ਇਮਦਾਦ
ਜਦੋਂ ਕੋਈ ਰਾਹ ਦਸੇਰਾ, ਖੜ੍ਹਾ ਕਰ ਲਏ ਝਗੜਾ ਝੇੜਾ, ਢੋਂਹਦਾ ਫਿਰੇ ਨ੍ਹੇਰਾ, ਢਾਹੁਣ ਨੂੰ ਪਏ ਬਨੇਰਾ ਤਾਂ ਫਿਰ ਖੜ੍ਹਾ ਤਾਂ ਹੋਣਾ ਹੀ ਹੈ ਬਖੇੜਾ; ਤੇ ਫਿਰ ਢੱਠਿਆ ਬਨੇਰਾ ਹਾਲ ਪਾਰ੍ਹਿਆ ਤਾਂ ਕਰੇਗਾ ਹੀ। ਹਾਲ ਪਾਰ੍ਹਿਆ ਕਰੇਗੀ ਰੋਹ ਪੈਦਾ... ਤੇ ਇਹ ਰੋਹ ਫਿਰ ਆਪਣੇ ਆਪ ਨੂੰ ਰਾਹ ਦਸੇਰੇ ਸਮਝਦਿਆਂ ਨੂੰ ਪੜ੍ਹਨੇ ਵੀ ਦਿੰਦਾ ਹੈ ਤੇ ਉਨ੍ਹਾਂ ਲਈ ਹਾਸੋਹੀਣੀ ਹਾਲਤ ਵੀ ਪੈਦਾ ਕਰ ਦਿੰਦਾ ਹੈ। ਜੇ ਇਹੋ ਜਿਹਾ ਝਗੜਾ ਪੈਦਾ ਹੀ ਸੁਰੱਖਿਆ ਕਰਮੀਆਂ ਨਾਲ ਹੋਈ ਵਧੀਕੀ ਤੋਂ ਹੋਇਆ ਹੋਵੇ ਤਾਂ ਫਿਰ ਗੱਲ ਦਾ ਖਿਲਾਰਾ ਪੈਣ ਨੂੰ ਦੇਰ ਨਹੀਂ ਲੱਗਦੀ!
ਇਹ ਘਟਨਾ ਸ਼ਾਇਦ 1979 ਦੀ ਹੈ। ਪਟਿਆਲਾ ਵਿੱਚ ਇੱਕ ਪੁਲੀਸ ਕਰਮਚਾਰੀ ਆਵਾਜਾਈ ਕੰਟਰੋਲ ਕਰਨ ਦੀ ਡਿਊਟੀ ਨਿਭਾਉਣ ਸਮੇਂ ਇੱਕ ਪਾਸੇ ਤੋਂ ਆ ਰਹੀ ਆਵਾਜਾਈ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ ਤਾਂ ਉਥੋਂ ਲੰਘ ਰਹੇ ਮੰਤਰੀ ਜੀ ਦੇ ਕਾਫ਼ਲੇ ਨੂੰ ਰੁਕਣਾ ਪੈ ਜਾਂਦਾ ਹੈ। ਇਸ ਨੂੰ ਮੰਤਰੀ ਜੀ ਨੇ ਆਪਣੀ ਹੇਠੀ ਸਮਝੀ ਅਤੇ ਪੁਲੀਸ ਕਰਮਚਾਰੀ ਦੇ ਥੱਪੜ ਕੱਢ ਮਾਰਿਆ। ਬੱਸ ਫਿਰ ਕੀ ਸੀ? ਲਾ-ਲਾ ਲਾ-ਲਾ ਹੋ ਗਈ ਅਤੇ ਇਹ ਘਟਨਾ ਜੰਗਲ ਦੀ ਅੱਗ ਵਾਂਗ ਸਾਰੇ ਪੰਜਾਬ ਵਿੱਚ ਫੈਲ ਗਈ। ਰੋਹ ਵਿੱਚ ਆਏ ਪੁਲੀਸ ਕਰਮਚਾਰੀ ਸੜਕਾਂ ’ਤੇ ਆ ਗਏ।
ਉਨ੍ਹਾਂ ਦਿਨਾਂ ਵਿੱਚ ਮੈਂ ਆਈਟੀਆਈ ਰੋਪੜ ਦਾ ਸਿਖਿਆਰਥੀ ਸਾਂ ਅਤੇ ਵਿਦਿਆਰਥੀ ਲਹਿਰ ਵਿੱਚ ਸਰਗਰਮ ਸਾਂ। ਉਸ ਦਿਨ ਮੇਰੇ ਜਾਣੂ ਦੋ ਪੁਲੀਸ ਕਰਮਚਾਰੀ ਮੈਨੂੰ ਲੱਭਦੇ-ਲੱਭਦੇ ਮੇਰੇ ਕੋਲ ਆ ਗਏ। ਉਨ੍ਹਾਂ ਪੁਲੀਸ ਹੜਤਾਲ ਦੀ ਗੱਲ ਕਰਦਿਆਂ ਪੁਲੀਸ ਕੋਲ ਕੋਈ ਬੁਲਾਰਾ ਨਾ ਹੋਣ ਦੀ ਗੱਲ ਆਖ ਕੇ ਮੈਥੋਂ ਹਮਾਇਤ ਦੀ ਮੰਗ ਕੀਤੀ। ਪਹਿਲਾਂ ਮੈਂ ਸੋਚਿਆ, ਜਿਹੜੇ ਪੁਲੀਸ ਕਰਮਚਾਰੀ ਸਾਡਾ ਵਿਦਿਆਰਥੀ ਘੋਲ ਦਬਾਉਣ ਲਈ ਡੰਡਾ ਖੜਕਾਉਂਦੇ ਰਹਿੰਦੇ ਹਨ, ਭੁਲੇਖੇ ਨਾਲ ਕਿਤੇ ਹੋਰ ਹੀ ਨਾ ਕੁਝ ਕਰ ਗੁਜ਼ਰਨ। ਉਨ੍ਹਾਂ ਵੱਲੋਂ ਨੌਕਰੀ ਦਾ ਵਾਸਤਾ ਪਾ ਕੇ ਯਕੀਨ ਦਿਵਾਉਣ ਅਤੇ ਆਪਣਾ ਫਰਜ਼ ਸਮਝ ਕੇ ਮੈਂ ਉਨ੍ਹਾਂ ਨਾਲ ਰੋਪੜ ਬੱਸ ਅੱਡੇ ਜਾ ਪੁੱਜਾ ਜਿੱਥੇ ਪੁਲੀਸ ਸੰਘਰਸ਼ ਦੀ ਹਮਾਇਤ ਕਰਨ ਦੇ ਨਾਲ-ਨਾਲ ਹੋਈ ਵਧੀਕੀ ਦੀ ਨਿੰਦਾ ਕਰਦਿਆਂ ਇਨਸਾਫ ਦੀ ਮੰਗ ਵੀ ਕੀਤੀ।
ਰੈਲੀ ਸਮਾਪਤ ਹੋਈ ਤਾਂ ਉਨ੍ਹਾਂ ਮੈਨੂੰ ਅਗਲੇ ਪੜਾਅ ਬਲਾਚੌਰ ਵੀ ਨਾਲ ਜਾਣ ਲਈ ਕਿਹਾ। ਬਲਾਚੌਰ ਮੇਰਾ ਆਪਣਾ ਸ਼ਹਿਰ ਹੋਣ ਕਰ ਕੇ ਮੈਂ ਝੱਟ ਉਨ੍ਹਾਂ ਨਾਲ ਤੁਰ ਪਿਆ ਜਿੱਥੋਂ ਉਨ੍ਹਾਂ ਮੈਨੂੰ ਪੱਕਾ ਹੀ ਆਪਣੇ ਨਾਲ ਤੋਰ ਲਿਆ। ਬਲਾਚੌਰ, ਗੜ੍ਹਸ਼ੰਕਰ, ਮਾਹਿਲਪੁਰ ਦੀਆਂ ਰੈਲੀਆਂ ਤੋਂ ਬਾਅਦ ਹੁਸ਼ਿਆਰਪੁਰ ਬੱਸ ਅੱਡੇ ਦੇ ਸਾਹਮਣੇ ਰੈਲੀ ਵਿੱਚ ਹੁਸ਼ਿਆਰਪੁਰ ਦੇ ਪੁਲੀਸ ਕਰਮਚਾਰੀਆਂ ਦੇ ਸ਼ਾਮਿਲ ਹੋਣ ਨਾਲ ਇਕੱਠ ਕਾਫੀ ਵੱਡਾ ਹੋ ਗਿਆ। ਉਸ ਰੈਲੀ ਨੂੰ ਮੈਥੋਂ ਬਿਨਾਂ ਅੱਧੀ ਦਰਜਨ ਤੋਂ ਵੱਧ ਬੁਲਾਰਿਆਂ ਨੇ ਸੰਬੋਧਨ ਕੀਤਾ।
ਰੈਲੀ ਦੀ ਸਮਾਪਤੀ ਤੋਂ ਪਹਿਲਾਂ ਹੀ ਕੁਝ ਪੁਲੀਸ ਵਾਲਿਆਂ ਸਾਨੂੰ ਦੱਸਿਆ- ‘ਤੁਹਾਡੇ ਵਾਰੰਟ ਹੋ ਗਏ, ਇਸ ਲਈ ਤੁਸੀਂ ਆਸੇ ਪਾਸੇ ਹੋ ਜਾਓ; ਪਤਾ ਨਹੀਂ, ਵਿੱਚੋਂ ਹੀ ਕੁਝ ਕਾਲੀਆਂ ਭੇਡਾਂ ਕੋਈ ਚੰਦ ਨਾ ਚੜ੍ਹਾ ਦੇਣ?’... ਤੇ ਅਸੀਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕਰ ਲਈ। ਉਂਝ, ਵਾਰੰਟਾਂ ਵਾਲੀ ਗੱਲ ਮੁੜ ਕਦੇ ਸਾਹਮਣੇ ਨਹੀਂ ਆਈ। ਹੋ ਸਕਦੈ, ਪੁਲੀਸ ਦੀ ਇਮਦਾਦ ਕਾਰਨ ਕਿਸੇ ਨੇ ਗੱਲ ਆਈ-ਗਈ ਕਰਵਾ ਦਿੱਤੀ ਹੋਵੇ!
ਸੰਪਰਕ: 98142-80838