ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਰਸ

02:32 PM Feb 04, 2023 IST

ਜੋਗਿੰਦਰ ਕੌਰ ਅਗਨੀਹੋਤਰੀ

Advertisement

ਪਿੰਡ ਦੇ ਬਾਹਰ ਸੜਕ ਤੋਂ ਥੋੜ੍ਹੀ ਜਿਹੀ ਦੂਰ ਇੱਕ ਛੱਪੜ ਸੀ। ਛੱਪੜ ਦੇ ਦੋ ਪਾਸੇ ਸੜਕ ਵਾਲੇ ਪਾਸੇ ਸਨ ਤੇ ਦੋ ਪਾਸੇ ਖੇਤਾਂ ਨਾਲ ਲੱਗਦੇ ਸਨ। ਛੱਪੜ ਤੇ ਖੇਤਾਂ ਵਿਚਕਾਰ ਇੱਕ ਮੋਟੀ ਵੱਟ ਜਿਸ ਨੂੰ ਭੜੀਂ ਕਿਹਾ ਜਾਂਦਾ ਹੈ ਬਣੀ ਹੋਈ ਸੀ। ਇਸ ਵਿੱਚ ਅਨੇਕਾਂ ਜੀਵ ਜੰਤੂਆਂ ਨੇ ਆਪਣੀਆਂ ਖੁੱਡਾਂ ਬਣਾਈਆਂ ਹੋਈਆਂ ਸਨ। ਇਸ ਭੜੀਂ ਉੱਤੇ ਘਾਹ ਫੂਸ ਤਾਂ ਉੱਗਿਆ ਹੀ ਹੋਇਆ ਸੀ, ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਪੌਦੇ ਉੱਗੇ ਹੋਏ ਸਨ ਜਿਵੇਂ ਅੱਕ, ਪੋਹਲੀ, ਪੁੱਠਕੰਡਾ, ਅਲੇਹਾ ਆਦਿ। ਇਸ ਦੇ ਨਾਲ ਹੀ ਮਲ੍ਹੇ ਤੇ ਹੋਰ ਝਾੜੀਆਂ ਸਨ। ਅਜਿਹੀ ਥਾਂ ‘ਤੇ ਜੀਵ ਜੰਤੂ ਆਪਣੇ ਪਰਿਵਾਰ ਸਮੇਤ ਖ਼ੁਸ਼ੀ ਖ਼ੁਸ਼ੀ ਰਹਿੰਦੇ ਸਨ। ਜਦੋਂ ਜੀਅ ਕਰਦਾ ਤਾਂ ਉਹ ਬਾਹਰ ਆ ਕੇ ਇੱਕ ਦੂਜੇ ਨੂੰ ਮਿਲਦੇ। ਸਾਰੇ ਆਪਸੀ ਮਿਲਵਰਤਨ ਕਰਕੇ ਸੰਤੁਸ਼ਟ ਸਨ। ਇਸ ਥਾਂ ‘ਤੇ ਖ਼ਰਗੋਸ਼ਾਂ ਵਿੱਚੋਂ ਦੋ ਖ਼ਰਗੋਸ਼ ਬਹੁਤ ਪੱਕੇ ਮਿੱਤਰ ਸਨ। ਉਹ ਇੱਕ ਦੂਜੇ ਦੀ ਗੱਲ ਮੰਨਦੇ ਸਨ। ਜੇਕਰ ਕੋਈ ਗ਼ਲਤੀ ਕਰਦਾ ਤਾਂ ਦੂਜਾ ਉਸ ਨੂੰ ਸਮਝਾ ਦਿੰਦਾ। ਉਹ ਇੱਕ ਦੂਜੇ ਨੂੰ ਆਖੀ ਹੋਈ ਗੱਲ ਦਾ ਗੁੱਸਾ ਨਹੀਂ ਸਨ ਕਰਦੇ। ਉਨ੍ਹਾਂ ਦੇ ਨਾਂ ਸਨ ਚਤਰੂ ਤੇ ਮਤਰੂ। ਦੋਵੇਂ ਇਕੱਠੇ ਹੀ ਦੂਰ ਦੂਰ ਤੱਕ ਜਾਂਦੇ ਤੇ ਖ਼ੁਸ਼ੀ ਖ਼ੁਸ਼ੀ ਘਰ ਆਉਂਦੇ।

ਇੱਕ ਦਿਨ ਚਤਰੂ ਆਪਣੀ ਖੁੱਡ ਤੋਂ ਬਾਹਰ ਆ ਕੇ ਛੱਪੜ ਵਾਲੇ ਪਾਸੇ ਆ ਕੇ ਬੈਠ ਗਿਆ।

Advertisement

ਅਚਾਨਕ ਉਸ ਦੀ ਨਜ਼ਰ ਇੱਕ ਕੱਛੂ ‘ਤੇ ਪੈ ਗਈ। ਉਸ ਨੇ ਕੱਛੂ ਦੇ ਨੇੜੇ ਹੁੰਦਿਆਂ ਪੁੱਛਿਆ, ‘ਕੀ ਹਾਲ ਐ ਵੀਰ?’

‘ਠੀਕ ਐ, ਵਧੀਆ ਨਿਕਲ ਰਿਹਾ ਏ ਟੈਮ।’

‘ਹੋਰ ਸਭ ਸੁੱਖ ਸ਼ਾਂਤੀ ਐ।’

‘ਹਾਂ, ਸਭ ਸੁੱਖ ਸ਼ਾਂਤੀ ਐ। ਤੂੰ ਦੱਸ ਵੀਰ?’

‘ਤੁਹਾਡੀ ਮਿਹਰਬਾਨੀ ਨਾਲ ਵਧੀਆ ਐ।’

‘ਚਲੋ, ਸਾਰੇ ਹੀ ਸੁਖੀ ਰਹਿਣ।’

‘ਹੋਰ ਵੀ ਜੀਵ ਜੰਤੂ ਹੋਣਗੇ ਜਿਵੇਂ ਡੱਡੂ, ਮੱਛੀਆਂ ਤੇ ਹੋਰ।’

‘ਹਾਂ ਬਹੁਤ ਹਨ। ਬਸ, ਮਾੜੇ ਤੋਂ ਬਚਾਅ ਕਰ ਲੈਂਦੇ ਹਾਂ। ਆਪ ਤੋਂ ਕਮਜ਼ੋਰ ਨੂੰ ਕਦੇ ਡਰਾਇਆ ਨਹੀਂ। ਆਪਾਂ ਤਾਂ ਭਾਈਚਾਰਾ ਕਾਇਮ ਰੱਖਣ ਵਾਲੇ ਆਂ। ਮੇਰੀ ਤਾਂ ਇਹੀ ਸੋਚ ਐ ਕਿ:

ਕਬੀਰਾ ਖੜ੍ਹਾ ਬਾਜ਼ਾਰ ਮੇਂ

ਸਭ ਕੀ ਮਾਂਗੇ ਖ਼ੈਰ

ਨਾ ਕਾਹੂੰ ਸੇ ਦੋਸਤੀ

ਨਾ ਕਾਹੂੰ ਸੇ ਵੈਰ।

‘ਵਾਹ ਬਈ ਵਾਹ! ਤੇਰੀ ਸੋਚ ਤਾਂ ਸਵਾ ਸੋਲਾਂ ਆਨੇ ਖਰੀ ਐ।’

‘ਵੇਖ ਭਰਾਵਾ, ਸਭ ਨੇ ਆਪੋ-ਆਪਣਾ ਖਾਣੈ। ਕਿਉਂ ਕਿਸੇ ਨਾਲ ਲੜਾਈ ਝਗੜਾ ਕਰੀਏ? ਹੰਕਾਰ ਨੂੰ ਰੱਬ ਦੀ ਮਾਰ ਪੈਂਦੀ ਹੈ।’

‘ਠੀਕ ਐ ਵੀਰ, ਹੰਕਾਰ ਵਿੱਚ ਕੀ ਪਿਆ ਏ? ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਐ।’

‘ਹਾਂ, ਇਹੀ ਤਾਂ ਮੈਂ ਸੋਚਦਾਂ ਕਿ ਸਭ ਵਿੱਚ ਖੂਨ ਤੇ ਪ੍ਰਾਣ ਇੱਕੋ ਨੇ। ਜਾਤਾਂ ਵਿੱਚ ਕੀ ਪਿਆ ਏ? ਮੈਂ ਕੱਛੂ, ਕੋਈ ਡੱਡੂ, ਕੋਈ ਮੱਛੀ ਕੋਈ ਹੋਰ।’

‘ਬਿਲਕੁਲ ਠੀਕ ਐ।’

‘ਆਪਾਂ ਮਿਲ ਕੇ ਰਹੀਏ ਤਾਂ ਹੀ ਦਿਨ ਚੰਗੇ ਨਿਕਲਣਗੇ।’

‘ਤੇਰਾ ਨਾਂ ਕੀ ਐ ਵੀਰ?’

‘ਪਾਰਸ।’

‘ਤੇਰਾ ਨਾਂ ਬਹੁਤ ਵਧੀਆ ਐ।’

‘ਮੇਰੀ ਦਾਦੀ ਨੇ ਮੇਰਾ ਨਾਂ ਰੱਖਿਆ ਸੀ। ਮੇਰੀ ਦਾਦੀ ਬਹੁਤ ਚੰਗੀ ਸੀ। ਉਹ ਸਾਨੂੰ ਹਮੇਸ਼ਾਂ ਸਮਝਾਉਂਦੀ ਸੀ ਕਿ ਕਿਸੇ ਨਾਲ ਲੜਨਾ ਨਹੀਂ ਬਲਕਿ ਆਪਣਾ ਬਚਾਅ ਰੱਖੋ। ਜਿੱਥੋਂ ਤੱਕ ਹੋਵੇ ਭਲਾ ਕਰੋ ਤੇ ਬੁਰੀ ਸੰਗਤ ਤੋਂ ਦੂਰ ਰਹੋ।’

‘ਠੀਕ ਐ ਪਾਰਸ ਵੀਰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ।’

ਏਨੇ ਨੂੰ ਕਿਸੇ ਨੇ ਛੱਪੜ ਵਿੱਚ ਰੋੜਾ ਮਾਰਿਆ, ਸ਼ਾਇਦ ਕੋਈ ਆਦਮੀ ਆਪਣੇ ਪਸ਼ੂਆਂ ਨੂੰ ਛੱਪੜ ਵਿੱਚੋਂ ਕੱਢਣ ਆਇਆ ਸੀ। ਚਤਰੂ ਤੇ ਪਾਰਸ ਦੋਵੇਂ ਡਰ ਗਏ। ਚਤਰੂ ਆਪਣੀ ਖੁੱਡ ਵਿੱਚ ਵੜ ਗਿਆ ਤੇ ਪਾਰਸ ਛੱਪੜ ਵਿੱਚ ਚਲਾ ਗਿਆ।

ਚਤਰੂ ਖੁੱਡ ਵਿੱਚ ਵੜ ਕੇ ਪਾਰਸ ਦੀਆਂ ਗੱਲਾਂ ‘ਤੇ ਵਿਚਾਰ ਕਰਨ ਲੱਗਾ। ਉਸ ਨੂੰ ਉਸ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਉਸ ਨੇ ਸੋਚਿਆ ਕਿ ਪਾਰਸ ਨਾਲ ਦੋਸਤੀ ਕਰਕੇ ਉਹ ਬਹੁਤ ਕੁਝ ਸਿੱਖ ਸਕਦਾ ਹੈ। ਉਸ ਨੇ ਪਾਰਸ ਨਾਲ ਦੋਸਤੀ ਕਰਨ ਦਾ ਫੈਸਲਾ ਕਰ ਲਿਆ।

ਸ਼ਾਮ ਨੂੰ ਵਧੀਆ ਮੌਸਮ ਦੇਖ ਕੇ ਪਾਰਸ ਛੱਪੜ ਦੇ ਕੰਢੇ ਆ ਕੇ ਬੈਠ ਗਿਆ। ਚਤਰੂ ਵੀ ਖੁੱਡ ਵਿੱਚੋਂ ਬਾਹਰ ਆ ਗਿਆ ਤੇ ਪਾਰਸ ਨੂੰ ਦੇਖਣ ਲੱਗਾ। ਜਿਉਂ ਹੀ ਉਸ ਦੀ ਨਿਗ੍ਹਾ ਪਾਰਸ ਉੱਤੇ ਪਈ ਤਾਂ ਉਹ ਅੰਦਰੋਂ ਅੰਦਰੀਂ ਬਹੁਤ ਖ਼ੁਸ਼ ਹੋਇਆ। ਉਸ ਨੇ ਪਾਰਸ ਨੂੰ ਬੜੇ ਪਿਆਰ ਨਾਲ ਬੁਲਾਇਆ ਤੇ ਆਪਣੇ ਕੋਲ ਆਉਣ ਲਈ ਕਿਹਾ। ਉਹ ਹੌਲੀ ਹੌਲੀ ਆ ਰਿਹਾ ਸੀ। ਚਤਰੂ ਉਸ ਕੋਲ ਚਲਾ ਗਿਆ। ਦੋਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਇੰਨੇ ਨੂੰ ਮਤਰੂ ਵੀ ਆ ਗਿਆ। ਉਹ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਇੱਧਰ ਉੱਧਰ ਦੇਖਣ ਲੱਗਾ। ਉਸ ਦਾ ਜੀਅ ਕਰਦਾ ਸੀ ਕਿ ਉਹ ਚਤਰੂ ਨੂੰ ਉੱਥੋਂ ਉਠਾ ਕੇ ਲੈ ਜਾਵੇ। ਕੁਝ ਚਿਰ ਤਾਂ ਉਹ ਬੈਠਾ, ਪਰ ਫਿਰ ਉਸ ਨੇ ਖੜ੍ਹੇ ਹੋ ਕੇ ਚਤਰੂ ਨੂੰ ਕਿਹਾ,’ਚਤਰੂ, ਤੂੰ ਥੋੜ੍ਹਾ ਜਿਹਾ ਚਿਰ ਮੇਰੇ ਘਰ ਆ ਜਾ। ਮੈਨੂੰ ਕੰਮ ਐਂ। ਮੈਂ ਤੇਰੀ ਸਲਾਹ ਲੈਣੀ ਐ।’

‘ਚੱਲਦੇ ਆਂ।’ ਚਤਰੂ ਬੋਲਿਆ।

ਮਤਰੂ ਅੱਗੇ ਹੋ ਕੇ ਤੁਰਨ ਲੱਗਾ।

‘ਅੱਛਾ ਪਾਰਸ।’ ਚਤਰੂ ਨੇ ਪਾਰਸ ਨੂੰ ਉੱਥੋਂ ਤੁਰਦਿਆਂ ਕਿਹਾ। ਚਤਰੂ ਤੇ ਮਤਰੂ ਦੋਵੇਂ ਉੱਥੋਂ ਚਲ ਪਏ। ਰਾਹ ਵਿੱਚ ਚਤਰੂ ਨੇ ਮਤਰੂ ਨੂੰ ਪੁੱਛਿਆ, ‘ਘਰੇ ਤਾਂ ਸੁੱਖ ਸਾਂਦ ਐ?’

‘ਹਾਂ, ਬਿਲਕੁਲ ਵਧੀਆ।’

‘ਸਲਾਹ ਕਾਹਦੀ ਲੈਣੀ ਐ?’

‘ਮਖਾਂ, ਆਪਾਂ ਕੱਛੂਆਂ ਨਾਲ ਦੌੜ ਲਾ ਕੇ ਦੇਖੀਏ।’

‘ਯਾਰ, ਕਿਉਂ ਉੱਜੜੀਆਂ ਖੱਡਾਂ ਵਿੱਚ ਡੱਕੇ ਪਾਉਨੈ।’

‘ਮੈਂ ਉੱਜੜੀਆਂ ਖੱਡਾਂ ਵਿੱਚ ਡੱਕੇ ਨਹੀਂ ਪਾਉਂਦਾ। ਮੈਂ ਆਪਣੇ ‘ਤੇ ਲੱਗੇ ਕਲੰਕ ਨੂੰ ਧੋਣਾ ਚਾਹੁੰਨਾ। ਤਾਂ ਹੀ ਤੇਰੇ ਕੋਲ ਗੱਲ ਕੀਤੀ ਐ।’

‘ਮੈਨੂੰ ਤੇਰੀ ਇਹ ਗੱਲ ਪਸੰਦ ਨਹੀਂ।’

‘ਦੇਖ, ਅਜੇ ਵੀ ਕੱਛੂਆਂ ਨੂੰ ਘੁਮੰਡ ਹੋਊ ਬਈ ਅਸੀਂ ਖ਼ਰਗੋਸ਼ ਹਰਾਇਐ, ਪਰ ਹੁਣ ਆਪਾਂ ਗ਼ਲਤੀ ਨਹੀਂ ਦੁਹਰਾਉਂਦੇ। ਹੁਣ ਪਹਿਲੀ ਵਾਰ ਹੀ ਜਿੱਤਾਂਗੇ।’

‘ਪਾਰਸ ਵਿੱਚ ਘੁਮੰਡ ਨਾਂ ਦੀ ਕੋਈ ਗੱਲ ਹੀ ਨਹੀਂ। ਉਹ ਬਹੁਤ ਸੂਝਵਾਨ ਐ। ਮੈਨੂੰ ਅਜਿਹੇ ਵਿਅਕਤੀ ਦੀ ਦੋਸਤੀ ਪਸੰਦ ਹੈ।’ ‘ਤੈਨੂੰ ਕੀ ਪਤੈ ਬਈ ਉਹ ਸਿਆਣਾ ਏ।’

‘ਉਸ ਦੀ ਇੱਕੋ ਗੱਲ ਵਧੀਆ ਹੈ ਕਿ ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਸਾਰੇ ਜੀਵ ਜੰਤੂ ਬਰਾਬਰ ਹਨ। ਸਾਰਿਆਂ ਵਿੱਚ ਇੱਕ ਲਹੂ ਤੇ ਪ੍ਰਾਣ ਹਨ।’

ਚਤਰੂ ਦੀ ਗੱਲ ਸੁਣ ਕੇ ਮਤਰੂ ਹੈਰਾਨ ਰਹਿ ਗਿਆ। ਉਸ ਦੀ ਹੈਰਾਨੀ ਨੂੰ ਦੇਖਦਿਆਂ ਚਤਰੂ ਨੇ ਅੱਗੇ ਦੱਸਿਆ ਕਿ ਪਾਰਸ ਤਾਂ ਜੀਵ ਜੰਤੂਆਂ ਨਾਲੋਂ ਹੀ ਨਹੀਂ ਬਲਕਿ ਆਦਮੀਆਂ ਤੋਂ ਵੀ ਵੱਧ ਸਿਆਣਾ ਹੈ। ਆਦਮੀ ਤਾਂ ਜਾਤਾਂ ਪਾਤਾਂ ਤੇ ਧਰਮਾਂ ਖ਼ਾਤਰ ਹੀ ਲੜੀ ਜਾਂਦੇ ਹਨ ਜਦਕਿ ਲਹੂ ਤੇ ਪ੍ਰਾਣ ਤਾਂ ਉਨ੍ਹਾਂ ਦੇ ਵੀ ਸਾਂਝੇ ਹਨ।’

ਮਤਰੂ ਚੁੱਪ ਚਾਪ ਸੋਚਣ ਲੱਗਾ।

‘ਪਾਰਸ ਵਰਗੇ ਮਿੱਤਰ ਮਿਲਣੇ ਮੁਸ਼ਕਿਲ ਹਨ।’

‘ਬਸ ਠੀਕ ਐ। ਤੇਰਾ ਮਿੱਤਰ ਮੇਰਾ ਮਿੱਤਰ।’

ਸੰਪਰਕ: 94178-40323

Advertisement