ਪਿੰਡ ਰਾਮਨਗਰ ਛੰਨਾਂ ’ਚ ਕਿਸਾਨਾਂ ਨੇ ਕਬਜ਼ਾ ਕਾਰਵਾਈ ਰੋਕੀ
ਬੀਰਬਲ ਰਿਸ਼ੀ
ਸ਼ੇਰਪੁਰ, 10 ਜਨਵਰੀ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ ਅੱਜ ਰਾਮਨਗਰ ਛੰਨਾਂ ’ਚ ਕਰਜ਼ੇ ਬਦਲੇ ਕੁਰਕੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਕਾਤਰੋਂ ਨੇ ਦੱਸਿਆ ਕਿ ਕਿਸਾਨ ਬਚਨ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਰਾਮਨਗਰ ਛੰਨਾਂ ਨੇ ਇੱਕ ਬੈਂਕ ਤੋਂ 6.80 ਲੱਖ ਕਰਜ਼ਾ ਲਿਆ ਸੀ। 2012 ਤੱਕ ਇਸ ਲੋਨ ਦਾ ਤਕਰੀਬਨ 2 ਲੱਖ ਰੁਪੇਏ ਭਰ ਵੀ ਚੁੱਕਾ ਹੈ ਪਰ ਸਬੰਧਤ ਬੈਂਕ ਨੇ 11 ਲੱਖ ਰੁਪਏ ਦੀ ਦੇਣਦਾਰੀ ਦਾ ਕਿਸਾਨ ਪਰਿਵਾਰ ’ਤੇ ਕੇਸ ਲਗਾ ਦਿੱਤਾ ਜਿਸ ਸਬੰਧੀ ਅੱਜ ਬੈਂਕ ਵੱਲੋਂ ਉਕਤ ਕਿਸਾਨ ਨੂੰ ਕੁਰਕੀ ਦਾ ਨੋਟਿਸ ਦਿੱਤਾ ਹੋਇਆ। ਸ੍ਰੀ ਕਾਤਰੋਂ ਨੇ ਦੱਸਿਆ ਕਿ ਕੁਰਕੀ ਰੋਕਣ ਲਈ ਪਿੰਡ ਇਕਾਈ ਦੇ ਆਗੂਆਂ ਨੇ ਇਸ ਕੁਰਕੀ ਦਾ ਤਿੱਖਾ ਵਿਰੋਧ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਪਿੰਡ ’ਚ ਨਾ ਵੜਨ ਦੇਣ ਸਬੰਧੀ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਰੌਂਅ ਨੂੰ ਭਾਂਪਦਿਆਂ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਪਹੁੰਚਿਆ। ਇਸ ਮੌਕੇ ਜਥੇਬੰਦੀ ਦੇ ਮੋਹਰੀ ਆਗੂ ਗੁਰਮੁਖ ਸਿੰਘ, ਚਤਰ ਸਿੰਘ, ਗੁਰਮੇਲ ਸਿੰਘ, ਰੂਪ ਸਿੰਘ ਜਵੰਧਾ, ਪੰਮੀ ਕਾਤਰੋਂ, ਚਰਨ ਸਿੰਘ ਗਰੇਵਾਲ, ਨਾਇਬ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਅਤੇ ਲਾਲ ਸਿੰਘ ਆਦਿ ਨੇ ਕੁਰਕੀ ਰੋਕਣ ਦੇ ਮਾਮਲੇ ਨੂੰ ਕਿਸਾਨ ਏਕੇ ਦੀ ਜਿੱਤ ਗਰਦਾਨਿਆ।