ਪੀਪਲ’ਜ਼ ਲਿਟਰੇਰੀ ਫ਼ੈਸਟੀਵਲ: ਸੰਸਾਰ ’ਚ ਕਿਰਸਾਨੀ ਦਾ ਪ੍ਰਭਾਵ ਪਹਿਲਾਂ ਨਾਲੋਂ ਵਧਿਆ: ਆਦਿਤਯ
ਸ਼ਗਨ ਕਟਾਰੀਆ
ਬਠਿੰਡਾ, 27 ਦਸੰਬਰ
ਪੀਪਲ’ਜ਼ ਲਿਟਰੇਰੀ ਫ਼ੈਸਟੀਵਲ ਦੇ ਤੀਜੇ ਦਿਨ ਵਿਚਾਰ-ਚਰਚਾ ਲਈ ‘ਅਦਾਰਾ 23 ਮਾਰਚ’ ਵੱਲੋਂ ਦੋ ਬੈਠਕਾਂ ਵਿੱਚ ਆਧੁਨਿਕਤਾ, ਯੂਰੋ-ਕੇਂਦਰਿਤ ਵਿਚਾਰਧਾਰਾ, ਮਾਰਕਸਵਾਦ, ਰਾਸ਼ਟਰਵਾਦ ਅਤੇ ਕਿਸਾਨੀ/ਪੇਂਡੂ ਵਸੇਬ ਸਿਧਾਂਤਕ ਚਰਚਾ ਦੇ ਭਖਵੇਂ ਮੁੱਦੇ ਬਣੇ।
ਮੀਂਹ ਕਾਰਨ ਥੋੜ੍ਹਾ ਪਛੜ ਕੇ ਸ਼ੁਰੂ ਹੋਏ ‘ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਨ’ ਵਿੱਚ ਭਾਰਤ ਦੇ ਪ੍ਰਮੁੱਖ ਰਾਜਨੀਤੀ ਸਿਧਾਂਤਕਾਰ ਪ੍ਰੋ. ਆਦਿਤਯ ਨਿਗਮ ਨੇ ਆਪਣੇ ਵਿਸਥਾਰਤ ਭਾਸ਼ਨ ਵਿੱਚ ਕਿਹਾ ਕਿ ਯੂਰਪ ਦਾ ਸਫ਼ਰ ਉਨ੍ਹਾਂ (ਯੂਰਪੀਅਨ) ਦਾ ਹੈ, ਸਾਡੇ ਸੰਦਰਭ ਉੱਤੇ ਇਸ ਨੂੰ ਇੰਨ-ਬਿੰਨ ਲਾਗੂ ਕਰਨ ਦੀ ਬਿਰਤੀ ਨੇ ਸੰਕਟ ਖੜ੍ਹੇ ਕੀਤੇ ਹਨ। ਉਦਯੋਗੀਕਰਨ, ਤਕਨੀਕੀ ਤਰੱਕੀ ਦੇ ਜਾਪ ਨੇ ਸਾਨੂੰ ਢੁਕਵੇਂ, ਬਦਲਵੇਂ ਚਿੰਤਨੀ ਸੋਮਿਆਂ ਤੋਂ ਦੂਰ ਰੱਖਿਆ ਹੈ। ਕਿਰਸਾਨੀ ਖ਼ਤਮ ਨਹੀਂ ਹੋ ਰਹੀ, ਸਗੋਂ ਸੰਸਾਰ ਪ੍ਰਬੰਧ ਵਿੱਚ ਕਿਰਸਾਨੀ ਦਾ ਪ੍ਰਭਾਵ ਵਧ ਰਿਹਾ ਹੈ। ਇਸ ਵਧ ਰਹੇ ਪ੍ਰਭਾਵ ਨੂੰ ਅਜੇ ਢੁੱਕਵੇਂ ਸਿਧਾਂਤਕ ਚੌਖਟੇ ਵਿੱਚ ਬੰਨ੍ਹਣ ਦੀ ਵੰਗਾਰ ਸਾਡੇ ਸਾਹਮਣੇ ਖੜ੍ਹੀ ਹੈ।
‘ਪੰਜਾਬੀ ਪੇਂਡੂ ਵਸੇਬ ਦਾ ਹੁਸਨ ਇਖ਼ਲਾਕ’ ਸਿਰਲੇਖ ਵਾਲੀ ਦੂਜੀ ਬੈਠਕ ਵਿੱਚ ਪ੍ਰੋ. ਸ਼ੁਭਪ੍ਰੇਮ ਬਰਾੜ ਨੇ ਜਸਵੰਤ ਸਿੰਘ ਕੰਵਲ ਦੇ ਨਾਵਲ ‘ਪੂਰਨਮਾਸ਼ੀ’ ਵਿੱਚ ਪੰਜਾਬੀ ਪਿੰਡ ਦੇ ਸੰਕਲਪ ਅਤੇ ਹਸਤੀ ਬਾਰੇ ਆਪਣੀ ਪੜ੍ਹਤ ਰੱਖੀ। ਅਰਥ ਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਨੇ ਖੇਤਰੀ ਖੋਜ ਕਾਰਜ ਦੀਆਂ ਲੱਭਤਾਂ ਸਾਂਝੀਆਂ ਕੀਤੀਆਂ ਅਤੇ ਪਿੰਡ ਪੱਧਰ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਸਦਕਾ ਪਿੰਡ ਨੂੰ ਤਕੜਿਆਂ ਕਰਨ ਦਾ ਸੱਦਾ ਦਿੱਤਾ। ਇਤਿਹਾਸਕਾਰ ਅਤੇ ਡਾਇਰੈਕਟਰ ‘ਅਦਾਰਾ 23 ਮਾਰਚ’ ਸੁਮੇਲ ਸਿੰਘ ਸਿੱਧੂ ਨੇ ਸੁਰਜੀਤ ਪਾਤਰ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪਾਸ਼, ਅਮਿਤੋਜ ਆਦਿ ਦੇ ਕਾਵਿ-ਹਵਾਲਿਆਂ ਨਾਲ ਪਿੰਡ ਦੀ ਸਿਮਰਤੀ ਅਤੇ ਸੰਭਾਵਨਾ ਦੇ ਬਰ-ਅਕਸ ਸ਼ਹਿਰੀ ਵਸੇਬ ਦੀ ਉਦਾਸੀਨਤਾ, ਬੇਗਾਨਗੀ ਅਤੇ ਪੰਜਾਬ ਤੋਂ ਬੇਮੁੱਖ ਹੋਣ ਦੇ ਵਰਤਾਰੇ ਨੂੰ ਉਘਾੜਿਆ। ਇਨ੍ਹਾਂ ਦਿਲਚਸਪ ਸੈਸ਼ਨਾਂ ਵਿੱਚ ਸਰੋਤਿਆਂ ਵੱਲੋਂ ਭਰਵੀਂ ਸ਼ਮੂਲੀਅਤ ਸਵਾਲ ਜਵਾਬਾਂ ਦੇ ਰੂਪ ਵਿੱਚ ਕੀਤੀ ਗਈ।
ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫ਼ੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪੁਸਤਕ ਪ੍ਰਦਰਸ਼ਨੀ ਵਿੱਚ ਪਾਠਕਾਂ ਨੇ ਭਰਵੀਂ ਰੁਚੀ ਦਿਖਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਜਗਦੀਪ ਪਾਪੜਾ, ਪ੍ਰੋ. ਹਰਵਿੰਦਰ ਘੁੱਦਾ, ਕਰਨਲ ਬਲਬੀਰ ਸਿੰਘ ਸਰਾ, ਡਾ. ਗੁਰਮੇਲ ਸਿੰਘ ਮੌਜੀ, ਲਛਮਣ ਮਲੂਕਾ, ਅਤਰਜੀਤ, ਸੁਖਦਰਸ਼ਨ ਨੱਤ, ਅਵਤਾਰ ਗੋਂਦਾਰਾ, ਗੁਰਪ੍ਰੀਤ ਸਿੱਧੂ, ਗੁਰਬਿੰਦਰ ਬਰਾੜ, ਅਮਰਜੀਤ ਢਿੱਲੋਂ, ਅੰਮ੍ਰਿਤਪਾਲ ਵਿਰਕ, ਗੁਰਮੇਲ ਸਿੰਘ ਭੁਟਾਲ, ਤਰਨਜੀਤ ਲਾਲੀ ਸਮੇਤ ਬਹੁਤ ਸਾਰੀਆਂ ਅਜ਼ੀਮ ਤਰੀਨ ਹਸਤੀਆਂ ਹਾਜ਼ਰ ਸਨ।