ਪੀਏਯੂ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ
ਲੁਧਿਆਣਾ, 27 ਮਈ
ਪੀ.ਏ.ਯੂ. ਦੇ ਨਵੇਂ ਅਕਾਦਮਿਕ ਸੈਸ਼ਨ 2025-26 ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ ਪੜ੍ਹਾਈ ਲਈ ਸੂਬੇ ਭਰ ਵਿੱਚੋਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਇਸ ਸਿਲਸਿਲੇ ਵਿੱਚ ਹੁਣ ਤੱਕ 6500 ਤੋਂ ਵਧੇਰੇ ਬਿਨੈ ਪੱਤਰ ਦਾਖਲੇ ਲਈ ਆਏ ਹਨ। ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀਈਟੀ) ਵਿੱਚ ਦਾਖਲੇ ਲਈ 3497 ਅਰਜ਼ੀਆਂ ਮਿਲੀਆਂ ਹਨ। ਬੀਐੱਸਸੀ (ਫੈਸ਼ਨ ਡਿਜ਼ਾਈਨਿੰਗ) ਵਿੱਚ ਪਿਛਲੇ ਸਾਲ ਹਾਸਲ ਹੋਈਆਂ 45 ਅਰਜ਼ੀਆਂ ਦੇ ਮੁਕਾਬਲੇ ਇਸ ਵਰ੍ਹੇ 77 ਅਰਜ਼ੀਕਾਰਾਂ ਨੇ ਦਾਖਲੇ ਵਿੱਚ ਦਿਲਚਸਪੀ ਦਿਖਾਈ ਹੈ। ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿੱਚ ਦਾਖਲੇ ਲਈ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ (ਬੀਐੱਸਈਟੀ) ਵਿੱਚ ਹੁਣ ਤੱਕ 667 ਬਿਨੈਕਾਰ ਕਤਾਰ ਵਿੱਚ ਹਨ। ਪਿਛਲੇ ਸਾਲ ਇਹ ਗਿਣਤੀ 430 ਸੀ। ਐਗਰੀਕਲਚਰ ਐਪਟੀਚਿਊਟ ਟੈਸਟ (ਏਏਟੀ) ਜੋ ਬੀਐੱਸਸੀ (ਆਨਰਜ਼) ਖੇਤੀਬਾੜੀ ਲਈ ਦਸਵੀਂ ਤੋਂ ਬਾਅਦ ਛੇ ਸਾਲਾਂ ਦਾ ਪ੍ਰੋਗਰਾਮ ਹੈ, ਵਿੱਚ ਪਿਛਲੇ ਸਾਲ ਆਈਆਂ 668 ਅਰਜ਼ੀਆਂ ਦੇ ਮੁਕਾਬਲੇ ਇਸ ਵਰ੍ਹੇ 849 ਵਿਦਿਆਰਥੀਆਂ ਨੇ ਦਾਖਲਾ ਲੈਣ ਦੀ ਇੱਛਾ ਪ੍ਰਗਟਾਈ ਹੈ। ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਵੀ ਦਾਖਲੇ ਲਈ ਵਿਦਿਆਰਥੀਆਂ ਅੰਦਰ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਭੋਜਨ ਅਤੇ ਪੋਸ਼ਣ, ਐੱਮਬੀਏ (ਖੇਤੀ ਕਾਰੋਬਾਰ), ਖੇਤੀ ਜੰਗਲਾਤ, ਸਬਜ਼ੀ ਵਿਗਿਆਨ, ਭੂਮੀ ਵਿਗਿਆਨ, ਪੌਦਾ ਰੋਗ ਵਿਗਿਆਨ, ਪੱਤਰਕਾਰੀ ਅਤੇ ਜਨ ਸੰਚਾਰ, ਜੈਨੇਟਿਕਸ ਅਤੇ ਪਲਾਂਟ ਬਰੀਡਿੰਗ, ਭੋਜਨ ਪ੍ਰੋਸੈਸਿੰਗ ਤਕਨਾਲੋਜੀ, ਕੀਟ ਵਿਗਿਆਨ, ਖੇਤੀ ਪਸਾਰ ਸਿੱਖਿਆ ਅਤੇ ਖੇਤੀ ਮੌਸਮ ਵਿਗਿਆਨ ਵਿੱਚ ਦਾਖਲੇ ਲਈ ਮੌਜੂਦ ਸੀਟਾਂ ਨਾਲੋਂ ਦੁੱਗਣੇ ਬਿਨੈਕਾਰ ਆਪਣੀ ਇੱਛਾ ਦਾ ਪ੍ਰਗਟਾਵਾ ਕਰ ਰਹੇ ਹਨ। ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਪਣਾਈ ਗਈ ਨਵੀਂ ਦਾਖਲਾ ਪ੍ਰਣਾਲੀ ਅਤੇ ਦੂਰ-ਦੁਰਾਡੇ ਦਾਖਲਿਆਂ ਬਾਰੇ ਪਹੁੰਚਾਈ ਚੇਤਨਾ ਨੇ ਵਿਦਿਆਰਥੀਆਂ ਨੂੰ ਇਸ ਸੰਸਥਾ ਨਾਲ ਜੁੜਨ ਲਈ ਜਾਗਰੂਕ ਕੀਤਾ ਹੈ।
ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਪੀ.ਏ.ਯੂ. ਨਾਲ ਜੁੜਨ ਦੀ ਇੱਛਾ ਸਾਬਿਤ ਕਰਦੀ ਹੈ ਕਿ ਇਸ ਸੰਸਥਾ ਨੇ ਆਪਣਾ ਭਰੋਸਾ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਹੋਰ ਪੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੀ ਨੌਜਵਾਨ ਪੀੜ੍ਹੀ ਦੀ ਇੱਛਾ ਕਾਰਨ ਪਿਛਲੇ ਸਾਲਾਂ ਵਿੱਚ ਦਾਖਲਿਆਂ ਦੇ ਰੁਝਾਨ ਵਿੱਚ ਕਮੀ ਦੇਖੀ ਗਈ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਬਿਨੈਕਾਰਾਂ ਵਿੱਚੋਂ ਸਿਖਰਲੀ ਯੋਗਤਾ ਵਾਲੇ ਵਿਦਿਆਰਥੀ ਪੀ.ਏ.ਯੂ. ਦੇ ਵਿਦਿਅਕ ਢਾਂਚੇ ਨਾਲ ਜੁੜ ਕੇ ਇਸ ਸੰਸਥਾ ਦੇ ਗੌਰਵ ਨੂੰ ਅਗਾਂਹ ਤੋਰਨਗੇ।