ਪੀਏਯੂ ਪ੍ਰਕਾਸ਼ਨ ਕਮੇਟੀ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਮਈ
ਪੀ.ਏ.ਯੂ. ਪ੍ਰਕਾਸ਼ਨ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿਚ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਖੇਤੀ ਸਾਹਿਤ ਦਾ ਲੇਖਾ ਜੋਖਾ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿਚ ਛਾਪੇ ਜਾਣ ਵਾਲੇ ਸਾਹਿਤ ਦੀ ਵਿਉਂਤਬੰਦੀ ਕੀਤੀ ਗਈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਹੋਰ ਉੱਚ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਡਾਇਰੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ, ਪੀ.ਏ.ਯੂ. ਦੇ ਕਿਸਾਨ ਕਲੱਬਾਂ ਦੇ ਅਹੁਦੇਦਾਰ ਕਿਸਾਨ ਅਤੇ ਖੇਤੀ ਸਾਹਿਤ ਦੀ ਤਜਵੀਜ਼ਾਂ ਭੇਜਣ ਵਾਲੇ ਮਾਹਿਰ ਵੀ ਮੌਜੂਦ ਸਨ।
ਡਾ. ਗੋਸਲ ਨੇ ਕਿਹਾ ਕਿ ਸਾਹਿਤ ਦੇ ਜ਼ਰੀਏ ਹੀ ਯੂਨੀਵਰਸਿਟੀ ਦੀਆਂ ਵੱਖ-ਵੱਖ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਈਆਂ ਗਈਆਂ। ਅੱਜ ਵੀ ਪੀ.ਏ.ਯੂ. ਦਾ ਖੇਤੀ ਸਾਹਿਤ ਕਿਸਾਨਾਂ ਵੱਲੋਂ ਚਾਹ ਕੇ ਪੜਿਆ ਜਾਂਦਾ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਬਦਲਦੇ ਸਮੇਂ ਨਾਲ ਬਰ ਮੇਚ ਕੇ ਡਿਜ਼ੀਟਲ ਮਾਧਿਅਮ ਰਾਹੀਂ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਕਾਰਜ ਆਰੰਭਿਆ ਹੈ। ਇਸ ਖੇਤਰ ਵਿਚ ਅਜੇ ਹੋਰ ਕਾਰਜ ਕੀਤੇ ਜਾਣ ਉੱਪਰ ਜ਼ੋਰ ਦਿੱਤਾ।
ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਕਿਸਾਨਾਂ ਦੀਆਂ ਲੋੜਾਂ ਦੇ ਅਨੁਸਾਰ ਖੇਤੀ ਸਾਹਿਤ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੀਟਿੰਗ ਦਾ ਸੰਚਾਲਨ ਕਰਦਿਆਂ ਪੀ.ਏ.ਯੂ. ਵੱਲੋਂ ਪਿਛਲੀ ਮੀਟਿੰਗ ਤੋਂ ਬਾਅਦ ਪ੍ਰਕਾਸ਼ਿਤ ਕੀਤੇ ਗਏ ਸਾਹਿਤ ਬਾਰੇ ਸੰਖੇਪ ਝਲਕ ਪੇਸ਼ ਕੀਤੀ। ਡਾ. ਰਿਆੜ ਨੇ ਭਵਿੱਖ ਵਿਚ ਛਾਪੇ ਜਾਣ ਵਾਲੇ ਸਾਹਿਤ ਦੀ ਰੂਪਰੇਖਾ ਹਾਜ਼ਰੀਨ ਦੇ ਸਾਹਮਣੇ ਰੱਖੀ ਜਿਸ ਉੱਪਰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਢੁੱਕਵੇਂ ਸੁਝਾਅ ਦਿੱਤੇ।