮਾਰ ਦੇ ਦਫ਼ਤਰ ਤੋਂ ਘਰ ਜਾਣ ਬਾਰੇ ਜਾਣੂ ਕਰਾਇਆ। ਥਾਣਾ ਮੁਖੀ ਨੇ ਅਨੁਸਾਰ ਅਮਨਪ੍ਰੀਤ ਨੇ ਆਪਣੇ ਦੋਸਤਾਂ ਸਤਵਿੰਦਰ ਸਿੰਘ ਉਰਫ਼ ਸ਼ੈਂਟੀ ਵਾਸੀ ਨੰਡਿਆਲੀ, ਅਰਵਿੰਦ ਕੁਮਾਰ ਉਰਫ਼ ਛੋਟੂ ਵਾਸੀ ਬੰਦਾ ਬਹਾਦਰ ਕਲੋਨੀ ਬਨੂੜ, ਮੋਹਿਤ ਕੁਮਾਰ ਵਾਸੀ ਬਨੂੜ ਨਾਲ ਮਿਲ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਤੇ ਸੰਜੀਵ ਦੀ ਕੁੱਟਮਾਰ ਕਰਕੇ ਨਕਦ ਰਾਸ਼ੀ ਤੇ ਲੈਪਟਾਪ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਹਾਲੇ ਫ਼ਰਾਰ ਹੈ ਅਤੇ ਬਾਕੀ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਸਤਵਿੰਦਰ ਸਿੰਘ ਸ਼ੈਂਟੀ ਕੋਲੋ ਪੰਜਾਹ ਹਜ਼ਾਰ ਰੁਪਏ, ਮੋਹਿਤ ਕੁਮਾਰ ਤੋਂ ਇੱਕ ਲੱਖ ਵੀਹ ਹਜ਼ਾਰ, ਅਰਵਿੰਦ ਤੋਂ 42000 ਰੁਪਏ ਬਰਾਮਦ ਕੀਤੇ ਹਨ।