ਪੀਸੀਐੱਸ ਲਈ ਨੌਜਵਾਨਾਂ ਦੀ ਕੋਚਿੰਗ ਫ਼ੀਸ ਭਰੇਗੀ ਪਿੰਡ ਆਕੜੀ ਦੀ ਪੰਚਾਇਤ
04:33 AM Dec 27, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 26 ਦਸੰਬਰ
ਹਲਕਾ ਘਨੌਰ ਦੇ ਪਿੰਡ ਆਕੜੀ ਦੀ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ 21 ਹਜ਼ਾਰ ਰੁਪਏ ਸ਼ਗਨ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਇੱਕ ਹੋਰ ਅਹਿਮ ਫ਼ੈਸਲਾ ਲਿਆ ਹੈ। ਪਿੰਡ ਦੇ ਨਵੇਂ ਬਣੇ ਸਰਪੰਚ ਜਸਵਿੰਦਰ ਸਿੰਘ ਦੀ ਅਗਵਾਈ ਹੇਠਲੀ ਮੀਟਿੰਗ ’ਚ ਲਏ ਗਏ ਇਸ ਨਵੇਂ ਫੈਸਲੇ ਮੁਤਾਬਿਕ ਪੰਜਾਬ ਸਿਵਿਲ ਸਰਵਿਸ (ਪੀਸੀਐੱਸ) ਦੇ ਇਮਤਿਹਾਨ ਦੇਣ ਦੇ ਇੱਛੁਕ ਪਿੰਡ ਦੇ ਹਰ ਨੌਜਵਾਨ ਮੁੰਡੇ ਕੁੜੀ ਦੀ ਕੋਚਿੰਗ ਦੀ ਫ਼ੀਸ ਪੰਚਾਇਤ ਵੱਲੋਂ ਭਰੀ ਜਾਇਆ ਕਰੇਗੀ। ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੀ ਕੋਚਿੰਗ ’ਤੇ ਆਉਣ ਵਾਲਾ ਸਾਰਾ ਖਰਚਾ ਪੰਚਾਇਤ ਵੱਲੋਂ ਕੀਤਾ ਜਾਵੇਗਾ। ਇੰਜ, ਪਿੰਡ ਆਕੜੀ ਦੀ ਪੰਚਾਇਤ ਵੱਲੋਂ ਲਏ ਜਾ ਰਹੇ ਇਨ੍ਹਾਂ ਉਸਾਰੂ ਫੈਸਲਿਆਂ ਦੀ ਚੁਫੇਰੇ ਪ੍ਰਸੰਸਾ ਹੋ ਰਹੀ ਹੈ। ਇਸ ਤੋਂ ਪਹਿਲਾਂ ਇਸ ਪੰਚਾਇਤ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਦੇਣ ਸਬੰਧੀ ਵੀ ਸਕੀਮ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ।
Advertisement
Advertisement