ਪਾਠਕਾਂ ਦੇ ਖ਼ਤ
ਸੀਟਾਂ ਦੀ ਵੰਡ
20 ਦਸੰਬਰ ਦੇ ਅੰਕ ਵਿਚ ਇੰਡੀਆ ਗੱਠਜੋੜ ਦੀ ਸੀਟਾਂ ਦੀ ਵੰਡ ਬਾਰੇ ਖ਼ਬਰ ਪੜ੍ਹੀ। ਗੱਠਜੋੜ ਲਈ ਸੀਟਾਂ ਦੀ ਸਰਬਸੰਮਤੀ ਨਾਲ ਵੰਡ ਇੰਨੀ ਸੌਖੀ ਨਹੀਂ ਜਿੰਨੀ ਜਾਪਦੀ ਹੈ; ਸਿਰਫ਼ ਸੀਟ ਵੰਡ ਹੀ ਨਹੀਂ, ਲੋਕ ਭਲਾਈ ਸਾਂਝਾ ਪ੍ਰੋਗਰਾਮ ਵੀ 140 ਕਰੋੜ ਲੋਕਾਂ ਤਕ ਪਹੁੰਚਦਾ ਹੋਣਾ ਚਾਹੀਦਾ ਹੈ ਜਿਵੇਂ ਸਿੱਖਿਅਤ ਨੌਜਵਾਨਾਂ ਨੂੰ ਨੌਕਰੀ ਮਿਲਣ ਤਕ ਮੁਹਾਰਤ ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣਾ, ਸਰਲ ਜੀਐੱਸਟੀ, ਫ਼ਸਲ ’ਤੇ ਐੱਮਐੱਸਪੀ, ਸੰਸਥਾਵਾਂ ਦੀ ਪ੍ਰਭੂਸੱਤਾ ਦੀ ਬਹਾਲੀ, ਬੱਚਿਆਂ ’ਚ ਕੁਪੋਸ਼ਣ ਦੂਰ ਕਰਨਾ, ਖੂਨ ਦੀ ਘਾਟ ਵਾਲੀਆਂ ਔਰਤਾਂ ਦੀ ਮਦਦ ਆਦਿ ਬੇਅੰਤ ਮਸਲੇ ਹਨ ਜਿਨ੍ਹਾਂ ਬਾਰੇ ਨੀਤੀਆਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਵੱਡੀਆਂ ਪਾਰਟੀਆਂ ਛੋਟੀਆਂ ਨੂੰ ਨਾਲ ਲੈ ਕੇ ਤੁਰਨ ਤਾਂ ਕਿ ਇਹ ਵਿਰੋਧ ਦੰਤ ਕਥਾ ਸੱਚ ਨਾ ਹੋਵੇ: ਕਹੀਂ ਕੀ ਈਂਟ ਕਹੀਂ ਕਾ ਰੋੜਾ; ਭਾਨੂੰਮਤੀ ਨੇ ਕੁਨਬਾ ਜੋੜਾ!!
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਉਚੇਰੀ ਸਿੱਖਿਆ ਦੀਆਂ ਖ਼ਾਮੀਆਂ
19 ਦਸੰਬਰ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਉਚੇਰੀ ਸਿੱਖਿਆ ਦੀਆਂ ਖਾਮੀਆਂ ਵੱਲ ਧਿਆਨ ਦੇਣ ਦੀ ਲੋੜ’ ਨਵੀਂ ਸਿੱਖਿਆ ਨੀਤੀ ਦੀਆਂ ਖਾਮੀਆਂ ਤੋਂ ਪੈਦਾ ਹੋਣ ਵਾਲੀਆਂ ਦੂਰਗਾਮੀ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਸਰਮਾਏਦਾਰੀ ਨਿਜ਼ਾਮ ਦੀ ਉਪਜਾਈ ਇਹ ਸਮੱਸਿਆ ਪ੍ਰਾਚੀਨ ਕਾਲ ਤੋਂ ਸਾਡੇ ਦੇਸ਼ ਵਿਚ ਮੌਜੂਦ ਹੈ। ਰਿਸ਼ੀ ਆਸ਼ਰਮਾਂ ਵਿਚ ਸਿੱਖਿਆ ਸਿਰਫ਼ ਰਾਜਿਆਂ, ਰਜਵਾੜਿਆਂ ਤੱਕ ਸੀਮਤ ਸੀ। 1957 ਦੇ ਲੱਗਭਗ ਜਦ ਮੇਰੇ ਪਿੰਡ ਵਾਸੀਆਂ ਨੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਕਿ ਪਿੰਡ ਦਾ ਸਕੂਲ ਪ੍ਰਾਇਮਰੀ ਤੋਂ ਦਸਵੀਂ ਤੱਕ ਕਰ ਦਿੱਤਾ ਜਾਵੇ ਤਦ ਉਨ੍ਹਾਂ ਦਾ ਜਵਾਬ ਸੀ: ‘ਜੇਕਰ ਪਿੰਡ ਵਿਚ ਦਸਵੀਂ ਦਾ ਸਕੂਲ ਹੋ ਗਿਆ ਤਾਂ ਕੰਮੀਆਂ ਦੇ ਬੱਚੇ ਪੜ੍ਹ ਜਾਣਗੇ ਤਾਂ ਤੁਹਾਡੇ ਡੰਗਰ ਕੌਣ ਚਾਰੇਗਾ ?’ ਉਹ ਗ਼ਰੀਬ ਕੰਮੀਆਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਦਸਵੀਂ ਤੱਕ ਦੀ ਮੁੱਢਲੀ ਸਿੱਖਿਆ ਦੇਣ ਤੋਂ ਵੀ ਇਨਕਾਰੀ ਸਨ। ਅਜਿਹੀ ਮਾਨਸਿਕਤਾ ਹੀ ਜੀ-20 ਮੁਲਕਾਂ ਅਤੇ ਪ੍ਰਧਾਨਗੀ ਕਰਨ ਵਾਲੇ ਦੇਸ਼ ਦੇ ਸ਼ਾਸਕਾਂ ਦੀ ਹੈ। ਸਰਕਾਰੀ ਯੂਨੀਵਰਸਟੀਆਂ ਨੂੰ ਬੰਦ ਕਰ ਕੇ ਨਿੱਜੀ ਯੂਨੀਵਰਸਟੀਆਂ ਨੂੰ ਤਰਜੀਹ ਦੇਣਾ ਗ਼ਰੀਬਾਂ ਨੂੰ ਉਚੇਰੀ ਸਿੱਖਿਆ ਤੋਂ ਵਾਂਝੇ ਕਰਨਾ ਹੀ ਹੈ। ਇਸ ਬਾਰੇ ਡੂੰਘਾ ਵਿਚਾਰ ਹੋਣਾ ਚਾਹੀਦਾ ਹੈ।
ਜਗਰੂਪ ਸਿੰਘ , ਲੁਧਿਆਣਾ
ਸ਼ਹੀਦੀ ਪੰਦਰਵਾੜਾ
18 ਦਸੰਬਰ ਨੂੰ ਪੰਨਾ 2 ’ਤੇ ਖ਼ਬਰ ਪੜ੍ਹੀ ਕਿ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਹੈ ਕਿ ਦਸੰਬਰ ਦੇ ਦੂਜੇ ਪੰਦਰਵਾੜੇ ਵਿਚ ਲੰਗਰ ਵਿਚ ਮਿੱਠੇ ਪਕਵਾਨ ਨਾ ਬਣਾਏ ਜਾਣ ਕਿਉਂਕਿ ਇਹ ਪੰਦਰਵਾੜਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਦੀ ਸ਼ਹੀਦੀ ਦਾ ਹੈ। ਇਹ ਹਦਾਇਤ ਬਹੁਤ ਠੀਕ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਵੀ ਕੀਤੀ ਜਾਂਦੀ ਹੈ ਕਿ ਸ਼ਹੀਦੀ ਸਾਕੇ ਦੇ ਦਿਨਾਂ ’ਚ ਘੱਟੋ-ਘੱਟ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ’ਚ ਲੜੀਆਂ ਨਾ ਲਾਈਆਂ ਜਾਣ, ਫੁੱਲਾਂ ਦੀਆਂ ਸਜਾਵਟਾਂ ਵੀ ਨਾ ਕੀਤੀਆਂ ਜਾਣ। ਇੱਥੇ ਸਵਾਲ ਹੈ ਕਿ ਕੋਈ ਆਪਣੇ ਪਰਿਵਾਰਕ ਜੀਆਂ ਦੀ ਬਰਸੀ ’ਤੇ ਵੀ ਲੜੀਆਂ ਲਗਾਉਂਦਾ ਹੈ ਜਾਂ ਫੁੱਲਾਂ ਦੀ ਸਜਾਵਟ ਕਰਦਾ ਹੈ?
ਗੁਰਦੀਪ ਸਿੰਘ, ਮੁਹਾਲੀ
ਸਰਕਾਰ ਦੇ ਬੋਲੇ ਕੰਨ
15 ਦਸੰਬਰ ਦਾ ਸੰਪਾਦਕੀ ‘ਸੁਰੱਖਿਆ ਵਿਚ ਸੰਨ੍ਹ’ ਪੜ੍ਹ ਕੇ ਬਹੁਤ ਅਫ਼ਸੋਸ ਹੋਇਆ। ਸੰਪਾਦਕੀ ਵਿਚ ਸਾਰਾ ਜ਼ੋਰ ਸੰਸਦ ਮੈਂਬਰਾਂ ਦੀ ਸੁਰੱਖਿਆ ਵਿਚ ਹੋਈ ਕੋਤਾਹੀ ਉੱਤੇ ਦਿੱਤਾ ਗਿਆ ਹੈ। ਇਸ ਘਟਨਾ ਦੇ ਪਿਛੋਕੜ ਵਿਚ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਅਤੇ ਇਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਤੇ ਨਿਰਾਸ਼ਤਾ ਫੈਲਣ ਦੇ ਕਾਰਨਾਂ ਨੂੰ ਬਿੱਲਕੁਲ ਵਿਸਾਰ ਦਿੱਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਹਕੂਮਤਾਂ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਬੇਰੁਜ਼ਗਾਰੀ ਤੇ ਉਦਾਸੀ ਦੇ ਸ਼ਿਕਾਰ ਸਮਾਜ ਦੇ ਹੇਠਲੇ ਵਰਗ ਦੇ ਇਨ੍ਹਾਂ ਚੇਤਨ ਨੌਜਵਾਨਾਂ ਨਾਲ ਹਮਦਰਦੀ ਜਤਾਉਣ ਦੀ ਥਾਂ ਇਨ੍ਹਾਂ ਨੂੰ ਘੁਸਪੈਠੀਆ ਕਿਹਾ ਗਿਆ ਹੈ। ਇਸ ਸੰਵੇਦਨਸ਼ੀਲ ਮੁੱਦੇ ਉੱਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਸੰਸਦ ਵਿਚ ਕੋਈ ਬਿਆਨ ਨਾ ਦੇਣ ਖਿਲਾਫ਼ ਵਿਰੋਧ ਪ੍ਰਗਟ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਭਾਰਤੀ ਜਮਹੂਰੀਅਤ ਅਤੇ ਨਿਆਂ ਪ੍ਰਣਾਲੀ ਦੇ ਖਿਲਾਫ਼ ਹੈ ਜਿਸ ਬਾਰੇ ਜਮਹੂਰੀ ਸੰਸਥਾਵਾਂ ਨੂੰ ਆਪਣੀ ਆਵਾਜ਼ ਉਠਾਉਣ ਦੀ ਲੋੜ ਹੈ।
ਦਮਨਜੀਤ ਕੌਰ, ਧੂਰੀ (ਸੰਗਰੂਰ)
ਊਰਜਾ ਪਰਿਵਰਤਨ
15 ਦਸੰਬਰ ਨੂੰ ਇੰਜ. ਦਰਸ਼ਨ ਸਿੰਘ ਭੁੱਲਰ ਦੇ ਲੇਖ ‘ਆਲਮੀ ਤਪਸ਼ ਅਤੇ ਊਰਜਾ ਪਰਿਵਰਤਨ’ ਵਿਚ ਆਲਮੀ ਤਪਸ਼ ਦੇ ਕਾਰਨਾਂ ਅਤੇ ਇਸ ਦੇ ਸੰਭਾਵੀ ਮਾੜੇ ਪ੍ਰਭਾਵਾਂ ਦਾ ਸਰਲ ਤਰੀਕੇ ਨਾਲ ਜ਼ਿਕਰ ਹੈ। ਊਰਜਾ ਦੇ ਰੂਪਾਂਤਰਨ ਦੀ ਸ਼ੁਰੂਆਤ ਅਤੇ ਇਸ ਵਿਚ ਵਿਕਾਸ ਦੇ ਨਾਂ ’ਤੇ ਹੋਈ ਪ੍ਰਗਤੀ ਨੂੰ ਵੀ ਬਾਖ਼ੂਬੀ ਬਿਆਨ ਕੀਤਾ ਹੈ। ਊਰਜਾ ਦੀ ਮਾਤਰਾ ਨੂੰ ਉਸ ਦੀ ਸੇਵਾ ’ਚ ਲੱਗੇ ਨਿਰੰਤਰ ਸੇਵਾਦਾਰਾਂ ਦੀ ਗਿਣਤੀ ਵਜੋਂ ਦਰਜ ਕਰਨਾ ਰੌਚਿਕਤਾ ਭਰਪੂਰ ਸੀ। ਕਿਸੇ ਵੀ ਦੇਸ਼ ਦੀ ਆਲਮੀ ਦਰਜਾਬੰਦੀ ਲਈ ਭਾਵੇਂ ਉਸ ਦੁਆਰਾ ਊਰਜਾ ਦੇ ਰੁਪਾਂਤਰਨ ਲਈ ਕੀਤੇ ਗਏ ਯਤਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਇਸ ਦੇ ਮਾਰੂ ਪ੍ਰਭਾਵਾਂ ਨੂੰ ਘੱਟ ਕਰਨਾ ਅਤੇ ਊਰਜਾ ਦੇ ਹੋਰ ਸਰੋਤਾਂ ਦੀ ਤਲਾਸ਼ ਅੱਜ ਦੇ ਸਮੇਂ ਦੀ ਸਖ਼ਤ ਲੋੜ ਹੈ।
ਭੁਪਿੰਦਰ ਸਿੰਘ, ਅੰਮ੍ਰਿਤਸਰ
ਜਲਵਾਯੂ ਤਬਦੀਲੀਆਂ ਦੀ ਮਾਰ
19 ਦਸੰਬਰ ਦੇ ‘ਲੋਕ ਸੰਵਾਦ’ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਜਲਵਾਯੂ ਤਬਦੀਲੀ ਬਾਰੇ ਕਾਨਫਰੰਸ ਦਾ ਲੇਖਾ-ਜੋਖਾ’ ਮਹੱਤਵਪੂਰਨ ਹਨ। ਬਿਨਾਂ ਸ਼ੱਕ ਅੱਜ ਪੂਰੀ ਦੁਨੀਆ ਜਲਵਾਯੂ ਤਬਦੀਲੀਆਂ ਦੀ ਮਾਰ ਹੇਠ ਹੈ। ਅਮੀਰ ਅਤੇ ਸਾਮਰਾਜੀ ਮੁਲਕਾਂ ਵੱਲੋਂ ਵੱਡੀ ਪੱਧਰ ’ਤੇ ਉਦਯੋਗੀਕਰਨ ਇਨ੍ਹਾਂ ਤਬਦੀਲੀਆਂ ਲਈ ਜ਼ਿੰਮੇਵਾਰ ਹੈ। ਵਾਤਾਵਰਨ ਮਾਹਿਰ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਚਿਤਾਵਨੀ ਦੇ ਰਹੇ ਹਨ ਕਿ ਧਰਤੀ ਦੇ ਤਾਪਮਾਨ ਵਿਚ ਭਾਰੀ ਵਾਧਾ ਹੋ ਰਿਹਾ ਹੈ ਪਰ ਸਾਮਰਾਜੀ ਅਤੇ ਵਿਕਸਤ ਦੇਸ਼ਾਂ ’ਤੇ ਇਨ੍ਹਾਂ ਚਿਤਾਵਨੀਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਸਮੁੱਚੀ ਦੁਨੀਆ ਦੇ ਦੇਸ਼ਾਂ ਵਿਚੋਂ ਇਕੱਲਾ ਅਮਰੀਕਾ ਹੀ ਕੁੱਲ ਦੁਨੀਆ ਦਾ ਚੌਥਾ ਹਿੱਸਾ ਕਾਰਬਨ ਡਾਇਆਕਸਾਈਡ ਗੈਸ ਵਾਯੂ ਮੰਡਲ ਵਿਚ ਭੇਜਦਾ ਹੈ। ਵਾਯੂਮੰਡਲ ਵਿਚ ਇਸ ਗੈਸ ਦਾ ਵਧਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਨੂੰ ਵਧਣੋਂ ਰੋਕਣ ਲਈ ਸਮੁੱਚੀ ਦੁਨੀਆ ਦੇ ਦੇਸ਼ਾਂ ਨੂੰ ਕਾਰਗਰ ਉਪਰਾਲੇ ਕਰਨ ਦੀ ਜ਼ਰੂਰਤ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)