ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵੱਲੋਂ ਮੁਜ਼ਾਹਰਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਜੂਨ
ਘਰਾਂ ਦੇ ਪਾਣੀ ਦੇ ਨਾਕਸ ਪ੍ਰਬੰਧ ਕਾਰਨ ਇੱਥੇ ਬਠਿੰਡਾ-ਜ਼ੀਰਕਪੁਰ ਸੜਕ ’ਤੇ ਸਥਿਤ ਬਾਲਦ ਕੈਂਚੀਆਂ ਵਿਖੇ ਨਵੇਂ ਬਣੇ ਸਬ ਡਿਵੀਜ਼ਨਲ ਦਫਤਰ ਦੇ ਸਾਹਮਣੇ ਪੁਲ ਹੇਠਾਂ ਖੜ੍ਹੇ ਗੰਦੇ ਪਾਣੀ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਾਬਕਾ ਸੈਨਿਕ ਜਸਵਿੰਦਰ ਸਿੰਘ ਚੋਪੜਾ, ਅਕਾਲੀ ਆਗੂ ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਮੀਤ ਸਿੰਘ ਜੈਲਦਾਰ ਅਤੇ ਕਾਂਗਰਸ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਕੰਧੋਲਾ ਨੇ ਕਿਹਾ ਕਿ ਬਾਲਦ ਕੋਠੀ ਦੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਸਾਰਾ ਗੰਦਾ ਪਾਣੀ ਮੁੱਖ ਸੜਕ ’ਤੇ ਖੜ੍ਹ ਜਾਂਦਾ ਹੈ ਜਿਸ ਕਾਰਨ ਮੁੱਖ ਮਾਰਗ ’ਤੇ ਕਈ ਕਈ ਫੁੱਟ ਡੂੰਘੇ ਟੋਏ ਪੈ ਗਏ ਹਨ। ਗੰਦੇ ਪਾਣੀ ਨਾਲ ਭਰੇ ਹੋਏ ਇਨ੍ਹਾਂ ਟੋਇਆਂ ਵਿੱਚ ਕਾਰਾਂ, ਮੋਟਰਸਾਈਕਲ, ਟਰੱਕ ਅਤੇ ਹੋਰ ਵਹੀਕਲ ਫ਼ਸ ਜਾਂਦੇ ਹਨ। ਇਸੇ ਤਰ੍ਹਾਂ ਦੁਕਾਨਾਂ ਅੱਗੇ ਖੜ੍ਹੇ ਗੰਦੇ ਪਾਣੀ ਕਾਰਨ ਕੋਈ ਵੀ ਗਾਹਕ ਦੁਕਾਨ ਤੇ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਇੱਥੇ ਭਵਾਨੀਗੜ੍ਹ ਦੇ ਨਵੇਂ ਬਣੇ ਸਬ ਡਿਵੀਜ਼ਨਲ ਦਫਤਰ ਵਿੱਚ ਜਾਣ ਲਈ ਵੀ ਇਹੋ ਹੀ ਰਸਤਾ ਹੈ ਅਤੇ ਸਾਰੇ ਅਫਸਰ, ਮੁਲਾਜ਼ਮ ਅਤੇ ਲੋਕ ਇਸ ਗੰਦੇ ਪਾਣੀ ਵਿੱਚੋਂ ਹੀ ਗੁਜ਼ਰਦੇ ਹਨ।
ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਵੱਲੋਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੇ ਕਈ ਵਾਰ ਭਰੋਸਾ ਦੇਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਇਹ ਮਸਲਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ।
ਬਾਲਦ ਕੈਂਚੀਆਂ ’ਚ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।