ਪੀਡਬਲਿਊਡੀ ਕਾਮਿਆਂ ਵੱਲੋਂ ਤਨਖਾਹ ਲਈ ਪ੍ਰਦਰਸ਼ਨ
ਦਵਿੰਦਰ ਸਿੰਘ
ਯਮੁਨਾਨਗਰ, 5 ਅਗਸਤ
ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ (ਸਬੰਧਤ ਸਰਵ ਕਰਮਚਾਰੀ ਸੰਘ) ਬ੍ਰਾਂਚ ਯਮਨਾ ਨਗਰ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਬਰਾਂਚ ਪ੍ਰਧਾਨ ਰਾਜਵੀਰ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜਨੀਅਰ ਭਿੰਡਰ ਦੇ ਖਿਲਾਫ ਗੇਟ ਮੀਟਿੰਗ ਅਤੇ ਨਾਅਰੇਬਾਜ਼ੀ ਕੀਤੀ ਗਈ।
ਮੀਟਿੰਗ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਅਤੇ ਸਕੱਤਰ ਪ੍ਰੇਮ ਪ੍ਰਕਾਸ਼ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੀਡਬਲਿਊਡੀ ( ਬੀ.ਐਂਡ.ਆਰ ) ਵਿੱਚ ਕਾਮਿਆਂ ਨੂੰ ਪਿਛਲੇ 7-8 ਮਹੀਨਿਆਂ ਤੋਂ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਜਿਸ ਕਰਕੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਰਿਹਾ ਹੈ। ਇਸ ਸਮੱਸਿਆ ਬਾਰੇ ਬਰਾਂਚ ਯੂਨੀਅਨ ਦੇ ਅਹੁਦੇਦਾਰਾਂ ਨੇ ਕਾਰਜਕਾਰੀ ਇੰਜਨੀਅਰ ਨੂੰ ਮਿਲ ਕੇ ਜ਼ੁਬਾਨੀ ਤੌਰ ’ਤੇ ਜਾਣਕਾਰੀ ਦਿੱਤੀ ਤਾਂ ਕਾਰਜਕਾਰੀ ਇੰਜਨੀਅਰ ਨੇ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਵੀ ਤਨਖਾਹ ਨਹੀਂ ਮਿਲੀ ਹੈ। ਮੁਲਾਜ਼ਮਾਂ ਵਿੱਚ ਅਧਿਕਾਰੀ ਦੇ ਇਸ ਗੈਰ ਜਿੰਮੇਵਾਰੀ ਦੇ ਜਵਾਬ ਕਾਰਨ ਰੋਸ ਹੈ ਜਿਸ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਲਗਾਤਾਰ 2 ਦਿਨਾਂ ਤੋਂ ਗੇਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਹੁਕਮ ਹਨ ਕਿ ਜੇਕਰ ਦਫਤਰ ਦੀ 1:30 ਵਜੇ ਛੁੱਟੀ ਹੁੰਦੀ ਹੈ ਤਾਂ ਕਰਮਚਾਰੀਆਂ ਨੂੰ ਇੱਕ ਦਿਨ ਪਹਿਲਾਂ ਤਨਖਾਹ ਦਿੱਤੀ ਜਾਵੇ ਪਰ ਵਿਭਾਗ ਵੱਲੋਂ ਤਨਖਾਹ ਦੇਣ ਦਾ ਢੰਗ ਠੀਕ ਨਹੀਂ ਹੈ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 6 ਅਗਸਤ ਨੂੰ ਸਰਵ ਕਰਮਚਾਰੀ ਸੰਘ ਹਰਿਆਣਾ ਦੀ ਰੋਹਤਕ ਕਨਵੈਨਸ਼ਨ ਵਿੱਚ ਵਿਭਾਗ ਤੋਂ ਯੂਨੀਅਨ ਦੇ ਅਹੁਦੇਦਾਰ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚਣਗੇ। ਇਸ ਮੌਕੇ ਯੂਨੀਅਨ ਦੇ ਬੁਲਾਰੇ ਜੈਪਾਲ ਹੰਸਰਾਜ ਨੇ ਵੀ ਸੰਬੋਧਨ ਕੀਤਾ।