ਪਿੰਡ ਰਾਣੀ ਮਾਜਰਾ ਵਿੱਚ ਦੋ ਧਿਰਾਂ ਵਿਚਕਾਰ ਝਗੜਾ
ਹਰਜੀਤ ਸਿੰਘ
ਡੇਰਾਬੱਸੀ, 19 ਮਈ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਲੰਘੀ ਰਾਤ ਮੁੜ ਤੋਂ ਦੋ ਧਿਰਾਂ ਵਿਚਕਾਰ ਝੜਪ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਲਾਲੜੂ ਦੇ ਪਿੰਡ ਰਾਣੀ ਮਾਜਰਾ ਵਿੱਚ ਕੱਲ੍ਹ ਗਲੀ ਦੀ ਉਸਾਰੀ ਤੋਂ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਸੀ। ਇਸ ਦੌਰਾਨ ਦੋਵੇਂ ਧਿਰਾਂ ਦੇ ਔਰਤਾਂ ਸਣੇ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਵਿੱਚ ਦੋਵਾਂ ਧਿਰਾਂ ਦੇ ਜ਼ਖ਼ਮੀ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਆਉਣ ਕਰ ਕੇ ਭੀੜ ਇਕੱਠੀ ਹੋ ਗਈ। ਦੋਵੇਂ ਧਿਰਾਂ ਆਪੋ-ਆਪਣੇ ਜ਼ਖ਼ਮੀਆਂ ਦਾ ਪਹਿਲਾਂ ਇਲਾਜ ਕਰਵਾਉਣ ਲਈ ਅੜ ਗਏ। ਉਨ੍ਹਾਂ ਨੇ ਡਾਕਟਰਾਂ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਧਿਰਾਂ ਦੇ ਮੁੜ ਤੋਂ ਆਹਮੋ-ਸਾਹਮਣੇ ਆਉਣ ’ਤੇ ਡਾਕਟਰਾਂ ਨੇ ਮਾਮਲੇ ਦੀ ਜਾਣਕਾਰੀ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਦਿੱਤੀ। ਉਨ੍ਹਾਂ ਨੇ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਭੇਜ ਦਿੱਤੀ। ਥਾਣਾ ਮੁਖੀ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਥੋੜ੍ਹੀ ਸਖ਼ਤੀ ਵਰਤੀ। ਹਾਲਾਤ ’ਤੇ ਕਾਬੂ ਪਾਉਣ ਲਈ ਪੁਲੀਸ ਤੜਕੇ ਤਿੰਨ ਵਜੇ ਤੱਕ ਹਸਪਤਾਲ ਵਿੱਚ ਹੀ ਤਾਇਨਾਤ ਸੀ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਇੱਥੋਂ ਦੇ ਪਿੰਡ ਮੁਕੰਦਪੁਰ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਮਗਰੋਂ ਹਸਪਤਾਲ ਵਿੱਚ ਦਾਖ਼ਲ ਦੋਵਾਂ ਧਿਰਾਂ ਵਿਚਕਾਰ ਮੁੜ ਤੋਂ ਖੂਨੀ ਝੜਪ ਹੋਈ ਸੀ ਤੇ ਦੋਵਾਂ ਧਿਰਾਂ ਨੇ ਹਸਪਤਾਲ ’ਚ ਭੰਨਤੋੜ ਕੀਤੀ ਸੀ। ਇਸ ਮਗਰੋਂ ਡਾਕਟਰਾਂ ਨੇ ਸੁਰੱਖਿਆ ਨੂੰ ਲੈ ਕੇ ਰੋਸ ਮੁਜ਼ਾਹਰਾ ਵੀ ਕੀਤਾ ਸੀ।