ਪੀਏਯੂ ਯੁਵਕ ਮੇਲਾ: ਮਹਿੰਦੀ ਮੁਕਾਬਲੇ ’ਚ ਬਾਗਬਾਨੀ ਕਾਲਜ ਦੀ ਅੰਕਿਤਾ ਅੱਵਲ
ਸਤਵਿੰਦਰ ਬਸਰਾ
ਲੁਧਿਆਣਾ, 13 ਨਵੰਬਰ
ਪੀ.ਏ.ਯੂ. ਵਿਚ ਚਲ ਰਹੇ ਸਲਾਨਾ ਯੁਵਕ ਮੇਲੇ ਵਿਚ ਅੱਜ ਵਿਦਿਆਰਥੀਆਂ ਨੇ ਆਪੋ ਆਪਣੀ ਕਲਾ ਦਾ ਲੋਹਾ ਮਨਵਾਇਆ।ਇਸ ਦੌਰਾਨ ਹੋਏ ਮਹਿੰਦੀ ਮੁਕਾਬਲੇ ਵਿੱਚ ਬਾਗਬਾਨੀ ਕਾਲਜ ਦੀ ਅੰਕਿਤਾ ਦੀਵਾਨਗਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਿਸ਼ੀਇੰਦਰ ਸਿੰਘ ਗਿੱਲ ਹਾਜ਼ਰ ਹੋਏ। ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਪੀ.ਏ.ਯੂ. ਦੀ ਕਲਾਤਮਕ ਵਿਰਾਸਤ, ਆਉਣ ਵਾਲੀਆਂ ਪੀੜ੍ਹੀਆਂ ਲਈ ਊਰਜਾ ਦਾ ਸਬੱਬ ਬਣਦੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਅੱਜ ਦੇ ਮੁਕਾਬਲਿਆਂ ਵਿਚ ਸ਼ਾਮਲ ਹੋਏ ਪਤਵੰਤਿਆਂ ਅਤੇ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਵਾਗਤ ਦੇ ਸ਼ਬਦ ਕਹੇ। ਅੱਜ ਹੋਏ ਮਹਿੰਦੀ ਮੁਕਾਬਲੇ ਵਿਚ ਬਾਗਬਾਨੀ ਕਾਲਜ ਦੀ ਅੰਕਿਤਾ ਦੀਵਾਨਗਨ ਨੂੰ ਪਹਿਲਾ ਸਥਾਨ, ਐਗਰੀਕਲਚਰ ਕਾਲਜ ਦੀ ਅਲੀਸ਼ਾ ਥਾਪਾ ਨੂੰ ਦੂਜਾ ਅਤੇ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੀ ਅਰਸ਼ੀਨ ਕੌਰ ਨੂੰ ਤੀਜਾ ਸਥਾਨ ਹਾਸਲ ਹੋਇਆ। ਮੌਕੇ ਤੇ ਪੇਟਿੰਗ ਬਨਾਉਣ ਦੇ ਮੁਕਾਬਲਿਆਂ ਵਿਚ ਐਗਰੀਕਲਚਰ ਕਾਲਜ ਦੀ ਸੁਰਮੀਤ ਕੌਰ ਨੂੰ ਪਹਿਲਾ, ਬਾਗਬਾਨੀ ਕਾਲਜ ਦੀ ਵਿਧੀ ਕਸ਼ਯਪ ਨੂੰ ਦੂਜਾ ਸਥਾਨ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਪੂਨਿਆ ਸੂਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਖਰਕਾਰੀ (ਹਿੰਦੀ) ’ਚ ਪਹਿਲਾ ਸਥਾਨ ਕਮਿਊਨਟੀ ਸਾਇੰਸ ਕਾਲਜ ਦੀ ਪ੍ਰਗਤੀ, ਅੱਖਰਕਾਰੀ (ਅੰਗਰੇਜ਼ੀ) ਵਿਚ ਕਮਿਊਨਟੀ ਸਾਇੰਸ ਕਾਲਜ ਦੀ ਰਾਧਿਕਾ ਮਿੱਤਲ, ਅੱਖਰਕਾਰੀ (ਪੰਜਾਬੀ) ਵਿਚ ਬੇਸਿਕ ਸਾਇੰਸਜ਼ ਕਾਲਜ ਦੀ ਪ੍ਰਭਜੋਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਡਿਬੇਟ ’ਚ ਪਹਿਲਾ ਸਥਾਨ ਐਗਰੀਕਲਚਰ ਕਾਲਜ, ਦੂਜਾ ਸਥਾਨ ਇੰਜਨੀਅਰਿੰਗ ਕਾਲਜ ਤੇ ਤੀਜਾ ਸਥਾਨ ਬੇਸਿਕ ਸਾਇੰਸਜ਼ ਕਾਲਜ ਨੇ ਹਾਸਲ ਕੀਤਾ। ਵਿਸ਼ੇ ਦੇ ਪੱਖ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਯਸ਼ਿਕਾ ਅਤੇ ਵਿਪੱਖ ਵਿਚ ਖੇਤੀਬਾੜੀ ਕਾਲਜ ਦੇ ਤਰੁਨ ਕਪੂਰ ਸਰਵੋਤਮ ਡਿਬੇਟਰ ਚੁਣੇ ਗਏ।