ਪਿੰਡ ਧਾਰੜ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਢਾਹੇ
ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 22 ਮਈ
ਇੱਥੋਂ ਨਜ਼ਦੀਕੀ ਪਿੰਡ ਧਾਰੜ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਨਸ਼ਾ ਤਸਕਰਾਂ ਦੇ ਘਰ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਢਾਹ ਦਿੱਤੇ ਗਏ। ਅਪਰੇਸ਼ਨ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪੁਲੀਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਰ ਜੱਗਪ੍ਰੀਤ ਸਿੰਘ ਉਰਫ ਜੱਗਾ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ ਹਨ। ਐੱਸਐੱਸਪੀ ਨੇ ਦੱਸਿਆ ਕਿ ਇਹ ਦੋਵੇਂ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਹਨ। ਜਗਪ੍ਰੀਤ ਸਿੰਘ ਉੱਪਰ ਐੱਨਡੀਪੀਐੱਸ ਦੇ ਸੱਤ ਪਰਚੇ ਦਰਜ ਹਨ ਅਤੇ ਸੱਤੇ ਉੱਤੇ ਐੱਨਡੀਪੀਐੱਸ ਦੇ ਚਾਰ ਪਰਚੇ ਦਰਜ ਹਨ। ਦੋਵੇਂ ਮੁਲਜ਼ਮ ਇਸ ਵਕਤ ਵੀ ਜੇਲ੍ਹ ਵਿੱਚ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ ਪੰਜਵੀਂ ਕਾਰਵਾਈ ਹੈ, ਜਿਸ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਜਿਨ੍ਹਾਂ ਨੇ ਆਪਣਾ ਘਰ ਉਸਾਰਨ ਲਈ ਕਈ ਲੋਕਾਂ ਦੇ ਘਰ ਉਜਾੜ ਦਿੱਤੇ ਨੂੰ ਮਹਿਲਾਂ ਦਾ ਸੁੱਖ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਜੋ ਵੀ ਵਿਅਕਤੀ ਇਸ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਿਲ ਹੈ, ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਹਿਤ ਸਬੰਧਿਤ ਵਿਅਕਤੀ ਨੂੰ ਜੇਲ੍ਹ ਦੇ ਨਾਲ ਨਾਲ ਉਸ ਦੀ ਸੰਪਤੀ ਜ਼ਬਤ ਕੀਤੀ ਜਾਣੀ ਜਾਂ ਉਸ ਦੀਆਂ ਨਜਾਇਜ਼ ਉਸਾਰੀਆਂ ਨੂੰ ਢਾਇਆ ਜਾਣਾ ਸ਼ਾਮਿਲ ਹੈ।
ਐੱਸਐੱਸਪੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਵਿੱਚ ਸਾਨੂੰ ਜਨਤਾ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਲੋਕਾਂ ਵੱਲੋਂ ਦਿੱਤੀ ਗਈ ਸਹਾਇਤਾ ਸੂਚਨਾ ਦੇ ਆਧਾਰ ਉੱਤੇ ਹੀ ਪੰਜਾਬ ਪੁਲੀਸ ਲਗਾਤਾਰ ਨਸ਼ੇ ਦੀਆਂ ਵੱਡੀਆਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਸ਼ੱਈਆਂ ਦੇ ਇਲਾਜ ਲਈ 720 ਬੈੱਡਾਂ ਦੀ ਵਿਵਸਥਾ ਕੀਤੀ ਹੈ, ਜਿੱਥੇ ਹਰ ਰੋਗੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।