ਪਿੰਡ ਖੁਰਦਪੁਰ ਪੁਲ ਨੇੜੇ ਬਿਜਲੀ ਦੇ ਖੰਭੇ ਡਿੱਗੇ
ਪੱਤਰ ਪ੍ਰੇਰਕ
ਜਲੰਧਰ, 18 ਮਈ
ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਥਿਤ ਖੁਰਦਪੁਰ ਪੁਲ ਨੇੜੇ ਪਿਛਲੇ ਕਾਫੀ ਦਿਨਾਂ ਤੋਂ ਬਿਜਲੀ ਦੇ ਡਿੱਗੇ ਦੋ ਖੰਭਿਆਂ ਨਾਲ ਉਥੋਂ ਲੰਘਣ ਵਾਲੇ ਲੋਕਾਂ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਸਬੰਧਤ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਹੋਣ ’ਤੇ ਵੀ ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਇਹ ਖੰਭੇ ਪਿਛਲੇ ਕਰੀਬ 10 ਤੋਂ 12 ਦਿਨਾਂ ਤੋਂ ਖੁਰਦਪੁਰ ਪੁਲ ਨੇੜੇ ਮੁੱਖ ਮਾਰਗ ’ਤੇ ਇੱਕ ਦੁਕਾਨ ਤੇ ਘਰ ਉੱਤੇ ਡਿੱਗੇ ਹੋਏ ਹਨ। ਇਨ੍ਹਾਂ ਨਾਲ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀਆਂ ਲਾਈਆਂ ਵੀ ਜਾ ਰਹੀਆਂ ਹਨ। ਘਰ ਤੇ ਦੁਕਾਨ ਦਾ ਨੁਕਸਾਨ ਹੋਣ ਤੋਂ ਇਲਾਵਾ ਇਸ ਨਾਲ ਮਾਰਗ ਤੋਂ ਰੋਜ਼ਾਨਾ ਲੰਘਣ ਵਾਲੇ ਲੋਕ ਵੀ ਇਸਦੀ ਚਪੇਟ ਵਿੱਚ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੋਂ ਲੋਕ ਮਾਤਾ ਚਿੰਤਪੁਰਨੀ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਰੋਜ਼ਾਨਾ ਲੰਘਦੇ ਹਨ ਪਰ ਬਿਜਲੀ ਵਿਭਾਗ ਇਸਦੀ ਪ੍ਰਵਾਹ ਨਾ ਕਰਦੇ ਹੋਏ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਇਨ੍ਹਾਂ ਖੰਭਿਆਂ ਦੇ ਡਿੱਗਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਮੱਸਿਆ ਦਾ ਦੋ ਦਿਨ ’ਚ ਹੱਲ ਕੀਤਾ ਜਾਵੇਗਾ:ਐਸਡੀਓ
ਪਾਵਰਕੌਮ ਸਬ-ਡਿਵੀਜ਼ਨ ਆਦਮਪੁਰ ਦਫ਼ਤਰ ਦੇ ਐੱਸਡੀਓ ਨੇ ਇਸ ਸਬੰਧੀ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆ ਗਿਆ ਹੈ। ਉਹ ਇੱਕ-ਦੋ ਦਿਨ ਵਿੱਚ ਇਸ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕਰ ਦੇਣਗੇ।