For the best experience, open
https://m.punjabitribuneonline.com
on your mobile browser.
Advertisement

ਪਿੱਪਲ ਪਿਤਾ

02:36 AM Jun 18, 2023 IST
ਪਿੱਪਲ ਪਿਤਾ
Advertisement

ਕਮਲੇਸ਼ ਉੱਪਲ

Advertisement

ਵੇਰੇ ਨਾਸ਼ਤੇ ਵੇਲੇ ਮੇਰੀਆਂ ਯਾਦਾਂ ਤੇ ਸੰਵੇਦਨਾ ਮੈਨੂੰ ਪੌਣੀ ਸਦੀ ਪਹਿਲਾਂ ਦੇ ਸਮੇਂ ਵੱਲ ਲੈ ਤੁਰੀਆਂ। ਮੇਰੇ ਬਚਪਨ ਦੇ ਸਮੇਂ ਵੱਲ; ਤੇ ਮੇਰੇ ਜ਼ਿਹਨ ਵਿਚ ਲੈਅ ‘ਚ ਇਹ ਸ਼ਬਦ ਗੂੰਜਣ ਲੱਗੇ, ”ਝੂਟੇ… ਮਾਟੇ… ਪੱਕੇ ਅੰਬ, ਖ਼ਰਬੂਜ਼ੇ… ਮਿੱਠੇ ਮਿੱਠੇ ਗੁੱਡੀ ਨੂੰ… ਗੁੱਡੀ ਜੂਠੇ ਤੋਸ਼ੀ ਨੂੰ…।” ਤੇ ਇੰਜ, ਲੈਅਬੱਧ, ਅੰਬ ਖ਼ਰਬੂਜ਼ਿਆਂ ਦੇ ਪ੍ਰਸੰਗ ਵਿਚ ਸਾਰੀਆਂ ਭੈਣਾਂ ਦੇ ਨਾਂ ਲੈ ਲੈ ਕੇ ਮੇਰੇ ਪਿਤਾ ਜੀ ਮੈਨੂੰ ਝੂਟੇ ਦਿੰਦੇ। ਘਰ ਵਿਚ ਸਭ ਤੋਂ ਛੋਟੀ ਹੋਣ ਕਾਰਨ ਮੈਨੂੰ ਸਾਰੇ ਗੁੱਡੀ ਬੁਲਾਉਂਦੇ। ਪਿੱਠ ਪਰਨੇ ਮੰਜੇ ਉੱਤੇ ਲੇਟ ਕੇ ਲੱਤਾਂ ‘ਕੱਠੀਆਂ ਕਰ ਕੇ ਪਿਤਾ ਮੈਨੂੰ ਪੈਰਾਂ ‘ਤੇ ਬਹਾਲ ਕੇ ਝੂਟੇ ਮਾਟੇ ਦਾ ਇਹ ਰਾਗ ਅਲਾਪਦੇ ਰਹਿੰਦੇ। ਅਖ਼ੀਰ ਵਿਚ ਹੌਲੀ-ਹੌਲੀ ਝੂਟਿਆਂ ਦੀ ਰਫ਼ਤਾਰ ਘੱਟ ਹੋ ਜਾਂਦੀ ਤੇ ਪਿਤਾ ਲੱਤਾਂ ਉੱਪਰ ਚੁੱਕਦਿਆਂ ਗਾਉਣ ਲੱਗਦੇ, ”ਬੁੱਢੀਓ ਮਾਈਓ ਚਰਖਾ ਪੂਣੀ ਚੱਕ ਲਓ ਨੇਰ੍ਹੀ ਬੋਲੀ ਆਈ ਜੇ/ ਬੁੱਢੀਓ ਮਾਈਓ ਭਾਂਡੇ ਟੀਂਡੇ ਚੱਕ ਲਓ ਨੇਰ੍ਹੀ ਬੋਲੀ ਆਈ ਜੇ।” ਪਾਗ਼ਲ ਹਨੇਰੀ ਦੇ ਆਉਣ ਦਾ ਅੰਦਾਜ਼ ਉਹ ਲੱਤਾਂ ਨੂੰ ਉੱਪਰ ਤੱਕ ਲਿਜਾ ਕੇ ਦਰਸਾਉਂਦੇ। ਮੇਰਾ ਸਿਰ ਠਾਂਹ ਹੋ ਜਾਂਦਾ, ਮੈਂ ਡਿੱਗਣ ਵਾਲੀ ਹੋ ਜਾਂਦੀ ਤੇ ਖਿੜ ਖਿੜ ਹੱਸਦੀ ਹੋਈ ਆਪਾ ਸਾਂਭਦੀ। ਫਿਰ ਮੇਰੀ ਸਮ੍ਰਿਤੀ ਬਚਪਨ ਦੀਆਂ ਹੋਰ ਕਈ ਯਾਦਾਂ ਫਰੋਲਣ ਲੱਗੀ। ਉਦੋਂ ਪਿਤਾ ਜੀ ਸਕੂਲ ਮਾਸਟਰ ਸਨ। ਨੌਜਵਾਨ ਉਮਰੇ ਉਨ੍ਹਾਂ ਨੇ ਪੰਜਾਬੋਂ ਬਾਹਰ ਜਾ ਕੇ ਕਿਸੇ ਨਾਮੀ ਸੰਸਥਾ ਤੋਂ ਤਕਨੀਕੀ ਸਿਖਲਾਈ ਦਾ ਕੋਰਸ ਕੀਤਾ ਸੀ। ਬੰਬਈ ਵਿਚ ਸਰਕਾਰੀ ਨੌਕਰੀ ਵੀ ਮਿਲ ਗਈ ਸੀ, ਪਰ ਉਨ੍ਹਾਂ ਦੇ ਅਧਿਆਪਨ ਲਈ ਖ਼ਬਤ ਨੂੰ ਓਵਰਸੀਅਰੀ ਪਸੰਦ ਨਹੀਂ ਸੀ ਆਈ। ਉਹ ਬੰਬਈ ਦੀ ਆਬੋ-ਹਵਾ ਰਾਸ ਨਾ ਆਉਣ ਦਾ ਬਹਾਨਾ ਬਣਾ ਕੇ ਪੰਜਾਬ ਮੁੜ ਆਏ ਤੇ ਸਕੂਲ ਅਧਿਆਪਨ ਵਿਚ ਪੈ ਗਏ। ਕਦੇ ਸਰਕਾਰੀ ਅਧਿਆਪਕ ਰਹੇ ਤੇ ਕਦੇ ਪ੍ਰਾਈਵੇਟ। ਸ਼ਾਇਦ ਉਹ ਕੁਝ ਜ਼ਿਆਦਾ ਹੀ ਸੁਤੰਤਰ ਸੋਚ ਦੇ ਮਾਲਕ ਸਨ। ਇਸ ਕਾਰਨ ਹੀ ਉਹ ਜਦੋਂ ਕਿਸੇ ਹੈੱਡਮਾਸਟਰ ਤੋਂ ਤੰਗ ਹੁੰਦੇ ਤਾਂ ਸਕੂਲ ਬਦਲ ਲੈਂਦੇ ਜਾਂ ਜਿਸ ਕਸਬੇ ਵਿਚ ਸਕੂਲ ਨਾ ਹੁੰਦਾ, ਉੱਥੇ ਆਪਣਾ ਹੀ ਸਕੂਲ ਚਲਾ ਲੈਂਦੇ। ਮੈਨੂੰ ਧੁੰਦਲੀ ਜਿਹੀ ਯਾਦ ਅਜੇ ਵੀ ਹੈ, ਕਈ ਦਹਾਕੇ ਪਹਿਲਾਂ ਉਨ੍ਹਾਂ ਨੇ ਮਾਨਸਾ ਵਿਚ ਆਪਣਾ ਹੀ ਸਕੂਲ ਖੋਲ੍ਹ ਲਿਆ ਸੀ। 1947 ਦੀ ਵੰਡ ਤੋਂ ਮਗਰੋਂ ਉੱਜੜੇ ਲੋਕਾਂ ਦੇ ਮੁੜ-ਵਸੇਬੇ ਤੋਂ ਵਿਹਲੀਆਂ ਹੋਈਆਂ ਸਰਕਾਰਾਂ ਦਾ ਧਿਆਨ ਆਮ ਲੋਕਾਂ ਦੀ ਸਿੱਖਿਆ ਵੱਲ ਅਜੇ ਪੂਰੀ ਤਰ੍ਹਾਂ ਨਹੀਂ ਸੀ ਹੋਇਆ। ਫਿਰ ਵੀ ਕਈ ਥਾਂ ਸਕੂਲ ਖੁੱਲ੍ਹ ਰਹੇ ਸਨ ਤੇ ਕੁੜੀਆਂ ਨੂੰ ਪੜ੍ਹਾਉਣ ਲਈ ਅਜੇ ਮਾਸਟਰਨੀਆਂ ਦੀ ਲੋੜ ਸੀ। ਮੇਰੀਆਂ ਵੱਡੀਆਂ ਦੋਵੇਂ ਭੈਣਾਂ ਦਸਵੀਂ ਤੇ ਅੱਠਵੀਂ ਪਾਸ ਕਰਨ ਮਗਰੋਂ ਹੀ ਸਕੂਲ ਵਿਚ ਪੜ੍ਹਾਉਣ ਲਈ ਸੱਦ ਲਈਆਂ ਗਈਆਂ। ਇਹ ਤਦ ਹੀ ਸੰਭਵ ਹੋਇਆ ਜੇ ਪਿਤਾ ਨੇ ਉਨ੍ਹਾਂ ਨੂੰ ਪੜ੍ਹਾਉਣ ਦੀ ਪਹਿਲ ਕੀਤੀ।

Advertisement

ਸੰਨ ਸੰਤਾਲੀ ਵੇਲੇ ਮੈਂ ਤਿੰਨ ਕੁ ਵਰ੍ਹਿਆਂ ਦੀ ਸੀ। ਇਹ ਉਹੀ ਝੂਟੇ ਮਾਟੇ ਵਾਲੇ ਦਿਨ ਸਨ। ਅਸੀਂ ਅਹਾਤਾ ਠਾਕਰਦਾਸ ਦੇ ਇਕ ਨਿਮਨ ਮੱਧਵਰਗੀ ਕਿਰਾਏ ਦੇ ਮਕਾਨ ਵਿਚ ਰਹਿੰਦੇ ਸੀ। ਇਕ ਬੈਠਕ, ਦੋ ਕਮਰੇ, ਛੋਟਾ ਜਿਹਾ ਵਿਹੜਾ ਤੇ ਇਕ ਵਰਾਂਡਾਨੁਮਾ ਰਸੋਈ ਵਿਚ ਹੀ ਗੁਜ਼ਰ ਬਸਰ ਹੁੰਦੀ। ਵਿਹੜੇ ਵਿਚ ਗਾਂ ਬੰਨ੍ਹੀ ਜਾਂਦੀ। ਉੱਥੇ ਹੀ ਪਿਤਾ ਜੀ ਟਿਊਸ਼ਨਾਂ ਪੜ੍ਹਾਉਂਦੇ ਤੇ ਮਾਂ ਦੀ ਬਿਨਾਂ ਕਿਸੇ ਓਟਿਉਂ ਖੁੱਲ੍ਹੀ ਰਸੋਈ ਵੀ ਇਸੇ ਵਿਹੜੇ ਦੇ ਇਕ ਕੋਨੇ ‘ਚ ਸੀ।

ਕਿਸੇ ਬੈਰਿਸਟਰ ਦੀ ਜਾਇਦਾਦ, ਅਹਾਤਾ ਠਾਕਰਦਾਸ ਦੇ ਕਿਰਾਏ ਚੜ੍ਹਾਏ ਘਰਾਂ ਵਿਚ ਬਿਜਲੀ ਨਹੀਂ ਸੀ ਦਿੱਤੀ ਗਈ। ਪਰ ਸਾਡੇ ਘਰ ਵਿਚ ਤਾਂ ਕੰਮ ਹੀ ਪੜ੍ਹਾਈ ਦਾ ਸੀ। ਇਸ ਲਈ ਰੋਜ਼ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ ਵੱਡੀ ਭੈਣ ਇਕ ਲਾਲਟੈਣ, ਦੋ ਲੈਂਪਾਂ ਅਤੇ ਇਕ ਛੋਟੇ ਦੀਵਾਨੁਮਾ ਲੈਂਪ ਦੀਆਂ ਚਿਮਨੀਆਂ ਸਾਫ਼ ਕਰ ਕੇ ਬੱਤੀਆਂ ਸਹੀ ਕਰਦੀ ਤੇ ਤੇਲ ਪਾਉਂਦੀ। ਲੈਂਪਾਂ ਦੀ ਰੌਸ਼ਨੀ ਵਿਚ ਸਾਰੇ ਭੈਣ ਭਰਾ ਅੱਧੀ ਰਾਤ ਤਕ ਪੜ੍ਹਦੇ ਰਹਿੰਦੇ। ਇਸ ਘਰ ਦੀ ਇਕ ਵੱਡੀ ਨਿਆਮਤ ਛੱਤ ਉੱਤੇ ਫੈਲਿਆ ਵੱਡਾ ਸਾਰਾ ਨਿੰਮ ਸੀ। ਇਸ ਨਿੰਮ ਹੇਠ ਵਗਦੀ ਹਵਾ ਵਿਚ ਹੀ ਅਸੀਂ ਸੌਂਦੇ। ਇੱਥੇ ਹੀ ਪਿਤਾ ਜੀ ਦੇ ਝੂਟੇ ਮਾਟੇ ਮਾਣਦਿਆਂ ਮੈਂ ਗਿਣਤੀ, ਪਹਾੜੇ, ਤਿੰਨਾਂ ਜ਼ਬਾਨਾਂ (ਪੰਜਾਬੀ, ਹਿੰਦੀ, ਅੰਗਰੇਜ਼ੀ) ਦੀ ਪੈਂਤੀ ਜ਼ਬਾਨੀ ਯਾਦ ਕਰ ਲਈ ਤੇ ਫਿਰ ਕਾਇਦਾ ਤੇ ਸਲੇਟ ਹੱਥ ਵਿਚ ਲੈ ਕੇ ਪੜ੍ਹਨ ਲਿਖਣ ਦੀਆਂ ਮੁੱਢਲੀਆਂ ਮਸ਼ਕਾਂ ਸਕੂਲ ਜਾਣ ਤੋਂ ਪਹਿਲਾਂ ਘਰੇ ਹੀ ਕਰ ਲਈਆਂ। ਸਲੇਟ ਬਾਰੇ ਵੀ ਦੱਸ ਦਿਆਂ ਕਿ ਪਿਤਾ ਜੀ ਸਾਨੂੰ ਹੱਥਾਂ ਵਿਚ ਚੂੜੀਆਂ ਨਹੀਂ ਸਨ ਪਾਉਣ ਦਿੰਦੇ। ਉਹ ਕਹਿੰਦੇ ਸਨ ਕਿ ਚੂੜੀਆਂ ਦੀ ਸਲੇਟ ਉੱਤੇ ਰਗੜ ਪੜ੍ਹਾਈ ਵਿੱਚ ਖ਼ਲਲ ਪਾਉਂਦੀ ਹੈ। ਸਕੂਲ ਦੀ ਸ਼ਕਲ ਮੈਂ ਤੀਜੀ ਜਮਾਤ ਵਿਚ ਦਾਖਲਾ ਲੈ ਕੇ ਹੀ ਵੇਖੀ। ਮੇਰੇ ਪਿਤਾ ਨੇ ਬੇਟੀ ਪੜ੍ਹਾਓ… ਵਾਲਾ ਆਧੁਨਿਕ ਨਾਅਰਾ ਆਪਣੀ ਜੀਵਨ ਜਾਚ ਵਿਚ ਪੌਣੀ ਸਦੀ ਪਹਿਲਾਂ ਹੀ ਸਮੋ ਲਿਆ ਸੀ। ਮੈਂ ਆਪਣੀ ਮਾਂ ਦੀ ਚੌਥੀ ਕੁੜੀ ਸਾਂ। ਜਦੋਂ ਮੇਰਾ ਜਨਮ ਹੋਇਆ ਤਾਂ ਮਾਂ ਵੇਖ ਕੇ ਰੋ ਪਈ ਸੀ। ਵੱਡੀ ਭੈਣ ਨੇ ਜਾ ਦੱਸਿਆ, ”ਪਿਤਾ ਜੀ, ਬੀਬੀ ਤਾਂ ਰੋਈ ਜਾਂਦੀ ਹੈ।” ਉਹ ਇਕਦਮ ਮਾਂ ਨੂੰ ਕਹਿਣ ਲੱਗੇ, ”ਮੇਰੀ ਬੇਟੀਉਂ ਕੋ ਦੇਖ ਕੇ ਰੋਓ ਮਤ। ਯਿਹ ਬੇਟੀਆਂ ਨਹੀਂ, ਬੇਟੇ ਹੈਂ।” ਉਹ ਜਦੋਂ ਵੀ ਜੋਸ਼ ਵਿਚ ਆਉਂਦੇ ਉਰਦੂ ਵਿਚ ਗੱਲ ਕਰਦੇ। ਇਹ ਵਾਕ ਮੇਰੇ ਲਈ ਪ੍ਰੇਰਨਾਮਈ ਕਥਨ ਅਤੇ ਜੀਵਨ ਸ਼ਕਤੀ ਬਣਿਆ ਰਿਹਾ ਹੈ।

ਮੇਰੇ ਪਿਤਾ ਖੁਸ਼ਕ ਹੁਸ਼ਿਆਰਪੁਰੀਏ ਸਨ ਤੇ ਮਾਂ ਮਾਝੇ ਦੀ ਕੂਲ਼ੀ ਗੰਦਲ ਸੀ। ਉਹ ਆਮ ਵਿਅਕਤੀਆਂ ਵਾਂਗ ਔਗੁਣਾਂ ਵਾਲੇ ਵੀ ਸਨ। ਉਹ ਦੁੱਧ ਦੇ ਉਬਾਲ ਵਰਗੇ ਗੁਸੈਲ ਸੁਭਾਅ ਦੇ ਸਨ। ਉਹ ਆਪਣੇ ਵਿਦਿਆਰਥੀਆਂ ਨੂੰ ਤੇ ਸਾਨੂੰ ਤਾਂ ਕੁੱਟਦੇ ਹੀ ਸਨ, ਨਿੱਕੀ ਜਿਹੀ ਗ਼ਲਤੀ ਹੋ ਜਾਣ ‘ਤੇ ਮੇਰੀ ਮਾਂ ਨੂੰ ਵੀ ਧੌਲ-ਧੱਫ਼ਾ ਲਾ ਦਿੰਦੇ ਸਨ। ਮਾਂ ਅਨਪੜ੍ਹ ਸੀ, ਪਰ ਬੇਹੱਦ ਸੰਵੇਦਨਸ਼ੀਲ। ਪਿਤਾ ਦੇ ਐਨੇ ਗੁਸੈਲ ਹੋਣ ਦੇ ਬਾਵਜੂਦ ਘਰ ਵਿਚ ਕਦੇ ਕਲੇਸ਼ ਵਰਗੀ ਚੀਜ਼ ਨਹੀਂ ਸੀ ਆਈ। ਮਾਂ ‘ਤੇ ਪਿਤਾ ਦੇ ਗੁੱਸਾ ਉਤਾਰਨ ‘ਤੇ ਅਸੀਂ ਸਾਰੇ ਬੱਚੇ ਮਾਂ ਦੇ ਝੱਗੇ ਚੁੰਨੀ ਦਾ ਲੜ ਫੜ ਕੇ ਉਸ ਦੇ ਨਾਲ ਲੱਗ ਕੇ ਬਹਿ ਜਾਂਦੇ। ਥੋੜ੍ਹੀ ਦੇਰ ਮਗਰੋਂ ਦ੍ਰਿਸ਼ ਬਦਲਦਾ। ਪਿਤਾ ਜੀ ਕੁਝ ਸਮੇਂ ਬਾਅਦ ਹੀ ਮਾਂ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਮੁਆਫ਼ੀ ਮੰਗ ਰਹੇ ਹੁੰਦੇ ਤੇ ਗੱਲ ਆਈ-ਗਈ ਹੋ ਜਾਂਦੀ। ਉਂਜ ਉਹ ਮਾਂ ਅਤੇ ਸਾਡਾ ਸਾਰਿਆਂ ਦਾ ਹਰ ਤਰ੍ਹਾਂ ਖ਼ਿਆਲ ਰੱਖਦੇ। ਸ਼ਾਲਾ! ਬੇਟੀਆਂ ਨੂੰ ਬੇਟੇ ਸਮਝਣ ਦਾ ਮਹਾਂਮੰਤਰ ਅਪਣਾਉਣ ਵਾਲੇ ਪਿਤਾ ਦੀ ਸਰਪ੍ਰਸਤੀ ਹਰ ਬੇਟੀ ਨੂੰ ਮਿਲਦੀ ਰਹੇ। ਮਾਂ ਵਰਗੇ ਘਣਛਾਵੇਂ ਬੂਟੇ ਵਾਂਗ ਪਿੱਪਲ ਪਿਤਾ ਦੀ ਛਤਰ ਛਾਇਆ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ।

ਸੰਪਰਕ: 98149-02564

Advertisement
Advertisement