ਪਾਠਕਾਂ ਦੇ ਖ਼ਤ
ਜਿ਼ੰਦਗੀ ਦੇ ਮਨੋਵਿਗਿਆਨਕ ਪੱਖ
21 ਅਕਤੂਬਰ ਦੇ ਅੰਕ ’ਚ ਲੇਖਕ ਸੀ. ਮਾਰਕੰਡਾ ਦੀ ਰਚਨਾ ‘ਜਦੋਂ ਭੂਤ ਚਿੰਬੜੇ’ ਸਾਡੀ ਜਿ਼ੰਦਗੀ ਦੇ ਮਨੋਵਿਗਿਆਨਕ ਪੱਖ ਉਭਾਰਦੀ ਹੈ। ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜਦੋਂ ਮਨੁੱਖੀ ਸਰੀਰ ’ਚ ਮਾਨਸਿਕ ਅਤੇ ਸਰੀਰਕ ਵਿਕਾਰ ਪੈ ਜਾਂਦੇ ਹਨ ਤਾਂ ਉਸ ਦੇ ਵਿਚਾਰ ਨਾਂਹ ਪੱਖੀ ਹੋ ਜਾਂਦੇ ਹਨ ਤੇ ਉਸ ਨੂੰ ਭੂਤ-ਪ੍ਰੇਤ ਦਿਸਣ ਲੱਗ ਪੈਂਦੇ ਹਨ। ਅਜੋਕੇ ਸਮੇਂ ਅੰਦਰ ਸਿਹਤ ਮਾਹਿਰ ਇਨ੍ਹਾਂ ਰੋਗਾਂ, ਵਿਕਾਰਾਂ ਨੂੰ ਬੜੇ ਅੱਛੇ ਢੰਗ ਨਾਲ ਠੀਕ ਕਰਨ ਦੇ ਸਮਰੱਥ ਬਣ ਚੁੱਕੇ ਹਨ। 16 ਅਕਤੂਬਰ ਦੇ ਅੰਕ ’ਚ ਗੁਰਚਰਨ ਸਿੰਘ ਨੂਰਪੁਰ ਦਾ ਛਪਿਆ ਲੇਖ ‘ਪੰਜਾਬ ਜਦੋਂ ਗੈਸ ਚੈਂਬਰ ਬਣਦਾ ਹੈ’ ਵਿਗਿਆਨਕ ਜਾਣਕਾਰੀ ਦੇਣ ਵਾਲਾ ਸੀ। ਵਾਤਾਵਰਨ ਪ੍ਰਤੀ ਗੰਭੀਰਤਾ ਨਾ ਹੋਣ ਕਾਰਨ ਅਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਲਗਾਤਾਰ ਅੱਖਾਂ ਮੀਚ ਕੇ ਆਪਣਾ ਨੁਕਸਾਨ ਕਰ ਰਹੇ ਹਾਂ। ਇਸੇ ਦਿਨ (16 ਅਕਤੂਬਰ) ਗੱਜਣਵਾਲਾ ਸੁਖਮਿੰਦਰ ਦਾ ਮਿਡਲ ‘ਆਪਣੀ ਮਿੱਟੀ’ ਸੇਧ ਦੇਣ ਵਾਲਾ ਸੀ। ਮਿੱਟੀ ਦਾ ਮੋਹ ਬੰਦੇ ਕੋਲੋਂ ਕਦੇ ਵੀ ਛੁਟਦਾ ਨਹੀਂ ਹੈ। ਮਿਡਲ ਦੇ ਪਾਤਰ ਉਸਾਰੂ ਸਮਝ ਰੱਖਣ ਵਾਲੇ ਹਨ ਅਤੇ ਅਪੰਗ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਕਦੇ ਵੀ ‘ਊਣੇ’ ਨਹੀਂ ਸਮਝਦੇ। ਆਪੋ-ਆਪਣੇ ਸ਼ੌਕ ਰਾਹੀਂ ਖੁਸ਼ਹਾਲ ਜੀਵਨ ਜਿਊਂਦੇ ਨਜ਼ਰ ਆਉਂਦੇ ਹਨ।
ਮੋਹਰ ਗਿੱਲ ਸਿਰਸੜੀ, ਕੋਟਕਪੂਰਾ
ਸੁੰਦਰਤਾ
30 ਅਕਤੂਬਰ ਦੇ ਅੰਕ ਵਿਚ ਡਾ. ਸੁਖਪਾਲ ਕੌਰ ਸਮਰਾਲਾ ਦੀ ਰਚਨਾ ‘ਉਹ ਮੁਸਕਰਾਹਟ’ ਪੜ੍ਹੀ, ਵਧੀਆ ਲੱਗੀ। ਲੇਖਕਾ ਨੇ ਆਪਣੀ ਉਦਾਹਰਣ ਦੇ ਕੇ ਨਵੀਂ ਪੀੜ੍ਹੀ ਨੂੰ ਵਧੀਆ ਸੁਨੇਹਾ ਦਿੱਤਾ ਹੈ ਕਿ ਕੇਵਲ ਬਾਹਰੀ ਸੁੰਦਰਤਾ ਹੀ ਸਾਨੂੰ ਵਿਸ਼ੇਸ਼ ਮਾਣ ਸਤਿਕਾਰ ਨਹੀਂ ਦਿਵਾਉਂਦੀ ਸਗੋਂ ਗੁਣਾਂ ਨਾਲ ਭਰਪੂਰ ਸਾਡੀ ਸ਼ਖ਼ਸੀਅਤ ਹੀ ਸਾਨੂੰ ਹਰ ਥਾਂ ’ਤੇ ਮੋਹਰੀ ਬਣਾਉਂਦੀ ਹੈ। 26 ਅਕਤੂਬਰ ਨੂੰ ਮੋਹਣ ਸਿੰਘ ਮੁਗਲ ਮਾਜਰੀ ਦੀ ਰਚਨਾ ‘ਉਹ ਵੀ ਦਿਨ ਸਨ’ ਪੜ੍ਹ ਕੇ ਮਨ ਨੂੰ ਤਸੱਲੀ ਮਿਲੀ ਕਿ ਪਹਿਲਾਂ ਲੋਕਾਂ ਵਿਚ ਕਿੰਨੀ ਸਾਦਗੀ ਸੀ। ਰਚਨਾ ਦੇ ਅੰਤ ਵਿਚ ਬੀਤੇ ਦਿਨਾਂ ਦੇ ਮੁੜ ਆਉਣ ਦੀ ਕਾਮਨਾ ਪਾਠਕ ਨੂੰ ਭਾਵੁਕ ਕਰਦੀ ਹੈ। ਇਸੇ ਪੰਨੇ ਉੱਤੇ ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਗਿਆਨ ਦਾ ਚਾਨਣ’ ਬਾਲਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਵੱਡਿਆਂ ਨੂੰ ਵੀ ਸਿੱਖਿਆ ਦੇਣ ਵਾਲੀ ਹੈ। ਜੇ ਅਸੀਂ ਆਪਣੇ ਵਾਤਾਵਰਨ, ਚੌਗਿਰਦੇ, ਬਜ਼ੁਰਗਾਂ ਅਤੇ ਨਿੱਕੇ ਬਾਲਾਂ ਨੂੰ ਗੰਭੀਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਫੈਸਲਾ ਕਰਨ ਦੀ ਲੋੜ ਹੈ। ਮਦਨ ਬੰਗੜ ਦੀ ਰਚਨਾ ‘ਆਸਥਾ ਤੇ ਰੋਸ਼ਨੀ ਦਾ ਪ੍ਰਤੀਕ ਦੀਵਾ’ ਵਿਚ ਲੇਖਕ ਨੇ ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਰਾਹੀਂ ਦੀਵੇ ਦੀ ਮਹੱਤਤਾ ਦੱਸੀ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
ਪਾਣੀ ਦੀ ਮਹੱਤਤਾ
26 ਅਕਤੂਬਰ ਨੂੰ ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਅਤੇ ਵਾਤਾਵਰਨਨਾਲ ਖਿਲਵਾੜ ਦੇ ਸਿੱਟੇ’ ਪੜ੍ਹਿਆ। ਬਹੁਤ ਸਰਲ ਸ਼ਬਦਾਂ ਵਿਚ ਪਾਣੀ ਦੀ ਮਹੱਤਤਾ ਬਾਰੇ ਲਿਖਿਆ ਗਿਆ ਹੈ। ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਗੁਰੂ ਸਾਹਿਬਾਨ ਨੇ ਵੀ ਇਸ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਪਾਣੀ ਨੂੰ ਸੰਭਾਲਣ ਲਈ ਅਸੀਂ ਕੋਈ ਖਾਸ ਯੋਗਦਾਨ ਨਹੀਂ ਪਾ ਰਹੇ। ਪਾਣੀ ਦੀ ਟੂਟੀ ਚਲਦੀ ਹੈ ਤਾਂ ਚੱਲੀ ਜਾਵੇ, ਕੋਈ ਫਿ਼ਕਰ ਨਹੀਂ; ਆਰਓ ਵਿੱਚੋਂ ਨਿਕਲਣ ਵਾਲੇ ਪਾਣੀ (ਫਾਲਤੂ) ਦੀ ਪ੍ਰਵਾਹ ਕੋਈ ਨਹੀਂ ਕਰਦਾ। ਇਸ ਨੂੰ ਬਚਾ ਕੇ ਬੂਟਿਆਂ ਨੂੰ ਪਾਇਆ ਜਾ ਸਕਦਾ ਹੈ। ਅਜਿਹੇ ਕਾਰਜਾਂ ਨਾਲ ਪਾਣੀ ਦੀ ਬਚਤ ਹੋ ਸਕਦੀ ਹੈ।
ਡੀਆਰ ਪਾਲ, ਪਿੰਡ ਲਾਂਦੜਾ (ਜਲੰਧਰ)
(2)
26 ਅਕਤੂਬਰ ਨੂੰ ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਅਤੇ ਵਾਤਾਵਰਨ ਨਾਲ ਖਿਲਵਾੜ ਦੇ ਸਿੱਟੇ’ ਵਧੀਆ ਹੈ। ਇਹ ਲੇਖ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਿੰਤਨ ਅਤੇ ਚਿੰਤਾ ਕਰਨ ਦਾ ਸੁਨੇਹਾ ਦਿੰਦਾ ਹੈ। ਧਰਤੀ ਉੱਤੋਂ ਪਾਣੀ ਦਾ ਖ਼ਤਮ ਹੋਣਾ ਜਾਂ ਖ਼ਰਾਬ ਹੋਣਾ ਸਿਰਫ਼ ਮਨੁੱਖ ਲਈ ਹੀ ਨਹੀਂ ਸਗੋਂ ਧਰਤੀ ’ਤੇ ਪੈਦਾ ਹੋਏ ਪਸ਼ੂ ਪੰਛੀ, ਬਿਰਖ ਬੂਟੇ ਅਤੇ ਫ਼ਸਲਾਂ ਲਈ ਖ਼ਤਰੇ ਦੀ ਘੰਟੀ ਹੈ। ਇਸ ਵੱਲ ਸਰਕਾਰਾਂ ਅਤੇ ਆਮ ਲੋਕਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਚੌਲਾਂ ਦੇ ਨਮੂਨੇ
25 ਅਕਤੂਬਰ ਨੂੰ ਪਹਿਲੇ ਪੰਨੇ ਦੀ ਖ਼ਬਰ ਹੈ: ‘ਪੰਜਾਬ ਨੂੰ ਹਲੂਣਾ: ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਚੌਲਾਂ ਦੇ ਨਮੂਨੇ ਫੇਲ੍ਹ’। ਇਹ ਚੌਲ ਤਾਂ ਕੇਂਦਰੀ ਏਜੰਸੀ ਫੂਡ ਕਾਰਪੋਰੇਸ਼ਨ ਦੇ ਗੁਦਾਮਾਂ ਵਿਚ ਪਏ ਹਨ ਤੇ ਇਹ ਏਜੰਸੀ ਕੇਂਦਰੀ ਸਰਕਾਰ ਦੀ ਹੈ। ਉਸ ਦੀ ਕਾਰਗੁਜ਼ਾਰੀ ਲਈ ਇਸ ਏਜੰਸੀ ਅਤੇ ਕੇਂਦਰੀ ਸਰਕਾਰ ਜ਼ਿੰਮੇਵਾਰ ਹਨ; ਇਸ ਮਸਲੇ ’ਤੇ ਇਨ੍ਹਾਂ ਨੂੰ ਹੀ ਘੇਰਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਜਾਂ ਪੰਜਾਬ ਦੇ ਕਿਸਾਨਾਂ ਦਾ ਤਾਂ ਕੋਈ ਦੋਸ਼ ਨਹੀਂ ਹੈ। ਪੰਜਾਬ ਸਿਰ ਇਹ ਬਦਨਾਮੀ ਕਿਉਂ ਮੜ੍ਹੀ ਜਾ ਰਹੀ ਹੈ?
ਦਰਸ਼ਨਸਿੰਘ ਬੋਪਾਰਾਏ, ਮੰਡੀ ਮੁੱਲਾਂਪੁਰ ਦਾਖਾ (ਲੁਧਿਆਣਾ)
ਫ਼ਸਲਾਂ ਦੀ ਬੇਕਦਰੀ
24 ਅਕਤੂਬਰ ਦਾ ਸੰਪਾਦਕੀ ‘ਮੰਡੀਆਂ ’ਚ ਰੁਲੇ ਝੋਨਾ’ ਵਿਚ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਫ਼ਸਲ ਦੀ ਕੀਤੀ ਜਾ ਰਹੀ ਬੇਕਦਰੀ ਅਤੇ ਬੇਇਨਸਾਫ਼ੀ ਦੀ ਤਸਵੀਰ ਪੇਸ਼ ਕੀਤੀ ਹੈ। ਹਰ ਸਾਲ ਕਣਕ ਅਤੇ ਝੋਨੇ ਦੀ ਖ਼ਰੀਦ ਵੇਲੇ ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨਾਂ ਦੀ ਪੂਰੀ ਫ਼ਸਲ ਪਾਸ ਕਰ ਕੇ ਘੱਟੋ-ਘੱਟ ਸਮਰਥਨਮੁੱਲ ’ਤੇ ਖ਼ਰੀਦਣ ਤੋਂ ਟਾਲਾ ਵੱਟਦੀਆਂ ਹਨ। ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ਵਿਚ ਰੁਲਣਾ ਪੈਂਦਾ ਹੈ। ਇਹ ਸਭ ਭਾਰਤੀ ਹਕੂਮਤ ਵੱਲੋਂ ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾ ਤੇ ਕੌਮਾਂਂਤਰੀ ਮੁਦਰਾ ਫੰਡ ਨਾਲ ਕੀਤੇ ਕਿਸਾਨ ਮਾਰੂ ਤੇ ਲੋਕ ਵਿਰੋਧੀ ਸਮਝੌਤਿਆਂ ਹੇਠ ਕੀਤਾ ਜਾ ਰਿਹਾ ਹੈ। ਮੰਡੀਆਂ ਬੰਦ ਕਰ ਕੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਗੁਦਾਮਾਂ ਵੱਲ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਤੋਂ ਇਤਿਹਾਸਕ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ ਅਤੇ ਦੋਵੇਂ ਹਕੂਮਤਾਂ ਨੂੰ ਇਹ ਤੱਥ ਸਮਝਣ ਦੀ ਲੋੜ ਹੈਕਿ ਕਿਸਾਨਾਂ ਦੀ ਲੁੱਟ ਕਰ ਕੇ ਅਤੇ ਉਨ੍ਹਾਂ ਨੂੰ ਦੁਖੀ ਕਰ ਕੇ ਦੇਸ਼ ਵਿਚ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ।
ਸੁਮੀਤ ਸਿੰਘ, ਅੰਮ੍ਰਿਤਸਰ
(2)
24 ਅਕਤੂਬਰ ਦੇ ਸੰਪਾਦਕੀ ‘ਮੰਡੀਆਂ ’ਚ ਰੁਲੇ ਝੋਨਾ’ ਵਿਚ ਝੋਨੇ ਬਾਰੇ ਸਾਰੇ ਪੱਖਾਂ ਨੂੰ ਵਿਚਾਰ ਕੇ ਸਮੱਸਿਆ ਦੀ ਜੜ੍ਹ ਤੱਕ ਪੁੱਜਣ ਦਾ ਯਤਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਯੋਗ ਕਾਰਵਾਈ ਲਈ ਰਸਤੇ ਅਖ਼ਤਿਆਰ ਕੀਤੇ ਪਰ ਕੇਂਦਰੀ ਬੇਰੁਖ਼ੀ ਪੇਸ਼ ਨਹੀਂ ਜਾਣ ਦਿੰਦੀ। ਹਾਂ, ਇਕ ਗੱਲ ਸੰਪਾਦਕੀ ਦੀ ਉਮਦਾ ਹੈ ਕਿ ਝੋਨੇ ਦੀ ਪੰਜਾਬ ਵਿਚ ਬਹੁਤੀ ਖ਼ਪਤ ਨਹੀਂ ਪਰ ਉਪਜ ਸਭ ਤੋਂ ਜ਼ਿਆਦਾ ਹੈ। ਇਸ ਦਾ ਕਾਰਨ ਘੱਟੋ-ਘੱਟ ਸਮਰਥਨ ਮੁੱਲ ਹੈ। ਲੋੜ ਹੈ ਝੋਨੇ ਦੀ ਚੁਕਾਈ ਤੁਰੰਤ ਕੀਤੀ ਜਾਵੇ। ਕਿਸਾਨ ਦਾ ਡਰ ਸੱਚਾ ਜਾਪਦਾ ਹੈ ਕਿ ਕੇਂਦਰ ਆਨੇ ਬਹਾਨੇ ਝੋਨੇ ਦੀ ਖ਼ਰੀਦ ਤੋਂ ਪਿੱਛੇ ਹਟਣ ਦਾ ਰਾਹ ਬਣਾ ਰਿਹਾ ਹੈ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)
ਸਚਾਈ ਬਿਆਨ
18 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਗੁਰਦੀਪ ਜੌਹਲ ਦੀ ਰਚਨਾ ‘ਸਵੈ ਇੱਛਤ ਗ਼ੁਲਾਮ’ ਪੜ੍ਹਿਆ। ਲੇਖਕ ਨੇ ਸਚਾਈ ਲਿਖੀ ਹੈ। ਅਸੀਂ ਆਪਣੀ ਮਰਜ਼ੀ ਨਾਲ ਵਿਦੇਸ਼ ਜਾ ਕੇ ਗ਼ੁਲਾਮ ਬਣ ਰਹੇ ਹਾਂ। ਇਸੇ ਪੰਨੇ ਉੱਤੇ ਅਮਰਜੀਤ ਸਿੰਘ ਵੜੈਚ ਦੀ ਰਚਨਾ ‘ਦੁਰਯੋਧਨ ਅਜੇ ਨਹੀਂ ਮਰਿਆ’ ਬੜਾ ਕੁਝ ਦੱਸ ਰਹੀ ਹੈ। ਲੇਖਕ ਨੇ ਸਹੀ ਪੁੱਛਿਆ ਹੈ ਕਿ ਭਾਰਤੀ ਨਾਰੀ ਦੇ ਜੀਵਨ ਵਿਚ ਮਹਾਂਭਾਰਤ ਵਰਗਾ 18ਵਾਂ ਦਿਨ ਕਦੋਂ ਆਵੇਗਾ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਚਰਨਜੀਤ ਸਿੰਘ ਗੁਮਟਾਲਾ ਦੀ ਰਚਨਾ ‘ਜਦੋਂ ਅਮਰੀਕੀ ਬੱਚੇ ਨੇ ਸ਼ਰਮਸਾਰ ਕੀਤਾ’ ਵਿਚ ਅਨੁਸ਼ਾਸਨ ਦੀ ਗੱਲ ਕੀਤੀ ਗਈ ਹੈ। ਸਾਡੀ ਸਰਕਾਰ ਵੀ ਜੇ ਕੋਈ ਅਜਿਹਾ ਕਾਨੂੰਨ ਬਣਾ ਦੇਵੇ ਤਾਂ ਲੋਕਾਂ ਅੰਦਰ ਵੀ ਕੁਝ ਸਲੀਕਾ ਆ ਸਕਦਾ ਹੈ। ਇਸੇ ਤਰ੍ਹਾਂ 7 ਅਕਤੂਬਰ ਦੇ ਮਿਡਲ ‘ਕਾਲਜੇ ਠੰਢ’ ਵਿਚ ਜਗਦੀਸ਼ ਕੌਰ ਮਾਨ ਨੇ ਮਾਂ ਦੇ ਵਲਵਲੇ ਸਾਂਝੇ ਕੀਤੇ ਹਨ। 5 ਅਕਤੂਬਰ ਵਾਲੇ ਮਿਡਲ ‘ਸੁਨੇਹਾ’ (ਲੇਖਕਾ ਕੁਲਮਿੰਦਰ ਕੌਰ) ਵਿਚ ਭਾਈਚਾਰਕ ਸੁਨੇਹੇ ਦੀ ਗੱਲ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)