For the best experience, open
https://m.punjabitribuneonline.com
on your mobile browser.
Advertisement

ਪੀਸੀਐੱਸ: ਉਦਯੋਗ ਵਿਭਾਗ ਦਾ ਸੁਪਰਡੈਂਟ ‘ਮਾਵੀ’ ਸੂਬੇ ’ਚੋਂ ਅੱਵਲ

05:07 AM Dec 23, 2024 IST
ਪੀਸੀਐੱਸ  ਉਦਯੋਗ ਵਿਭਾਗ ਦਾ ਸੁਪਰਡੈਂਟ ‘ਮਾਵੀ’ ਸੂਬੇ ’ਚੋਂ ਅੱਵਲ
ਅਮਨਦੀਪ ਸਿੰਘ ਮਾਵੀ
Advertisement

ਕੁਲਦੀਪ ਸਿੰਘ/ਸ਼ਸ਼ੀ ਜੈਨ
ਚੰਡੀਗੜ੍ਹ/ਖਰੜ, 22 ਦਸੰਬਰ
ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਪੀਐੱਸਸੀ ਰਜਿਸਟਰ ਏ-2 ਅਤੇ ‘ਸੀ’ ਦੇ ਐਲਾਨੇ ਗਏ ਨਤੀਜਿਆਂ ਵਿੱਚ ਉਦਯੋਗ ਅਤੇ ਕਾਮਰਸ ਵਿਭਾਗ ਵਿੱਚ ਤਾਇਨਾਤ ਸੁਪਰਡੈਂਟ ਅਮਨਦੀਪ ਸਿੰਘ ਮਾਵੀ ਨੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹਾ ਮੁਹਾਲੀ ਦੀ ਤਹਿਸੀਲ ਖਰੜ ਅਧੀਨ ਆਉਂਦੇ ਪਿੰਡ ਬਡਾਲਾ ਵਾਸੀ ਅਮਨਦੀਪ ਸਿੰਘ ਮਾਵੀ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਉਦਯੋਗ ਵਿਭਾਗ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਵਿਭਾਗ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ।

Advertisement

ਜਾਣਕਾਰੀ ਮੁਤਾਬਕ ਇਨ੍ਹਾਂ ਅਸਾਮੀਆਂ ਲਈ ਕੁੱਲ 957 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਦਾ ਸਕਰੀਨਿੰਗ ਟੈਸਟ ਇਸੇ ਸਾਲ 14 ਜੁਲਾਈ ਵਿੱਚ ਲਿਆ ਗਿਆ ਸੀ। ਕਮਿਸ਼ਨ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿੱਚ ਮਾਤਾ ਸ੍ਰੀਮਤੀ ਨਿਰਮਲ ਕੌਰ ਤੇ ਪਿਤਾ ਸਵ. ਜੋਗਿੰਦਰ ਸਿੰਘ ਦੇ ਪੁੱਤਰ ਅਮਨਦੀਪ ਸਿੰਘ ਮਾਵੀ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਮਾਵੀ ਨੇ ਹੈਂਡਰਸਨ ਜੁਬਲੀ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਵੀ ਉਦਯੋਗ ਤੇ ਵਣਜ ਵਿਭਾਗ ’ਚ ਹੀ ਤਾਇਨਾਤ ਸਨ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਨੂੰ ਵੀ ਇਸੇ ਵਿਭਾਗ ਵਿੱਚ 1998 ’ਚ ਨੌਕਰੀ ਮਿਲ ਗਈ ਸੀ। ਇਸ ਦੌਰਾਨ ਹੀ ਉਨ੍ਹਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕੀਤੀ। ਆਪਣੀ ਇਸ ਕਾਮਯਾਬੀ ਦਾ ਸਿਹਰਾ ਮਾਵੀ ਨੇ ਆਪਣੇ ਮਾਤਾ ਨਿਰਮਲ ਕੌਰ ਅਤੇ ਪਤਨੀ ਜਸਵੀਰ ਕੌਰ ਨੂੰ ਦਿੱਤਾ। ਉਨ੍ਹਾਂ ਦੇ ਪਤਨੀ ਜਸਵੀਰ ਕੌਰ ਵੀ ਸਿਵਲ ਸਕੱਤਰੇਤ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਹਨ।

Advertisement

ਮੁਹਾਲੀ ਦਾ ਜਸਜੀਤ ਸਿੰਘ ਤੀਜਾ ਸਥਾਨ ਹਾਸਲ ਕਰਕੇ ਪੀਸੀਐੱਸ ਅਫ਼ਸਰ ਬਣਿਆ

ਜਸਜੀਤ ਸਿੰਘ

ਐੱਸਏਐੱਸ ਨਗਰ (ਦਰਸ਼ਨ ਸਿੰਘ ਸੋਢੀ): ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਰਜਿਸਟਰ ਏ-2 ਪ੍ਰੀਖਿਆ ਦੇ ਨਤੀਜਿਆਂ ਵਿੱਚ ਪੰਜਾਬ ਭਰ ’ਚੋਂ ਤੀਜਾ ਸਥਾਨ ਹਾਸਲ ਕਰਕੇ ਮੁਹਾਲੀ ਦੇ ਜਸਜੀਤ ਸਿੰਘ ਨੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਕਾਬਿਲੇਗੌਰ ਹੈ ਕਿ ਸੂਬੇ ਵਿੱਚ ਪਹਿਲਾ ਸਥਾਨ ਅਮਨਦੀਪ ਸਿੰਘ ਮਾਵੀ ਅਤੇ ਦੂਜਾ ਸਥਾਨ ਗੁਰਕਿਰਨ ਦੀਪ ਸਿੰਘ ਨੇ ਹਾਸਲ ਕੀਤਾ ਹੈ। ਜਸਜੀਤ ਸਿੰਘ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਪਿਛਲੇ 21 ਸਾਲਾਂ ਦੇ ਵੱਧ ਸਮੇਂ ਤੋਂ ਪੰਜਾਬ ਸਰਕਾਰ ਵਿੱਚ ਆਪਣੀ ਡਿਊਟੀ ਕਰ ਰਹੇ ਹਨ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਡਿਊਟੀ ਦੌਰਾਨ ਜਨਤਕ ਹਿੱਤ ਵਾਲੇ ਵੱਖ-ਵੱਖ ਅਹਿਮ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਮੁਹਾਲੀ ਦੇ ਸੈਕਟਰ-91 ਦੇ ਵਸਨੀਕ ਜਸਜੀਤ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਸੂਚਨਾ ਤਕਨਾਲੋਜੀ ਵਿੱਚ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ।

Advertisement
Author Image

Charanjeet Channi

View all posts

Advertisement