ਪੀਐੱਸਈਬੀ 10ਵੀਂ ਦਾ ਨਤੀਜਾ: ਅਰਸ਼ਨੂਰ 99.38 ਫੀਸਦ ਅੰਕਾਂ ਨਾਲ ਜ਼ਿਲ੍ਹੇ ’ਚੋਂ ਅੱਵਲ
ਸਤਵਿੰਦਰ ਬਸਰਾ
ਲੁਧਿਆਣਾ, 16 ਮਈ
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਨਤੀਜੇ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁਰੀ ਦੀ ਅਰਸ਼ਨੂਰ ਨੇ 99.38 ਫੀਸਦ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦਾ ਟੀਚਾ ਪਾਇਲਟ ਬਣਨ ਦਾ ਹੈ। ਇਸ ਤੋਂ ਇਲਾਵਾ ਸਚਦੇਵਾ ਪਬਲਿਕ ਸਕੂਲ ਸਾਹਨੇਵਾਲ ਦੀ ਸ਼ਵੇਤਾ ਸਿੰਘ ਨੇ 98.92 ਫੀਸਦ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਸਕੂਲ ਦੀ ਅਕਸ਼ਿਤਾ ਅਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸਕੂਲ ਕੋਟਾਂ ਦੀ ਅਰਸ਼ਦੀਪ ਕੌਰ ਨੇ 98.77 ਫੀਸਦ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪੋ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਹੈ। ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭੰਗੜੇ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਪੀਐੱਸਈਬੀ ਵੱਲੋਂ ਅੱਜ ਦੁਪਹਿਰ ਬਾਅਦ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ। ਜ਼ਿਲ੍ਹੇ ਦੇ ਪਹਿਲੇ ਤਿੰਨ ਸਥਾਨਾਂ ’ਤੇ ਲੜਕੀਆਂ ਹੀ ਕਾਬਜ ਹੋਈਆਂ ਹਨ। ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਰਹਿਣ ਦਿਲਮੀਤ ਸਿੰਘ ਅਤੇ ਸਵਰਨਜੀਤ ਕੌਰ ਦੀ ਧੀ ਅਰਸ਼ਨੂਰ ਵੱਡੀ ਹੋ ਕੇ ਆਰਮੀ ਵਿੱਚ ਜਾਂ ਪਾਇਲਟ ਬਣਨਾ ਚਾਹੁੰਦੀ ਹੈ। ਉਹ ਰੋਜ਼ਾਨਾਂ ਸਮਾਂ ਦੇਖ ਕੇ ਨਹੀਂ ਸਗੋਂ ਲਗਨ ਨਾਲ ਪੜ੍ਹਦੀ ਸੀ। ਉਸ ਨੂੰ ਸੂਬੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਆਉਣ ਦੀ ਆਸ ਸੀ। ਉਸ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ, ਮਾਪਿਆਂ ਦੇ ਸਿਰ ਬੰਨ੍ਹਿਆ ਹੈ। ਅਰਸ਼ਨੂਰ ਨੇ 650 ਅੰਕਾਂ ਵਿੱਚੋਂ 646 ਅੰਕ ਲਏ ਜੋ 99.38 ਫੀਸਦ ਬਣਦੇ ਹਨ। ਇਸੇ ਤਰ੍ਹਾਂ ਸਚਦੇਵਾ ਪਬਲਿਕ ਸਕੂਲ ਦੀ ਸ਼ਵੇਤਾ ਸਿੰਘ ਨੇ ਵੀ 98.92 ਫੀਸਦ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ, ਤੇਜਾ ਸਿੰਘ ਸੁਤੰਤਰ ਸਕੂਲ ਦੀ ਅਕਸ਼ਿਤਾ ਅਤੇ ਬਾਬਾ ਜੋਰਾਵਾਰ ਫਤਿਹ ਸਿੰਘ ਸਕੂਲ ਦੀ ਅਰਸ਼ਦੀਪ ਕੌਰ ਨੇ ਸਾਂਝੇ ਤੌਰ ’ਤੇ 98.77 ਫੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਬੋਰਡ ਵੱਲੋਂ 300 ਵਿਦਿਆਰਥੀਆਂ ਦੀ ਜਾਰੀ ਕੀਤੀ ਮੈਰਿਟ ਸੂਚੀ ਵਿੱਚ ਲੁਧਿਆਣਾ ਦੇ 52 ਵਿਦਿਆਰਥੀ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਵੱਖ-ਵੱਖ ਸਰਕਾਰੀ ਸਕੂਲਾਂ ਦੇ 7 ਵਿਦਿਆਰਥੀ ਸ਼ਾਮਿਲ ਹਨ। ਮਹਿਕਪ੍ਰੀਤ ਕੌਰ ਨੇ 97.85 ਫੀਸਦ, ਸ਼ੁਭਦੀਪ ਕੌਰ ਨੇ 97.69 ਫੀਸਦ, ਸਿਮਰਦੀਪ ਅਤੇ ਦਿਲਪ੍ਰੀਤ ਨੇ 97.38 ਫੀਸਦ, ਸੰਯਮ ਜਿੰਦਲ ਨੇ 96.92, ਯਸਾਨਾ ਅਤੇ ਗੁਰਸ਼ਰਨ ਸਿੰਘ ਨੇ ਸਾਂਝੇ ਤੌਰ ’ਤੇ 96.77 ਫੀਸਦ ਅੰਕ ਹਾਸਲ ਕੀਤੇ। ਇੰਨਾਂ ਤੋਂ ਇਲਾਵਾ ਤੇਜਾ ਸਿੰਘ ਸੁਤੰਤਰ ਸਕੂਲ ਦੇ 5,ਜੀਆਰਡੀ ਗਰਾਮਰ ਸਕੂਲ ਦੇ 5, ਗੁਰੂ ਨਾਨਕ ਸਕੂਲ ਢੋਲੇਵਾਲ ਦੇ 3, ਨਨਕਾਣਾ ਸਾਹਿਬ ਸਕੂਲ, ਜਨਤਾ ਨਗਰ ਦੇ 4, ਦੇਵਗੁਨ ਕੌਨਵੈਂਟ ਸਕੂਲ ਦੇ 2, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ 6 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਰਹੇ ਹਨ।
ਲੁਧਿਆਣਾ ਨੂੰ ਜ਼ਿਲ੍ਹੇਵਾਰ ਮੈਰਿਟ ’ਚ ਮਿਲਿਆ ਪਹਿਲਾ ਥਾਂ, ਪਾਸ ਪ੍ਰਤੀਸ਼ਤ ’ਚ ਫਾਡੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦੀ ਐਲਾਨੀ ਮੈਰਿਟ ਸੂਚੀ ਵਿੱਚ ਜ਼ਿਲ੍ਹੇਵਾਰ ਮੈਰਿਟ ਵਿੱਚ ਲੁਧਿਆਣਾ ਸਭ ਤੋਂ ਪਹਿਲੇ ਸਥਾਨ ’ਤੇ ਰਿਹਾ ਹੈ। ਜ਼ਿਲ੍ਹੇ ਦੇ 52 ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਈ ਹੈ। ਇਨ੍ਹਾਂ ’ਚ 11 ਲੜਕੇ ਅਤੇ 41 ਕੁੜੀਆਂ ਸ਼ਾਮਿਲ ਹਨ। ਦੂਜੇ ਪਾਸੇ ਜੇਕਰ ਜ਼ਿਲ੍ਹਾ ਵਾਈਜ਼ ਪਾਸ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਲੁਧਿਆਣਾ 91.62 ਫੀਸਦ ਨਾਲ ਸਾਰੇ ਜ਼ਿਲ੍ਹਿਆਂ ਤੋਂ ਫਾਡੀ ਰਹਿੰਦਾ ਹੋਇਆ 23ਵੇਂ ਸਥਾਨ ’ਤੇ ਆਇਆ ਹੈ। ਜ਼ਿਲ੍ਹੇ ’ਚ 38,496 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਸ ਵਿੱਚੋਂ 35269 ਵਿਦਿਆਰਥੀ ਪਾਸ ਹੋਏ ਹਨ ਜਦਕਿ 3225 ਵਿਦਿਆਰਥੀ ਫੇਲ੍ਹ ਹੋਏ ਹਨ।Advertisement