ਪਾਵਰਕੌਮ ਦਫ਼ਤਰ ਅੱਗੇ ਠੰਢ ’ਚ ਡਟੇ ਅਪ੍ਰੈਂਟਿਸਸ਼ਿਪ ਪਾਸ ਨੌਜਵਾਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜਨਵਰੀ
ਪਾਵਰਕੌਮ ਤੋਂ ਸਹਾਇਕ ਲਾਈਨਮੈਨਾਂ ਦੀਆਂ ਨਵੀਆਂ ਅਸਾਮੀਆਂ ਕੱਢ ਕੇ ਭਰਤੀ ਕਰਨ ਦੀ ਮੰਗ ਲਈ ਸਵਾ ਮਹੀਨਾ ਪਹਿਲਾਂ ਇੱਥੇ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ‘ਅਪ੍ਰੈਂਟਿਸਸ਼ਿਪ ਪਾਸ ਵਰਕਰ ਯੂਨੀਅਨ’ ਦੇ ਨੁਮਾਇੰਦਿਆਂ ਦਾ ਦਿਨ ਰਾਤ ਦਾ ਇਹ ਧਰਨਾ ਕੜਾਕੇ ਦੀ ਠੰਢ ’ਚ ਲਗਾਤਾਰ ਜਾਰੀ ਹੈ।
ਇਹ ਨੌਜਵਾਨ ਇੱਥੇ ਇਸ ਮੁੱਖ ਦਫ਼ਤਰ ਸਾਹਮਣੇ ਮਾਲ ਰੋਡ ਦੇ ਇੱਕ ਪਾਸੇ ਸਥਿਤ ਪਾਰਕ ’ਚ ਤੰਬੂ ਗੱਡ ਕੇ ਰਹਿ ਰਹੇ ਹਨ। ਇਨ੍ਹਾਂ ਨੂੰ ਨਵਾਂ ਸਾਲ ਵੀ ਇੱਥੇ ਸੜਕਾਂ ਕਿਨਾਰੇ ਬੈਠਿਆਂ ਨੂੰ ਹੀ ਚੜ੍ਹਿਆ। ਉਹ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਦਿਨ ’ਚ ਇੱਕ ਵਾਰ ਰੋਜ਼ਾਨਾ ਇਸ ਦਫ਼ਤਰ ਮੂਹਰੇ ਮੁਜ਼ਾਹਰਾ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਹਨ। ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠਾਂ ਜਾਰੀ ਇਸ ਧਰਨੇ ’ਚ ਸ਼ਾਮਲ ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਕਾਹਦਾ ਨਵਾਂ ਸਾਲ। ਬਲਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਨੂੰ ਭਰਤੀ ਨਹੀਂ ਕਰਦੀ, ਉਨ੍ਹਾਂ ਲਈ ਤਾਂ ਅਜਿਹੇ ਨਵੇਂ ਸਾਲ ਨੁਕਸਾਨ ਦਾਇਕ ਹਨ। ਕਿਉਂਕਿ ਇਸ ਕਦਰ ਇਕ ਇੱਕ ਸਾਲ ਕਰਕੇ ਨੌਕਰੀ ਉਨ੍ਹਾਂ ਦੇ ਹੱਥੋਂ ਖੁੱਸ ਦੀ ਜਾ ਰਹੀ ਹੈ ਤੇ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਰਹੀ ਹੈ। ਜੇਕਰ ਇਸ ਤਰ੍ਹਾਂ ਉਨ੍ਹਾਂ ਨੂੰ ਸੰਘਰਸ਼ ਕਰਦਿਆਂ ਨੂੰ ਹੀ ਨਵੇਂ ਸਾਲ ਚੜ੍ਹਦੇ ਰਹੇ ਤਾਂ ਕੜਾਕੇ ਦੀ ਠੰਢ ’ਚ ਕੀਤੇ ਜਾ ਰਹੇ ਅਜਿਹੇ ਸੰਘਰਸ਼ ਵੀ ਬੇਅਰਥ ਹੋ ਕੇ ਰਹਿ ਜਾਣਗੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ’ਤੇ ਉਨ੍ਹਾਂ ਦੀ ਭਰਤੀ ਸ਼ੁਰੂ ਕਰੇ।