ਪੁਲੀਸ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ
ਹਰਦੀਪ ਸਿੰਘ
ਧਰਮਕੋਟ, 26 ਮਈ
ਪਿੰਡ ਰੇੜ੍ਹਵਾਂ ਦੇ ਨੌਜਵਾਨ ਦੀ ਅੱਜ ਪੁਲੀਸ ਦੇ ਕਥਿਤ ਤਸ਼ੱਦਦ ਕਾਰਨ ਮੌਤ ਹੋ ਗਈ। ਇਸ ਨੌਜਵਾਨ ਨੂੰ ਉਸ ਦੇ ਦੋ ਸਾਥੀਆਂ ਸਣੇ ਕੁਝ ਦਿਨ ਪਹਿਲਾਂ ਨਾਜਾਇਜ਼ ਅਸਲੇ ਦੇ ਦੋਸ਼ ਹੇਠ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਨੌਜਵਾਨ ਦੀ ਮੌਤ ਪੁੱਛ-ਪੜਤਾਲ ਦੌਰਾਨ ਕੀਤੇ ਅਣਮਨੁੱਖੀ ਤਸ਼ੱਦਦ ਕਾਰਨ ਹੋਈ ਹੈ। ਦੂਜੇ ਪਾਸੇ, ਜ਼ਿਲ੍ਹਾ ਪੁਲੀਸ ਮੁਖੀ ਨੇ ਮ੍ਰਿਤਕ ਨੌਜਵਾਨ ’ਤੇ ਜ਼ਿਲ੍ਹੇ ਅੰਦਰ ਅਜਿਹੇ ਕਿਸੇ ਵੀ ਪੁਲੀਸ ਤਸ਼ੱਦਦ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਮੁਤਾਬਕ 12 ਮਈ ਨੂੰ ਪੁਲੀਸ ਨੇ ਪਿੰਡ ਰੇੜ੍ਹਵਾਂ ਦੇ ਦੋ ਨੌਜਵਾਨਾਂ ਤਾਜਬੀਰ ਸਿੰਘ ਤੇ ਗੱਗੂ ਅਤੇ ਪਿੰਡ ਸੈਦਜਲਾਲ ਦੇ ਮੇਜਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਪੁਲੀਸ ਵੱਲੋਂ ਕੀਤੇ ਕਥਿਤ ਅਣਮਨੁੱਖੀ ਤਸ਼ੱਦਦ ਮਗਰੋਂ ਤਾਜਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਸੀ। ਤਾਜਬੀਰ ਦੇ ਦਾਦਾ ਸੁਰਜੀਤ ਸਿੰਘ ਦੇ ਕਹਿਣ ’ਤੇ ਸਰਪੰਚ ਮਨਪ੍ਰੀਤ ਸਿੰਘ ਮੰਨਾ ਤੇ ਉਸ ਦੇ ਦੋ ਸਾਥੀ ਨੌਜਵਾਨ ਨੂੰ ਪੁਲੀਸ ਕੋਲੋਂ ਛੁਡਵਾ ਕੇ ਲਿਆਏ ਸਨ। ਉਸੇ ਦਿਨ ਤੋਂ ਤਾਜਬੀਰ ਜ਼ੇਰੇ ਇਲਾਜ ਸੀ। ਅੱਜ ਸਿਵਲ ਹਸਪਤਾਲ ਕੋਟ ਈਸੇ ਖਾਂ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੋ ਧੀਆਂ ਦਾ ਪਿਤਾ ਸੀ।
ਸੀਆਈਏ ਸਟਾਫ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਹਿਰਾਸਤ ’ਚ ਨਹੀਂ ਲਿਆ ਸੀ। ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫੋਨ ’ਤੇ ਥਾਣੇਦਾਰ ਨਾਲ ਨੌਜਵਾਨਾਂ ਨੂੰ ਛੁਡਾਉਣ ਦੀ ਗੱਲ ਹੋਈ ਸੀ। ਉਹ ਮੋਗਾ ਦੇ ਬਾਜ਼ਾਰ ਵਿੱਚੋਂ ਆਪਣੇ ਪਿੰਡ ਦੇ ਦੋਵਾਂ ਨੌਜਵਾਨਾਂ ਤੇ ਪਿੰਡ ਸੈਦਜਲਾਲ ਦੇ ਸਰਪੰਚ ਆਪਣੇ ਪਿੰਡ ਦੇ ਮੇਜਰ ਸਿੰਘ ਨੂੰ ਪਿੰਡ ਲੈ ਆਏ ਸਨ। ਉਪ-ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਵੀ ਇਸ ਮਾਮਲੇ ਬਾਰੇ ਅਗਿਆਨਤਾ ਪ੍ਰਗਟਾਈ। ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ ਵਾਲੇ ਥਾਣੇ ਬਾਰੇ ਵੀ ਭੇਦ ਬਣਿਆ ਹੋਇਆ ਹੈ। ਮ੍ਰਿਤਕ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਸਿਵਲ ਕੱਪੜਿਆਂ ’ਚ ਆਏ ਵਿਅਕਤੀਆਂ ਨੇ ਤਾਜਬੀਰ ਨੂੰ ਘਰ ਤੋਂ ਹਿਰਾਸਤ ਵਿੱਚ ਲਿਆ ਸੀ। ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਨਹੀਂ ਲਿਆ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਹਿਰਾਸਤ ਵਿੱਚ ਲਿਆ ਸੀ। ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਬਰਾਹਮਕੇ ਸਾਥੀਆਂ ਸਣੇ ਹਸਪਤਾਲ ਪੁੱਜੇ ਤੇ ਇਨਸਾਫ਼ ਦੀ ਮੰਗ ਕੀਤੀ। ਥਾਣਾ ਧਰਮਕੋਟ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਹੋਣ ਤੱਕ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਆਖ ਰਿਹਾ ਹੈ। ਪਰਿਵਾਰ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ।
ਪੁਲੀਸ ਨੇ ਪਰਿਵਾਰ ਨੂੰ ਪੋਸਟਮਾਰਟਮ ਲਈ ਰਾਜ਼ੀ ਕੀਤਾ
ਉਪ-ਪੁਲੀਸ ਕਪਤਾਨ ਧਰਮਕੋਟ ਨੇ ਥਾਣਾ ਧਰਮਕੋਟ ’ਚ ਪਰਿਵਾਰ ਅਤੇ ਪਿੰਡ ਦੇ ਪਤਵੰਤਿਆਂ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨੂੰ ਲਾਸ਼ ਦੇ ਪੋਸਟਮਾਰਟਮ ਲਈ ਰਾਜ਼ੀ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇੰਟੈਲੀਜੈਂਸ ਟੀਮ ਤੋਂ ਵੀ ਵੱਖਰੇ ਤੌਰ ’ਤੇ ਪੁੱਛ-ਪੜਤਾਲ ਕੀਤੀ ਗਈ ਹੈ।