ਪੀਯੂ ਦੇ ਮੇਂਟੀਨੈਂਸ ਕਾਮਿਆਂ ਵੱਲੋਂ ਵੀਸੀ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਚੰਡੀਗੜ੍ਹ, 8 ਮਈ
ਪੰਜਾਬ ਯੂਨੀਵਰਸਿਟੀ ਦੇ ਮੇਂਟੀਨੈਂਸ ਦਫ਼ਤਰ ਵਿੱਚ ਕੰਮ ਕਰ ਰਹੇ ਆਊਟਸੋਰਸ ਮੈਂਟੀਨੈਂਸ ਕਾਮਿਆਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤੇ ਜਾਣ ਮਗਰੋਂ ਅੱਜ ਯੂਟੀ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਵਿਦਿਆਰਥੀ ਜਥੇਬੰਦੀ ਸਟੂਡੈਂਟ ਫਾਰ ਸੁਸਾਇਟੀ (ਐੱਸ.ਐੱਫ.ਐੱਸ.) ਦੇ ਸਹਿਯੋਗ ਨਾਲ ਉਪ ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਰੰਜੀਤ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਮੇਂਟੀਨੈਂਸ ਦਫ਼ਤਰ ਅਧੀਨ ਵੱਖ-ਵੱਖ ਵਰਗਾਂ ਵਿੱਚ ਕਾਮੇ ਕਰ ਰਹੇ ਹਨ। ਦੋ ਠੇਕੇਦਾਰਾਂ ਵੱਲੋਂ ਆਪਣੇ ਕਾਮਿਆਂ ਨੂੰ ਲੇਬਰ ਰੇਟਾਂ ਮੁਤਾਬਕ ਤਨਖਾਹ ਦਿੱਤੀ ਜਾ ਰਹੀ ਸੀ ਪਰ ਉਨ੍ਹਾਂ ਨੇ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਅਪੀਲ ਦਾਇਰ ਕਰਕੇ ਇਨ੍ਹਾਂ ਕਾਮਿਆਂ ਲਈ ਡੀ.ਸੀ. ਰੇਟ ਲਾਗੂ ਕਰਵਾਉਣ ਦਾ ਫ਼ੈਸਲਾ ਕਰਵਾਇਆ। ਹੁਣ ਜਦੋਂ ਡੀ.ਸੀ. ਰੇਟਾਂ ਮੁਤਾਬਕ ਇਸ ਮਹੀਨੇ ਤਨਖਾਹਾਂ ਦੇਣ ਦੀ ਵਾਰੀ ਆਈ ਤਾਂ ਸਾਰੇ ਕਾਮਿਆਂ ਦੀਆਂ ਤਨਖਾਹਾਂ ਦੋ-ਦੋ ਹਜ਼ਾਰ ਰੁਪਏ ਦੇ ਕਰੀਬ ਵਧਣੀਆਂ ਸਨ। ਠੇਕੇਦਾਰ ਨੇ ਡੀ.ਸੀ. ਰੇਟਾਂ ਮੁਤਾਬਕ ਤਨਖਾਹਾਂ ਦੇਣ ਦੀ ਬਜਾਏ ਤਿੰਨ ਦਰਜਨ ਦੇ ਕਰੀਬ ਕਾਮਿਆਂ ਨੂੰ ਨੌਕਰੀ ਤੋਂ ਹੀ ਜਵਾਬ ਦੇ ਦਿੱਤਾ। ਅੱਜ ਜਿਉਂ ਹੀ ਇਹ ਕੱਢੇ ਹੋਏ ਕਾਮੇ ਵਾਈਸ ਚਾਂਸਲਰ ਦਫ਼ਤਰ ਨਾਲ ਮੁਲਾਕਾਤ ਕਰਕੇ ਆਪਣੀ ਸਮੱਸਿਆ ਦੱਸਣ ਲਈ ਪਹੁੰਚੇ ਤਾਂ ਸਕਿਉਰਿਟੀ ਗਾਰਡਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਵੀਸੀ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਫੈਡਰੇਸ਼ਨ ਪ੍ਰਧਾਨ ਮਿਸ਼ਰਾ ਨੇ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਨੂੰ ਤੁਰੰਤ ਡਿਊਟੀਆਂ ‘ਤੇ ਬਹਾਲ ਕਰਕੇ ਡੀ.ਸੀ. ਰੇਟਾਂ ਮੁਤਾਬਕ ਤਨਖਾਹਾਂ ਦਿੱਤੀਆਂ ਜਾਣ। ਫੈਡਰੇਸ਼ਨ ਆਗੂ ਮਿਸ਼ਰਾ ਅਤੇ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਭਲਕੇ ਮੰਗਲਵਾਰ ਨੂੰ ਮੁੜ ਧਰਨਾ ਦਿੱਤਾ ਜਾਵੇਗਾ।
ਪੀਯੂ ਮੇਂਟੀਨੈਂਸ ਅਧਿਕਾਰੀਆਂ ਖ਼ਿਲਾਫ਼ ਠੇਕੇਦਾਰ ਵੱਲੋਂ ਸ਼ਿਕਾਇਤ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਦੇ ਮੇਂਟੀਨੈਂਸ ਦਫ਼ਤਰ ਵਿੱਚ ਕਰੀਬ ਦੋ ਸਾਲ ਪਹਿਲਾਂ ਇਮਾਰਤਾਂ ਨੂੰ ਪੇਂਟ ਕਰਨ ਦੌਰਾਨ ਸ਼ੁਰੂ ਹੋਈ ਭ੍ਰਿਸ਼ਟਾਚਾਰ ਦੀ ਕਹਾਣੀ ਅੱਜ ਉਸ ਸਮੇਂ ਮੁੜ ਚਰਚਾ ਵਿੱਚ ਆ ਗਈ, ਜਦੋਂ ਪੇਂਟ ਠੇਕੇਦਾਰ ਕੋਮਲ ਕੁਮਾਰ ਤਤਕਾਲੀ ਐੱਸਡੀਈ ਅਤੇ ਜੂਨੀਅਰ ਇੰਜਨੀਅਰ ਖਿਲਾਫ਼ ਕਾਰਵਾਈ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦੇਣ ਲਈ ਪਹੁੰਚ ਗਿਆ। ਸਕਿਉਰਿਟੀ ਨੂੰ ਜਿਉਂ ਹੀ ਭਿਣਕ ਲੱਗੀ ਉਸ ਨੇ ਕੋਮਲ ਨੂੰ ਧਰਨਾ ਦੇਣ ਤੋਂ ਰੋਕ ਦਿੱਤਾ। ਇਸ ਦੌਰਾਨ ਠੇਕੇਦਾਰ ਵੱਲੋਂ ਦਫ਼ਤਰ ਵਿੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ। ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੇਕੇਦਾਰ ਕੋਮਲ ਕੁਮਾਰ ਨੇ ਦੱਸਿਆ ਕਿ ਉਸ ਨੇ ਕਰੀਬ ਦੋ ਸਾਲ ਪਹਿਲਾਂ ‘ਵਰਸਿਟੀ ਦੀਆਂ ਇਮਾਰਤਾਂ ਨੂੰ ਪੇਂਟ ਕਰਨ ਦਾ ਕੰਮ ਕੀਤਾ ਸੀ। ਇਸ ਦੌਰਾਨ ਉਸ ਤੋਂ ਮੇਂਟੀਨੈਂਸ ਦਫ਼ਤਰ ਦੇ ਸਬੰਧਿਤ ਅਧਿਕਾਰੀਆਂ ਨੇ ਮੋਟੀ ਰਿਸ਼ਵਤ ਦੀ ਮੰਗ ਕੀਤੀ ਸੀ। ਸਾਬਕਾ ਵੀਸੀ ਪ੍ਰੋ. ਰਾਜ ਕੁਮਾਰ ਜਾਂਚ ਲਈ ਕਮੇਟੀ ਗਠਿਤ ਹੋਈ ਸੀ। ਹੁਣ ਉਸ ਨੂੰ ਪਤਾ ਲੱਗਾ ਕਿ ਪੀਯੂ ਅਥਾਰਿਟੀ ਮੇਂਟੀਨੈਂਸ ਦਫ਼ਤਰ ਦੇ ਉਕਤ ਦੋਵੇਂ ਵਿਵਾਦਿਤ ਅਧਿਕਾਰੀਆਂ ਨੂੰ ਤਰੱਕੀਆਂ ਦੇਣ ਦੀ ਤਿਆਰੀ ਵਿੱਚ ਹੈ।