ਪੁਰਾਤੱਤਵ ਵਿਭਾਗ ਵੱਲੋਂ ਪਿੰਡ ਪੋਲਡ ਖਾਲੀ ਕਰਨ ਲਈ ਨੋਟਿਸ ਜਾਰੀ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 19 ਮਈ
ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਪੋਲਡ ਦੇ ਪ੍ਰਾਚੀਨ ਪਿੰਡ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ । ਨੋਟਿਸ ਮਿਲਣ ਮਗਰੋਂ ਪਿੰਡ ਵਾਸੀ ਪ੍ਰੇਸ਼ਾਨ ਹਨ। ਵਿਭਾਗ ਨੇ ਪਿੰਡ ਦੇ 206 ਘਰਾਂ ਨੂੰ ਨੋਟਿਸ ਭੇਜੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨੋਟਿਸ ਮਿਲਣ ਮਗਰੋਂ ਆਂਗਣਵਾੜੀ ਵਰਕਰ ਗੁਰਮੀਤ ਕੌਰ ਦੀ ਪਿੰਡ ਵਿੱਚ ਮੌਤ ਹੋ ਗਈ। ਔਰਤ ਦੀ ਮੌਤ ਕਾਰਨ ਪਿੰਡ ਵਾਸੀਆਂ ਵਿੱਚ ਪੁਰਾਤੱਤਵ ਵਿਭਾਗ ਦੇ ਕੰਮਕਾਜ ਖ਼ਿਲਾਫ਼ ਰੋਸ ਹੈ। ਜ਼ਿਕਰਯੋਗ ਹੈ ਕਿ ਪਿੰਡ ਪੋਲਡ ਵਿੱਚ ਦੋ ਹਜ਼ਾਰ ਵੋਟਾਂ ਹਨ ਅਤੇ ਪਿੰਡ ਦੀ ਆਬਾਦੀ ਲਗਪਗ ਛੇ ਹਜ਼ਾਰ ਹੈ। ਇੱਥੋਂ ਦੀ ਵਧੇਰੇ ਆਬਾਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਭਾਰਤ-ਪਾਕਿਸਤਾਨ ਵੰਡ ਸਮੇਂ ਇੱਥੇ ਵੱਸ ਗਏ ਸਨ ਅਤੇ ਉਦੋਂ ਤੋਂ ਹੀ ਪਿੰਡ ਵਿੱਚ ਰਹਿ ਰਹੇ ਹਨ। ਹੁਣ ਤੱਕ, ਪੁਰਾਤੱਤਵ ਵਿਭਾਗ ਵੱਲੋਂ ਪਿੰਡ ਦੀ ਤਿੰਨ ਵਾਰ ਖੁਦਾਈ ਕੀਤੀ ਜਾ ਚੁੱਕੀ ਹੈ, ਪਰ ਕੋਈ ਇਤਿਹਾਸਕ ਸਮੱਗਰੀ ਨਹੀਂ ਮਿਲੀ।
ਇਸ ਦੇ ਬਾਵਜੂਦ, ਉਨ੍ਹਾਂ ਨੂੰ ਬੇਘਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਗੂਹਲਾ ਤੋਂ ਕਾਂਗਰਸ ਵਿਧਾਇਕ ਦੇਵੇਂਦਰ ਹੰਸ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ। ਵਿਧਾਇਕ ਹੰਸ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਕੀਮਤ ’ਤੇ ਉਜਾੜਨ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਕਾਨੂੰਨੀ ਅਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨਗੇ। ਕੈਥਲ ਦੀ ਡਿਪਟੀ ਕਮਿਸਨਰ ਪ੍ਰੀਤੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ। ਜੇ ਪੁਰਾਤੱਤਵ ਵਿਭਾਗ ਨੇ ਪਿੰਡ ਵਾਸੀਆਂ ਨੂੰ ਕੋਈ ਨੋਟਿਸ ਜਾਰੀ ਕੀਤਾ ਹੈ, ਤਾਂ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਢੁਕਵਾਂ ਹੱਲ ਲੱਭਿਆ ਜਾਵੇਗਾ।
ਪਿੰਡ ਨੂੰ ਰਾਵਣ ਦੇ ਦਾਦਾ ਦਾ ਤਪੱਸਿਆ ਸਥਾਨ ਮਨ ਰਹੇ ਨੇ ਇਤਿਹਾਸਕਾਰ
ਇਤਿਹਾਸਕਾਰਾਂ ਅਨੁਸਾਰ ਇਹ ਸਥਾਨ ਰਾਵਣ ਦੇ ਦਾਦਾ ਪੁਲਿਸਤਿਆਮੁਨੀ ਦਾ ਤਪੱਸਿਆ ਸਥਾਨ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪੁਲਿਸਤਯਮੁਨੀ ਨੇ ਸਰਸਵਤੀ ਨਦੀ ਦੇ ਕੰਢੇ ਸਥਿਤ ਇਕਸ਼ੂਪਤੀ ਤੀਰਥ ਵਿਖੇ ਤਪੱਸਿਆ ਕੀਤੀ ਸੀ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਰਾਵਣ ਦਾ ਬਚਪਨ ਇਸ ਸਥਾਨ ’ਤੇ ਬੀਤਿਆ ਸੀ। ਪਿੰਡ ਵਿੱਚ ਸਥਾਪਤ ਸਰਸਵਤੀ ਮੰਦਰ ਅਤੇ ਸਦੀਆਂ ਪੁਰਾਣਾ ਸ਼ਿਵਲਿੰਗ ਇਸ ਦੀ ਇਤਿਹਾਸਕਤਾ ਨੂੰ ਦਰਸਾਉਂਦਾ ਹੈ। ਉਧਰ, ਪੁਰਾੱਤਤਵ ਵਿਭਾਗ ਦਾ ਕਹਿਣਾ ਹੈ ਕਿ ਇੱਥੇ ਬਹੁਤ ਪੁਰਾਣੀਆਂ ਅਤੇ ਦੁਰਲੱਭ ਵਸਤੂਆਂ ਮਿਲ ਸਕਦੀਆਂ ਹਨ। ਵਿਭਾਗ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਹੀ ਪਿੰਡ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।