ਪਾਵਰਕੌਮ ਠੇਕਾ ਕਾਮਿਆਂ ਵੱਲੋਂ ਨਾਅਰੇਬਾਜ਼ੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਫਰਵਰੀ
ਪਾਵਰਕੌਮ ਤੇ ਟਰਾਂਸਕੋ ਵੱਲੋਂ ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬਿਜਲੀ ਕਾਮਿਆਂ ਨੇ ਵਿਭਾਗ ਵੱਲੋਂ 31 ਮਾਰਚ ਤੋਂ ਬਾਅਦ ਮੁੜ ਜੁਆਨਿੰਗ ਪੱਤਰ ਹਾਸਲ ਕੀਤੇ ਜਾਣ ਦੇ ਜਾਰੀ ਕੀਤੇ ਨਾਦਰਸ਼ਾਹੀ ਫ਼ਰਮਾਨ ਦੀਆਂ ਕਾਪੀਆਂ ਸਾੜੀਆਂ ਤੇ ਪਾਵਰਕੌਮ ਖ਼ਿਲਾਫ਼ ਡਵੀਜ਼ਨ ਪਾਤੜਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਕੱਤਰ ਕਾਮਿਆਂ ਨੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੁੱਖ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਸਤਿਗੁਰੂ ਸਿੰਘ, ਮਨੀਸ਼ ਕੁਮਾਰ, ਗੁਰਮੁੱਖ ਸਿੰਘ ਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਹੈਡ ਆਫ਼ਸ ਪਟਿਆਲਾ ਵੱਲੋਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਜਾਰੀ ਕੀਤੇ ਪੱਤਰ ਜਿਸ ਵਿਚ ਪੈਸਕੋ ਕਾਮਿਆਂ ਨੂੰ 31 ਮਾਰਚ ਤੋਂ ਬਾਅਦ ਪੈਸਕੋ ਤੋਂ ਹੀ ਦੁਬਾਰਾ ਜੁਆਇੰਨਗ ਲੈਟਰ ਲੈ ਕੇ ਆਉਣ ਬਾਰੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਜੇਕਰ ਜਾਰੀ ਕੀਤੇ ਹੁਕਮ ਵਾਪਸ ਨਾ ਲਏ ਤਾਂ 16 ਫਰਵਰੀ ਨੂੰ ਹੈਡ ਆਫ਼ਿਸ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।