ਪਿੰਡ ਕੁਰੜਾ ਵਿੱਚ ਗਰਾਮ ਸਭਾ ਦੀ ਇਕੱਤਰਤਾ
ਪੱਤਰ ਪ੍ਰੇਰਕ
ਬਨੂੜ, 17 ਜੂਨ
ਮੁਹਾਲੀ ਬਲਾਕ ਅਧੀਨ ਪੈਂਦੇ ਨਜ਼ਦੀਕੀ ਪਿੰਡ ਕੁਰੜਾ ਦੇ ਵਸਨੀਕਾਂ ਨੇ ਸਰਪੰਚ ਮੁਖਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਗਰਾਮ ਸਭਾ ਦੀ ਇਕੱਤਰਤਾ ਕਰ ਕੇ ਪਿੰਡ ਨੂੰ ਨਗਰ ਕੌਂਸਲ ਬਨੂੜ ਦੇ ਮਾਸਟਰ ਪਲਾਨ ਵਿੱਚੋਂ ਕੱਢ ਕੇ ਗਮਾਡਾ ਮੁਹਾਲੀ ਦੇ ਮਾਸਟਰ ਪਲਾਨ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਆਪਣੀ ਇਸ ਮੰਗ ਨੂੰ ਪੂਰਾ ਕਰਾਉਣ ਲਈ ਮਤੇ ਦੀਆਂ ਕਾਪੀਆਂ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਪਿੰਡ ਕੁਰੜਾ ਦੇ ਸਰਪੰਚ ਮੁਖਤਿਆਰ ਸਿੰਘ, ਪੰਚ ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਰਣਧੀਰ ਸਿੰਘ, ਹਾਕਮ ਸਿੰਘ, ਮਨਦੀਪ ਸਿੰਘ, ਜਸ਼ਮੀਰ ਸਿੰਘ ਪੰਚ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਗਮਾਡਾ ਦਾ ਮਾਸਟਰ ਪਲਾਨ ਲਾਗੂ ਹੈ ਪਰ ਪਿੰਡ ਕੁਰੜਾ ਅਤੇ ਸੇਖਨਮਾਜਰਾ ਵਿੱਚ ਨਗਰ ਕੌਂਸਲ ਬਨੂੜ ਦਾ ਮਾਸਟਰ ਪਲਾਨ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਪਿੰਡ ਕੁਰੜਾ ਨੂੰ ਗਮਾਡਾ ਮੁਹਾਲੀ ਦੇ ਮਾਸਟਰ ਪਲਾਨ ਵਿਚ ਸ਼ਾਮਿਲ ਕੀਤਾ ਜਾਵੇ।