ਪੁਰਾਤੱਤਵ ਵਿਭਾਗ ਨੇ ਮੁਬਾਰਕ ਮੰਜ਼ਿਲ ਮਹਿਲ ਦਾ ਕਬਜ਼ਾ ਲਿਆ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 15 ਮਈ
ਰਿਆਸਤ ਮਾਲੇਰਕੋਟਲਾ ਮਾਲੇਰਕੋਟਲਾ ਦੇ ਆਖ਼ਰੀ ਸ਼ਾਸਕ ਨਵਾਬ ਇਫ਼ਤਿਖਾਰ ਅਲੀ ਖਾਨ ਦੀ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸਾ ਦੀ ਰਿਹਾਇਸ਼ਗਾਹ ਰਹੇ ਸ਼ਾਹੀ ਮਹਿਲ ਮੁਬਾਰਕ ਮੰਜ਼ਿਲ ’ਤੇ ਅੱਜ ਪੰਜਾਬ ਦੇ ਪੁਰਾਤੱਤਵ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਮੁਕੰਮਲ ਕਬਜ਼ਾ ਕਰ ਲਿਆ। ਡਿਊਟੀ ਮੈਜਿਸਟਰੇਟ ਰਿਤੂ ਗੁਪਤਾ ਤਹਿਸੀਲਦਾਰ ਮਾਲੇਰਕੋਟਲਾ ਦੀ ਮੌਜੂਦਗੀ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਬੇਗ਼ਮ ਮੁਨੱਵਰ-ਉਨ-ਨਿਸਾ ਦੀ ਰਿਸ਼ਤੇ ਵਿੱਚ ਪੋਤੀ ਅਤੇ ਇਕਲੌਤੀ ਵਾਰਿਸ ਹੋਣ ਦਾ ਦਾਅਵਾ ਕਰ ਰਹੀ ਮਹਿਰੂ ਨਿਸਾ ਨੂੰ ਉਸਦੇ ਪਰਿਵਾਰ ਸਮੇਤ ਮਹਿਲ ਵਿੱਚੋਂ ਬਾਹਰ ਕੱਢ ਕੇ ਤਾਲੇ ਲਗਾ ਦਿੱਤੇ। ਬੇਗ਼ਮ ਮੁਨੱਵਰ-ਉਨ-ਨਿਸਾ ਦਾ 27 ਅਕਤੂਬਰ 2023 ਨੂੰ 102 ਸਾਲ ਦੀ ਉਮਰ ਵਿੱਚ ਇੰਤਕਾਲ ਹੋ ਗਿਆ ਸੀ।
ਤਹਿਸੀਲਦਾਰ ਰਿਤੂ ਗੁਪਤਾ ਨੇ ਦੱਸਿਆ ਕਿ ਮਹਿਲ ਦੇ ਇੱਕ ਹਿੱਸੇ ਵਿੱਚ ਨਾਜਾਇਜ਼ ਬੈਠੇ ਬੰਦਿਆਂ ਨੂੰ ਡੀਸੀ ਦੇ ਹੁਕਮਾਂ ਅਨੁਸਾਰ ਹਟਾਇਆ ਗਿਆ ਹੈ। ਮਹਿਲ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਪਰਿਵਾਰ ਨੂੰ ਕੋਈ ਨੋਟਿਸ ਦੇਣ ਸਬੰਧੀ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਮਰਹੂਮ ਬੇਗ਼ਮ ਮੁਨੱਵਰ-ਉਨ-ਨਿਸਾ ਦੀ ਪੋਤੀ ਵਜੋਂ ਇੱਕੋ-ਇੱਕ ਵਾਰਿਸ ਹੋਣ ਦਾ ਦਾਅਵਾ ਕਰ ਰਹੀ ਮਹਿਰੂ ਨਿਸਾ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੋਈ ਨੋਟਿਸ ਦਿੱਤੇ ਬਗੈਰ ਹੀ ਅੱਜ ਧੱਕੇ ਨਾਲ ਪਰਿਵਾਰ ਸਮੇਤ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ।
ਇਸ ਦੌਰਾਨ ਮਹਿਰੂ ਨਿਸਾ ਨੇ ਮਰਹੂਮ ਬੇਗ਼ਮ ਵੱਲੋਂ 07.02.2023 ਨੂੰ ਕੀਤਾ ਵਸੀਅਤਨਾਮਾ ਪੇਸ਼ ਕਰ ਕੇ ਬੇਗ਼ਮ ਦੀ ਚੱਲ-ਅਚੱਲ ਸੰਪਤੀ ਦੀ ਮਾਲਕ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਸੰਨ 1982-83 ਤੋਂ ਬੇਗ਼ਮ ਦੇ ਨਾਲ ਹੀ ਇਸ ਮਹਿਲ ਵਿੱਚ ਰਹਿ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਅਧਰੰਗ ਤੋਂ ਪੀੜਤ ਮਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਸ ਦੀਆਂ ਦਵਾਈਆਂ ਤੇ ਪਰਿਵਾਰ ਦੇ ਕੱਪੜੇ ਵਗੈਰਾ ਵੀ ਚੁੱਕਣ ਨਹੀਂ ਦਿੱਤੇ ਗਏ।
ਨਵਾਬ ਅਹਿਮਦ ਅਲੀ ਖਾਨ ਨੇ ਸਾਲ 1900 ’ਚ ਬਣਾਇਆ ਸੀ ਮਹਿਲ
ਨਵਾਬ ਇਬਰਾਹੀਮ ਦੇ ਬੇਟੇ ਨਵਾਬ ਅਹਿਮਦ ਅਲੀ ਖਾਨ ਵੱਲੋਂ ਅੰਗਰੇਜ਼ ਮਹਿਮਾਨਾਂ ਦੀ ਰਿਹਾਇਸ਼ੀ ਲੋੜ ਦੇ ਮੱਦੇਨਜ਼ਰ 1900 ਈਸਵੀ ਵਿੱਚ ਮੁਬਾਰਕ ਮੰਜ਼ਿਲ ਮਹਿਲ ਦੀ ਤਾਮੀਰ ਕਰਵਾਈ ਗਈ ਸੀ। ਪਿਛਲੀ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ’ਤੇ 32,400 ਵਰਗ ਫੁੱਟ ਵਿੱਚ ਫੈਲੇੇ 16 ਵਿਸ਼ਾਲ ਕਮਰਿਆਂ ਵਾਲੇ ਇਸ ਮੁਬਾਰਕ ਮੰਜ਼ਿਲ ਮਹਿਲ ਨੂੰ ਗੌਰਵਸ਼ਾਲੀ ਵਿਰਾਸਤ ਵਜੋਂ ਸੰਭਾਲਣ ਲਈ 13 ਜਨਵਰੀ 2021 ਨੂੰ ਮਹਿਲ ਨਾਲ ਜੁੜੀਆਂ ਵਿੱਤੀ ਤੇ ਅਦਾਲਤੀ ਦੇਣਦਾਰੀਆਂ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਸੀ। ਬੇਗ਼ਮ ਮੁਨੱਵਰ-ਉਨ-ਨਿਸਾ ਵੱਲੋਂ ਮਹਿਲ ਨੂੰ ਪੁਰਾਤੱਤਵ ਵਿਭਾਗ ਦੇ ਨਾਂ ਬਾਕਾਇਦਾ ਰਜਿਸਟਰੀ ਕਰਵਾ ਦਿੱਤੀ ਗਈ ਅਤੇ ਸਰਕਾਰ ਨੇ ਬੇਗ਼ਮ ਨੂੰ ਤਿੰਨ ਕਰੋੜ ਰੁਪਏ ਦੀ ਰਕਮ ਅਦਾ ਕਰਨੀ ਸੀ। ਮਹਿਕਮੇ ਵੱਲੋਂ 1.80 ਕਰੋੜ ਰੁਪਏ ਦੀ ਰਕਮ ਅਦਾ ਕਰ ਵੀ ਦਿੱਤੀ ਗਈ ਪ੍ਰੰਤੂ ਬੇਗ਼ਮ ਦੇ 27 ਅਕਤੂਬਰ 2023 ਨੂੰ ਦੇਹਾਂਤ ਤੋਂ ਬਾਅਦ ਇਸ ਦੀ ਬਕਾਇਆ ਰਾਸ਼ੀ 1.20 ਕਰੋੜ ਰੁਪਏ ਦੀ ਅਦਾਇਗੀ ਵਿਭਾਗ ਕੋਲ ਪਈ ਹੈ।Advertisement