ਪਾਣੀ ਦੇ ਸੰਕਟ ਬਾਰੇ ਚੇਤੰਨ ਕਰਦੀ ਪੁਸਤਕ
ਡਾ. ਕੁਲਦੀਪ ਸਿੰਘ
ਵਿਸ਼ਵ ਪ੍ਰਸਿੱਧ ਲੇਖਕ ਤੇ ਨਿਊ ਸਾਇੰਟਿਸਟ ਮੈਗਜ਼ੀਨ ਦੇ ਵਾਤਾਵਰਣ ਤੇ ਵਿਗਿਆਨਕ ਮਾਮਲਿਆਂ ਦੇ ਪ੍ਰਤੀਨਿਧ ਫਰੈੱਡ ਪੀਅਰਸ ਦੀ ਪੁਸਤਕ ‘ਜਦੋਂ ਦਰਿਆ ਸੁਕਦੇ ਨੇ…’ (ਕੀਮਤ : 595/- ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ਦਾ ਪੰਜਾਬੀ ਅਨੁਵਾਦ ਤੇ ਸੰਪਾਦਨ ਖੇਤੀ ਵਿਗਿਆਨੀ ਡਾ. ਗੁਰਰੀਤ ਸਿੰਘ ਬਰਾੜ ਨੇ ਕੀਤਾ ਹੈ। ਅਜੋਕੇ ਪਾਣੀਆਂ, ਮੌਸਮਾਂ, ਜੰਗਲਾਂ ਅਤੇ ਕੁਦਰਤ ਨਾਲ ਜੁੜੇ ਮਸਲਿਆਂ ਨੂੰ ਸਮਝਣ ਲਈ ਇਹ ਮੁੱਲਵਾਨ ਪੁਸਤਕ ਹੈ। ਇਸ ਪੁਸਤਕ ਦਾ ਦੁਨੀਆ ਦੀਆਂ 40 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਫਰੈੱਡ ਪੀਅਰਸ ਨੇ 60 ਤੋਂ ਵੱਧ ਮੁਲਕਾਂ ਦੇ ਦਰਿਆਵਾਂ ਤੇ ਹੋਰ ਜਲ ਸਰੋਤਾਂ ਦੀ ਬੇਕਦਰੀ ਤੇ ਹੋਣੀ ਬਾਰੇ 20 ਵਰ੍ਹੇ ਅਹਿਮ ਜਾਣਕਾਰੀ ਇਕੱਤਰ ਕਰ ਕੇ ਇਹ ਪੁਸਤਕ ਲਿਖੀ।
ਇਸ ਪੁਸਤਕ ਦੇ 11 ਭਾਗ 40 ਅਧਿਆਇਆਂ ਵਿਚ ਵੰਡੇ ਹੋਏ ਹਨ ਜਿਨ੍ਹਾਂ ਵਿਚ ਦਰਿਆਵਾਂ ਦੀ ਸਮਰੱਥਾ ਤੋਂ ਲੈ ਕੇ ਜਲ ਚੱਕਰ ਵਿਚ ਆਏ ਵਿਗਾੜਾਂ ਨੂੰ ਦਰਸਾਇਆ ਗਿਆ ਹੈ। ਇਹ ਮਰ ਰਹੇ ਦਰਿਆਵਾਂ ਦੀ ਤ੍ਰਾਸਦਿਕ ਦਾਸਤਾਨ ਹੈ। ਮਰਨ ਕੰਢੇ ਪੁੱਜੇ ਦਰਿਆਵਾਂ ਅਤੇ ਧਰਤੀ ਵਿਚੋਂ ਅੰਨ੍ਹੇਵਾਹ ਖਿੱਚੇ ਜਾਂਦੇ ਪਾਣੀ ਕਾਰਨ ਵਾਪਰ ਰਹੀਆਂ ਤ੍ਰਾਸਦੀਆਂ ਵਿਚ ਸਭ ਤੋਂ ਵੱਡਾ ਜ਼ਿਕਰ ਬੰਗਲਾਦੇਸ਼ ਦਾ ਹੈ। ਬੰਗਲਾਦੇਸ਼ ਦੇ 68 ਹਜ਼ਾਰ ਪਿੰਡਾਂ ਵਿਚ ਭਿਆਨਕ ਮਹਾਂਮਾਰੀ ਮੂੰਹ ਅੱਡੀ ਖੜ੍ਹੀ ਹੈ। ਚੀਨ ਦੇ ਵਧੇਰੇ ਖੇਤਰ ਸਿਨਚਿਆਂਗ, ਅੰਦਰੂਨੀ ਮੰਗੋਲੀਆ, ਹੈਨਾਨ, ਸ਼ੈਂਡੌਗ ਤੇ ਜ਼ਿਆਂਗਸੂ ਵਿਚ ਦੋ ਕਰੋੜ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਵਿਚੋਂ ਆਰਸੈਨਿਕ ਦੀ ਬਹੁਤਾਤ ਕਰਕੇ ਖ਼ਤਰਾ ਦਰਪੇਸ਼ ਹੈ। ਦੁਨੀਆ ਦੇ ਕਈ ਖੇਤਰਾਂ ਦੀਆਂ ਝੀਲਾਂ ਹੜ੍ਹਾਂ ਦਾ ਕਾਰਨ ਬਣਦੀਆਂ ਹਨ। ਡੈਮਾਂ ਦੀ ਉਸਾਰੀ ਨਾਲ ਪਾਣੀਆਂ ਦੇ ਨਵੇਂ ਸੰਕਟ ਉਤਪੰਨ ਹੋ ਰਹੇ ਹਨ। ਲੇਖਕ ਅਨੁਸਾਰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦਰਿਆ ਖੇਤੀਬਾੜੀ ਤੇ ਵਿਅਗਤੀਗਤ ਲੋੜਾਂ ਤੇ ਖਪਤ ਲਈ ਕੇਂਦਰੀ ਸਰੋਤ ਹਨ। 2025 ਤੱਕ ਪਾਣੀ ਦੇ ਸੰਕਟ ਕਾਰਨ ਭੋਜਨ ਪੈਦਾਵਾਰ ਦਾ ਸੰਕਟ ਉਤਪੰਨ ਹੋ ਜਾਵੇਗਾ। ਦਰਿਆਵਾਂ ਦੀ ਕਾਣੀ ਵੰਡ ਹਰੇਕ ਮੁਲਕ ਹੰਢਾ ਰਿਹਾ ਹੈ।
ਪੁਸਤਕ ਵਿਚ ਜ਼ਿਕਰ ਹੈ, ”ਮਿਸਰ ਦੇ ਨੀਲ ਦਰਿਆ, ਚੀਨ ਦੇ ਪੀਲੇ ਦਰਿਆ, ਪਾਕਿਸਤਾਨ ਵਿਚਲੇ ਸਿੰਧ ਤੇ ਅਮਰੀਕਾ ਵਿਚਲੇ ਕੋਲੋਰਾਡੋ ਤੇ ਰੀਓ ਗਰੈਂਡ ਦਰਿਆ ਸਮੁੰਦਰ ਤੋਂ ਸੈਂਕੜੇ ਮੀਲ ਪਹਿਲਾਂ ਹੀ ਰੇਤਿਆਂ ਵਿਚ ਜਜ਼ਬ ਹੋ ਰਹੇ ਹਨ।” ਇਸੇ ਤਰ੍ਹਾਂ ਇਜ਼ਰਾਈਲ, ਜਾਰਡਨ ਦਰਿਆ ਵਿਚੋਂ ਪਾਣੀ ਦੀਆਂ ਵਿਸ਼ਾਲ ਪਾਈਪਾਂ ਭਰ ਭਰ ਕੇ ਇਸ ਨੂੰ ਜਾਰਡਨ ਦੇਸ਼ ਵਿਚ ਦਾਖਲ ਹੋਣ ਤੋਂ ਪਹਿਲਾਂ ਖਾਲੀ ਕਰ ਦਿੰਦਾ ਹੈ। ਭਾਵੇਂ ਅੱਜ ਦੁਨੀਆਂ ਦੀਆਂ ਨਜ਼ਰਾਂ ਇਜ਼ਰਾਈਲ ਤੇ ਫਲਿਸਤੀਨ ਉਪਰ ਲੱਗੀਆਂ ਹੋਈਆਂ ਹਨ, ਪਰ ਉੱਥੋਂ ਦੀ ਤ੍ਰਾਸਦੀ ਇਹ ਹੈ ਕਿ ਫਲਿਸਤੀਨੀ ਲੋਕ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਗਾਜ਼ਾ ਪੱਟੀ ਦੇ ਇਰਦ-ਗਿਰਦ 10 ਲੱਖ ਲੋਕਾਂ ਕੋਲ ਪ੍ਰਤੀ ਜੀਅ ਤਾਜ਼ੇ ਪਾਣੀ ਦੀ ਉਪਲਬੱਧਤਾ ਦੁਨੀਆ ਵਿਚ ਸਭ ਤੋਂ ਘੱਟ ਹੈ। ਇਸੇ ਤਰ੍ਹਾਂ ਯੂਰਾਲ ਸਾਗਰ ਨੂੰ ਭਰਨ ਵਾਲੇ ਦੋ ਦਰਿਆਵਾਂ ਦੇ ਸੁੱਕਣ ਮਗਰੋਂ ਉੱਥੇ ਕੈਂਸਰ ਫੈਲਿਆ, ਇਰਾਕ ਤੇ ਉਜ਼ਬੇਕਿਸਤਾਨ ਦੀਆਂ ਜ਼ਮੀਨਾਂ ਵਿਚ ਲੂਣ ਵਧੇ। ਦੁਨੀਆ ਦੇ ਦਰਿਆਵਾਂ ਦਾ ਅਜਿਹਾ ਸੰਕਟ ਕਿਉਂ ਵਾਪਰਿਆ? ਕੀ ਵਾਪਰਦਾ ਹੈ ਜਦੋਂ ਦਰਿਆ ਸੁਕਦੇ ਹਨ? ਲੇਖਕ ਨੇ ਦਰਜ ਕੀਤਾ ਹੈ ਕਿ ”ਮੈਂ ਇਕ ਅਜਿਹੇ ਆਦਮੀ ਨੂੰ ਮਿਲਿਆ ਜੋ ਕਦੇ ਦੁਨੀਆ ਦੇ ਸਭ ਤੋਂ ਵੱਡੇ ਬੰਨ੍ਹ ਬਣਾਉਣ ਵਾਲੀ ਸੰਸਥਾ ਚਲਾਉਂਦਾ ਸੀ। ਅੱਜਕੱਲ੍ਹ ਡੈਮਾਂ ਨੂੰ ਢਾਹ ਸੁੱਟਣ ਦੀ ਮੁਹਿੰਮ ਚਲਾ ਰਿਹਾ ਹੈ।” ਤ੍ਰਾਸਦੀ ਇਹ ਹੈ ਕਿ ਚੀਨ ਨੇ ਸਾਲ 2011 ਤੋਂ 2013 ਦਰਮਿਆਨ ਯਾਂਗਤਜੇ ਦਰਿਆ ‘ਤੇ ਬਣੇ ਤਿੰਨ ਖਾਈ ਡੈਮ ਨੂੰ ਬਣਾਉਣ ਲਈ 11 ਕਰੋੜ ਘਣ ਫੁੱਟ ਸੀਮਿੰਟ ਲਗਾ ਦਿੱਤਾ ਜਿਹੜਾ ਅਮਰੀਕਾ ਦੇ 20ਵੀਂ ਸਦੀ ‘ਚ ਕੁੱਲ ਸੀਮਿੰਟ ਵਰਤਣ ਦੇ ਬਰਾਬਰ ਹੈ। ਇਸੇ ਤਰ੍ਹਾਂ ਦੁਨੀਆ ਦੇ ਲਗਭਗ ਅੱਧੇ ਡੈਮ ਚੀਨੀ ਇਮਾਰਤਸਾਜ਼ੀ ਕੰਪਨੀਆਂ ਕੋਲ ਹਨ। ਇਨ੍ਹਾਂ ਡੈਮਾਂ ਦੀ ਉਸਾਰੀ ਨਾਲ ਲਗਭਗ 10 ਕਰੋੜ ਲੋਕਾਂ ਦਾ ਉਜਾੜਾ ਅਤੇ ਦੋ ਖਰਬ ਡਾਲਰ ਫਜ਼ੂਲ ਖਰਚ ਹੋਇਆ ਹੈ। ਭਾਰਤ ਵਿਚ ਦਰਿਆਵਾਂ ਨੂੰ ਮਿਲਾਉਣ ਲਈ ਉੱਤਰ-ਦੱਖਣ ਸਕੀਮ ਦਾ ਮਕਸਦ ਉੱਤਰੀ ਭਾਰਤ ਵਿਚਲੇ ਗੰਗਾ ਤੇ ਬ੍ਰਹਮਪੁੱਤਰ ਜਿਹੇ ਮੌਨਸੂਨੀ ਦਰਿਆਵਾਂ ਦੇ ਪਾਣੀਆਂ ਨੂੰ ਦੱਖਣੀ ਭਾਰਤ ਅਤੇ ਪੱਛਮੀ ਖੇਤਰਾਂ ਦੀਆਂ ਖੁਸ਼ਕ, ਤਪਦੀਆਂ ਥਾਵਾਂ ‘ਤੇ ਭੇਜਣਾ ਹੈ ਜਿੱਥੇ ਵੱਡੇ ਸੋਕੇ ਪੈਂਦੇ ਹਨ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ। ਇਹ ਭਾਰਤੀ ਸਕੀਮ ਚੀਨ ਦੀ ਯੋਜਨਾ ਨਾਲੋਂ ਬੇਹੱਦ ਗੁੰਝਲਦਾਰ ਹੈ। ਹਿਮਾਲਿਆ ਵਿਚੋਂ ਨਿਕਲਦੇ ਉੱਤਰੀ ਭਾਰਤ ਦੇ 14 ਦਰਿਆਵਾਂ ਨੂੰ ਦਰਜਨਾਂ ਵੱਡੇ ਡੈਮਾਂ ਤੇ ਨਹਿਰਾਂ ਰਾਹੀਂ ਜੋੜੇਗੀ। ਉਨ੍ਹਾਂ ਦਾ ਪਾਣੀ ਕੋਈ ਇਕ ਹਜ਼ਾਰ ਲੰਮੀਆਂ ਨਹਿਰਾਂ ਤੇ ਸੁਰੰਗਾਂ ਅਤੇ ਤਕਰੀਬਨ ਤਿੰਨ ਸੌ ਝੀਲਾਂ ਰਾਹੀਂ ਦੱਖਣੀ ਭਾਰਤ ਦੇ 17 ਦਰਿਆਵਾਂ ਨੂੰ ਜੋੜਦੇ ਜੰਗਲ ਭੰਡਾਰਾਂ ਵਿਚ ਪਾਇਆ ਜਾਵੇਗਾ ਜਿਨ੍ਹਾਂ ਦਰਿਆਵਾਂ ਵਿਚ ਗੋਦਾਵਰੀ, ਕ੍ਰਿਸ਼ਨਾ ਤੇ ਕਾਵੇਰੀ ਸ਼ਾਮਲ ਹਨ। ਇਸ ਸਭ ਕੁਝ ਉਪਰ 1.12 ਤੋਂ 2 ਲੱਖ ਕਰੋੜ ਅਮਰੀਕੀ ਡਾਲਰ ਖਰਚ ਹੋਣ ਦੀ ਸੰਭਾਵਨਾ ਹੈ ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਦਾ 40 ਫ਼ੀਸਦੀ ਹੈ। ਹਾਲਾਂਕਿ ਭਾਰਤ ਦੇ ਕਈ ਸੂਬਿਆਂ ਵਿਚ ਦਰਿਆਈ ਪਾਣੀਆਂ ਦੇ ਝਗੜੇ ਆਮ ਗੱਲ ਹਨ।
ਹਿਮਾਲਿਆ ਪਰਬਤਾਂ ਤੇ ਤਿੱਬਤੀ ਪਠਾਰ ਦੇ ਗਲੇਸ਼ੀਅਰ (ਤੋਦੇ) ਏਸ਼ੀਆ ਦੇ ਮਹਾਨ ਸੱਤ ਦਰਿਆਵਾਂ ਗੰਗਾ, ਸਿੰਧ, ਬ੍ਰਹਮਪੁੱਤਰ, ਸਲਵੀਨ, ਇਰਾਵਾਡੀ, ਮੀਕਾਂਗ ਤੇ ਯਾਂਗਤਜ਼ੇ ਨੂੰ ਪਾਲਦੇ ਹਨ। ਜਦ ਤੇਜ਼ੀ ਨਾਲ ਗਲੇਸ਼ੀਅਰ ਪਿਘਲਣੇ ਸ਼ੁਰੂ ਹੋਏ ਤਾਂ ਇਨ੍ਹਾਂ ‘ਚੋਂ ਕਈ ਦਰਿਆ ਖ਼ਤਰੇ ਦੀ ਹੱਦ ਤੱਕ ਸੁੱਕਣਗੇ।
ਅਫਰੀਕਾ ‘ਚ ਚਾਡ ਝੀਲ ਲਗੋਨ ਦਰਿਆਈ ਪਾਣੀ ਦਾ ਸਭ ਤੋਂ ਵੱਡਾ ਸਰੋਤ ਸੀ। ਜਿਉਂ-ਜਿਉਂ ਝੀਲ ਸੁੰਗੜਦੀ ਗਈ, ਇਲਾਕੇ ਦੇ ਇਕ ਕਰੋੜ ਤੀਹ ਲੱਖ ਲੋਕ ਪਾਣੀ ਦੀ ਕਿੱਲਤ ਨਾਲ ਜੂਝਦੇ ਗ਼ਰੀਬੀ ਦੀ ਕਗਾਰ ‘ਤੇ ਪਹੁੰਚ ਗਏ। ਝੀਲਾਂ ਦੇ ਸੁੱਕਣ ਨਾਲ ਆਰਥਿਕ ਤੰਗੀਆਂ ਨਾਲ ਬੇਰੁਜ਼ਗਾਰੀ ਵਧਦੀ ਹੈ ਅਤੇ ਅਤਿਵਾਦੀ ਗਤੀਵਿਧੀਆਂ ਵਿਚ ਵਾਧਾ ਹੁੰਦਾ ਹੈ। ਬਹੁਤੇ ਮੁਲਕਾਂ ਵਿਚ ਪਾਣੀਆਂ ਦੇ ਸਵਾਲਾਂ ਨੇ ਆਪਸੀ ਕੁੜੱਤਣ ਵਧਾਈ ਹੈ। ਸਿਆਸਤਦਾਨਾਂ ਨੇ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਵਾਧੂ ਡੈਮ ਉਸਾਰ ਦਿੱਤੇ ਹਨ। ਦਰਿਆਵਾਂ ਦੇ ਸੁੱਕਣ ਨਾਲ ਪਰਵਾਸ ਵਧਦਾ ਹੈ ਅਤੇ ਸਮਾਜਿਕ ਗੜਬੜ ਪੈਦਾ ਹੁੰਦੀ ਹੈ। ਪਾਣੀ ਦੇ ਕੁਦਰਤੀ ਸਰੋਤਾਂ ਨਾਲ ਅੱਜ ਕੀ ਗੁਜ਼ਰ ਰਹੀ ਹੈ? ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਛੱਡਿਆ ਹੈ। ਸਤਲੁਜ ਤੇ ਬਿਆਸ ਦੇ ਪਾਣੀਆਂ ‘ਚ ਫੈਕਟਰੀਆਂ ‘ਚੋਂ ਝਰਦੀਆਂ ਜ਼ਹਿਰਾਂ ਪੈਂਦੀਆਂ ਹਨ। ਪਾਣੀ ਨੂੰ ਡਕਾਰਣ ਵਾਲੀਆਂ ਫ਼ਸਲਾਂ ਵੀ ਸੰਕਟ ਲਈ ਜ਼ਿੰਮੇਵਾਰ ਹਨ। ਦਰਅਸਲ, ਦਰਿਆਵਾਂ ਦੀ ਤਬਾਹੀ ਦੇ ਨਾਲ ਨਾਲ ਅਣਗਿਣਤ ਮੱਛੀ ਮੋਟਰਾਂ ਇੰਝ ਪਾਣੀ ਕੱਢ ਰਹੀਆਂ ਹਨ ਜਿਵੇਂ ਭਵਿੱਖ ਲਈ ਅਸੀਂ ਕੁਝ ਨਹੀਂ ਛੱਡਣਾ। ਕੁਦਰਤੀ ਰਹਿਮਤਾਂ ਨਾਲ ਭਰਪੂਰ ਖਿੱਤਿਆਂ ਦੇ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਇਹ ਪੁਸਤਕ ਪਾਣੀ ਦੀ ਸਮੱਸਿਆ ਅਤੇ ਵੱਖ-ਵੱਖ ਮੁਲਕਾਂ ਵਿਚ ਪਾਣੀ ਦੀ ਰੱਖਿਆ ਲਈ ਲੋਕਾਂ ਵੱਲੋਂ ਆਪਮੁਹਾਰੇ ਕੀਤੇ ਜਾ ਰਹੇ ਯਤਨਾਂ ਨੂੰ ਉਭਾਰਨ ਦਾ ਕਾਰਜ ਕਰਦੀ ਹੈ। ਲੇਖਕ ਦੀ ਧਾਰਨਾ ਹੈ ਕਿ ਪਾਣੀ ਦੀ ਰੱਖਿਆ ਸਿਰਫ਼ ਦੁਨੀਆ ਭਰ ਦੇ ਵੱਖ-ਵੱਖ ਭਾਈਚਾਰੇ ਸਮੂਹਿਕ ਰੂਪ ਵਿਚ ਕਰ ਸਕਦੇ ਹਨ। ਜੇ ਪਾਣੀਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਅਜਿਹੀ ਹੀ ਰਹੀ ਤਾਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਨੂੰ ਤਬਾਹ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ।
ਸੰਪਰਕ: 98151-15429