ਪਾਠਕਾਂ ਦੇ ਖ਼ਤ
ਮਹਿਲਾ ਪਹਿਲਵਾਨਾਂ ਨਾਲ ਜੱਗੋਂ ਤੇਰਵੀਂ
‘ਚੌਕਸ ਰਹਿਣ ਦੀ ਲੋੜ’ (ਸੰਪਾਦਕੀ, 2 ਜੂਨ) ਕੁਸ਼ਤੀ ਫ਼ੈਡਰੇਸ਼ਨ ਦੇ ਮੁਖੀ ਦੇ ਜਿਨਸੀ ਸ਼ੋਸ਼ਣ ਤੋਂ ਪੀੜਤ ਮਹਿਲਾ ਪਹਿਲਵਾਨਾਂ ਨੂੰ ਰੋਸ ਮਾਰਚ ਦੌਰਾਨ ਹਿਰਾਸਤ ਵਿਚ ਲੈਣ ਮੌਕੇ ਧੂਹਿਆ ਅਤੇ ਘੜੀਸਿਆ ਜਾਣਾ ਨੈਤਿਕਤਾ ਤੋਂ ਡਿੱਗੀ ਹੋਈ ਅਤੇ ਮੰਦਭਾਗੀ ਕਾਰਗੁਜ਼ਾਰੀ ਹੈ। ਵਿਤਕਰੇ ਕਾਰਨ ਜਾਂ ਇਨਸਾਫ਼ ਦੀ ਅਣਹੋਂਦ ਕਾਰਨ ਪਹਿਲਵਾਨਾਂ ਵੱਲੋਂ ਜਿੱਤੇ ਹੋਏ ਮੈਡਲ ਗੰਗਾ ਵਿਚ ਵਹਾ ਦੇਣ ਦਾ ਫ਼ੈਸਲਾ ਚਿੰਤਾਜਨਕ ਹੈ। ਵਿਸ਼ਵ ਵਿਚ ਇਸ ਦਾ ਕੀ ਸੁਨੇਹਾ ਗਿਆ ਹੈ? ਸ਼ੋਸ਼ਲ ਮੀਡੀਆ ‘ਤੇ ਪਹਿਲਵਾਨਾਂ ਦਾ ਅਕਸ ਵਿਗਾੜਨ ਵਾਲੀਆਂ, ਤੋੜ-ਮਰੋੜ ਕੇ ਪਾਈਆਂ ਵੀਡੀਓ ਨਸ਼ਰ ਕਰਨੀ ਕੋਈ ਅਕਲ ਦੀ ਨਿਸ਼ਾਨੀ ਨਹੀਂ। ਦੇਸ਼ ਦਾ ਨਾਂ ਦੁਨੀਆ ਵਿਚ ਚਮਕਾਉਣ ਵਾਲੀਆਂ ਖਿਡਾਰਨਾਂ ਨਾਲ ਅਜਿਹਾ ਮਜ਼ਾਕ ਜਾਂ ਸ਼ਰਾਰਤ ਨਿੰਦਣਯੋਗ ਹੈ। ਅਜਿਹੇ ਗ਼ੈਰ-ਸਮਾਜਿਕ ਤੱਤਾਂ ਨੂੰ ਸਖ਼ਤੀ ਨਾਲ ਠੱਲ੍ਹਿਆ ਜਾਣਾ ਚਾਹੀਦਾ ਹੈ। ਸਰਕਾਰ ਨੂੰ ਚੁੱਪ ਧਾਰਨ ਨਾਲੋਂ ਪੀੜਤ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦੇਣ ਦੇ ਯਤਨ ਤੇਜ਼ ਕਰਨੇ ਚਾਹੀਦੇ ਹਨ।
ਹਰੀ ਕ੍ਰਿਸ਼ਨ ਮਾਇਰ, ਈਮੇਲ
ਗੱਲ ਅੱਗੇ ਨਾ ਵਧਦੀ
6 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਗਦੀਸ਼ ਕੌਰ ਮਾਨ ਦਾ ਲੇਖ ‘ਜੇਤੂ ਜਰਨੈਲ’ ਪੜ੍ਹਿਆ। ਬਹੁਤ ਖ਼ੂਬਸੂਰਤ ਸ਼ਬਦਾਂ ਵਿਚ ਬੀਤੇ ਦੀ ਘਟਨਾ ਬਿਆਨ ਕੀਤੀ ਹੈ। ਲਿਖਤ ਦਾ ਸਿਰਲੇਖ ਵੀ ਢੁੱਕਵਾਂ ਹੈ। ਉਂਝ ਸੋਚਦਾ ਹਾਂ ਕਿ ਜੇ ਉਨ੍ਹਾਂ ਦੇ ਪਿਤਾ ਜੀ ਸ਼ੁਰੂ ਵਿਚ ਹੀ ਆਪਣੇ ਮਿੱਤਰ ਨੂੰ ਆਖਦੇ ਕਿ ਤੁਸੀਂ ਨੋਟ ਤਾਂ ਦਸ ਰੁਪਏ ਦਾ ਹੀ ਦਿੱਤਾ ਹੈ ਤਾਂ ਸ਼ਾਇਦ ਇਹ ਗੱਲ ਅੱਗੇ ਨਾ ਵਧਦੀ, ਨਾਲੇ ਦੋਸਤੀ ਵੀ ਬਚੀ ਰਹਿੰਦੀ।
ਗੁਰਭਜਨ ਸਿੰਘ ਲਾਸਾਨੀ, ਕਪੂਰਥਲਾ
ਵਾਤਾਵਰਨ ਦੀ ਚਿੰਤਾ
ਵਾਤਾਵਰਨ ਦੇ ਮਾਮਲੇ ‘ਤੇ ਲੋਕਾਂ ਨੂੰ ਹੁੱਝਾਂ ਮਾਰ ਕੇ ਜਗਾਉਣ ਲਈ ਲਗਾਤਾਰ ਯਤਨ ਕਰਨ ਵਾਲੇ ਵਿਜੇ ਬੰਬੇਲੀ ਦਾ 5 ਜੂਨ ਨੂੰ ਛਪਿਆ ਲੇਖ ‘ਪੰਜਾਬ ਦਾ ਚੌਗਿਰਦਾ: ਕੁਝ ਮੁੱਦੇ, ਕੁਝ ਸਵਾਲ’ ਪੜ੍ਹ ਕੇ ਇਸ ਧਰਤੀ ਦੀ ਮਾੜੀ ਹੋਣੀ ਸਾਹਮਣੇ ਖੜ੍ਹੀ ਪ੍ਰਤੀਤ ਹੁੰਦੀ ਹੈ। ਲੇਖ ਬਹੁਤ ਸੰਖੇਪ ਅਤੇ ਸਰਲ ਹੈ ਪਰ ਇਸ ਵਿਚਲੇ ਸ਼ਬਦ ਬਹੁਤ ਤਿੱਖੇ ਹਨ ਜੋ ਸਿੱਧਾ ਸੋਚ ਨੂੰ ਹਲੂਣਦੇ ਹਨ। ਹੁਣ ਦੇਖਣਾ ਇਹ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਅਸੀਂ ਬੇਪ੍ਰਵਾਹ ਕਿਉਂ ਫਿਰ ਰਹੇ ਹਾਂ? ਅਸਲ ਵਿਚ ਸਾਡੀ ਸੋਚ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਚਲੋ ਦੇਖੀ ਜਾਏਗੀ ਜੋ ਹੋਏਗਾ। ਇਸੇ ਸੋਚ ਕਾਰਨ ਅਸੀਂ ਭੂਤਕਾਲ ਵਿਚ ਬਹੁਤ ਕੁਝ ਗਵਾਇਆ ਹੈ। ਅਸੀਂ ਉੱਠਦੇ ਉਦੋਂ ਹੀ ਹਾਂ ਜਦੋਂ ਸਿਰ ‘ਤੇ ਆਣ ਬਣਦੀ ਹੈ। ਅਸੀਂ ਹੁਣ ਵੀ ਉੱਠਾਂਗੇ ਜ਼ਰੂਰ ਪਰ ਬਹੁਤ ਕੁਝ ਗਵਾ ਕੇ।
ਅਮਰਜੀਤ ਸਿੰਘ ਅਮਨੀਤ, ਘੱਗਾ (ਪਟਿਆਲਾ)
(2)
ਵਾਤਾਵਰਨ/ਚੌਗਿਰਦੇ ਦਾ ਮਸਲਾ ਗੰਭੀਰ ਹੈ। ਚੰਨ, ਤਾਰੇ, ਸੂਰਜ ਤੇ ਗ੍ਰਹਿ ਕੁਦਰਤ ਦੇ ਅਨਮੋਲ ਰਤਨ ਹਨ। ਨਦੀਆਂ, ਝਰਨੇ, ਦਰਿਆ, ਸਮੁੰਦਰ ਅਤੇ ਉੱਚੇ ਪਰਬਤ, ਘਾਟੀਆਂ ਅਤੇ ਖੁੱਲ੍ਹੇ ਵਿਸ਼ਾਲ ਮੈਦਾਨ ਇਸ ਦੇ ਖ਼ੂਬਸੂਰਤ ਅੰਗ ਹਨ। ਕੁਝ ਦਹਾਕੇ ਪਹਿਲਾਂ ਸਾਡੇ ਚੌਗਿਰਦੇ ਦੀ ਹਰਿਆਵਲ ਦੇਖਣ ਵਾਲੀ ਸੀ। ਹੁਣ ਸਾਨੂੰ ਬਨਾਉਟੀ ਆਕਸੀਜਨ ਲੈਣੀ ਪੈ ਰਹੀ ਹੈ ਜਿਵੇਂ ਕਰੋਨਾ ਕਾਲ ‘ਚ ਸਾਡੇ ਨਾਲ ਵਾਪਰਿਆ। ਪਹਿਲਾਂ ਧਰਤੀ ਹੇਠਲਾ ਪਾਣੀ ਅੰਮ੍ਰਿਤ ਸੀ। ਦਰਿਆਵਾਂ, ਨਦੀਆਂ ਦਾ ਪਾਣੀ ਪੀਣਯੋਗ ਸੀ ਪਰ ਹੁਣ ਹਵਾ-ਪਾਣੀ ਸਭ ਗੰਧਲਾ ਹੋ ਚੁੱਕਿਆ ਹੈ। ਸਵੇਰ ਦੀ ਸੈਰ ਸਮੇਂ ਵੀ ਸਾਹ ਲੈਣਾ ਔਖਾ ਹੋ ਗਿਆ ਹੈ। ਮਨੁੱਖ ਦੀ ਨਾਲਾਇਕੀ ਕਾਰਨ ਕੁਦਰਤ ਨੇ ਸਾਥੋਂ ਮੂੰਹ ਮੋੜ ਲਿਆ ਹੈ। ਇਸ ਲਈ ਜਿੱਧਰ ਵੀ ਨਜ਼ਰ ਮਾਰੀਏ, ਪ੍ਰਦੂਸ਼ਣ ਹੀ ਪ੍ਰਦੂਸ਼ਣ ਦਿਖਾਈ ਦਿੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਨੀਤੀਗਤ ਫ਼ੈਸਲੇ ਕਰਨ ਦੀ ਸਖ਼ਤ ਜ਼ਰੂਰਤ ਹੈ। ਇਸ ਦੇ ਨਾਲ ਨਾਲ ਸਿਰਫ਼ ਸਰਕਾਰਾਂ ‘ਤੇ ਸਾਰੇ ਕੰਮ ਸੁੱਟਣ ਨਾਲ ਕੁਝ ਨਹੀਂ ਬਣਦਾ, ਅਸੀਂ ਖ਼ੁਦ ਵੀ ਗੰਭੀਰ ਹੋਈਏ ਅਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਇਕਜੁੱਟ ਹੋਈਏ।
ਵਰਿੰਦਰ ਸ਼ਰਮਾ, ਧਰਮਕੋਟ (ਮੋਗਾ)
ਹਾਅ ਦਾ ਨਾਅਰਾ
ਪਹਿਲੀ ਜੂਨ ਦੇ ਸੰਪਾਦਕੀ ‘ਔਰਤਾਂ ਪ੍ਰਤੀ ਹਿੰਸਕ ਮਾਨਸਿਕਤਾ’ ਸੰਵੇਦਨਸ਼ੀਲ ਵਿਸ਼ੇ ਵੱਲ ਧਿਆਨ ਖਿੱਚਦਾ ਹੈ। ਸਮਾਜਿਕ ਸੁਰੱਖਿਆ ਹਰ ਵਿਕਸਿਤ ਸਮਾਜ ਦੀ ਮੁੱਢਲੀ ਜ਼ਰੂਰਤ ਹੈ, ਖ਼ਾਸ ਕਰ ਕੇ ਜਦੋਂ ਗੱਲ ਔਰਤ ਦੀ ਸੁਰੱਖਿਆ ਦੀ ਹੋਵੇ। ਦਿੱਲੀ ਵਿਚ ਜਿਸ ਤਰ੍ਹਾਂ ਲੜਕੀ ਨੂੰ ਕਤਲ ਕੀਤਾ ਗਿਆ, ਉਸ ਤੋਂ ਸਿਰਫ਼ ਕਾਤਲ ਦੀ ਮਾਨਸਿਕਤਾ ਹੀ ਨਹੀਂ ਝਲਕਦੀ ਸਗੋਂ ਸਮਾਜ ਦੀ ਮਾਨਸਿਕਤਾ ‘ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਜੇ ਭਰਵੀਂ ਵਸੋਂ ਵਾਲੇ ਇਲਾਕੇ ਵਿਚ ਵੀ ਇਸ ਤਰ੍ਹਾਂ ਕਤਲ ਹੋਣਗੇ ਤਾਂ ਸਾਡੀ ਸੁਰੱਖਿਆ ਦੀ ਗਾਰੰਟੀ ਫਿਰ ਕਿੱਥੇ ਹੋਵੇਗੀ? ਇਸ ਹਮਲੇ ਵਿਚ ਲੜਕੀ ਦੀ ਮੌਤ ਹੀ ਨਹੀਂ ਹੋਈ ਸਗੋਂ ਲੋਕਾਂ ਦੇ ਵਿਹਾਰ ਤੋਂ ਮੁੱਢਲੀ ਸਮਾਜਿਕ ਜ਼ਿੰਮੇਵਾਰੀ ਵੀ ਦਮ ਤੋੜਦੀ ਦਿਸੀ। ਲੋਕਾਂ ਦਾ ਅਜਿਹਾ ਵਿਹਾਰ ਕਾਤਲ ਮਾਨਸਿਕਤਾ ਲੈ ਕੇ ਘੁੰਮ ਰਹੇ ਕਾਤਲਾਂ ਨੂੰ ਉਤਸ਼ਾਹਿਤ ਕਰਦਾ ਹੈ। ਅਜਿਹੀ ਸਥਿਤੀ ਵਿਚ ਜ਼ਰੂਰਤ ਪਹਿਲ ਕਰਨ ਦੀ ਹੁੰਦੀ ਹੈ। ਜੇ ਇਕ ਬੰਦਾ ਵੀ ਉਸ ਵਕਤ ਹਾਅ ਦਾ ਨਾਅਰਾ ਮਾਰਦਾ ਤਾਂ ਲੜਕੀ ਦੀ ਜਾਨ ਬਚਾਈ ਜਾ ਸਕਦੀ ਸੀ। ਅਫ਼ਸੋਸ, ਅਜਿਹਾ ਨਹੀਂ ਹੋ ਸਕਿਆ।
ਕੁਲਵਿੰਦਰ ਸਿੰਘ, ਦੂਹੇਵਾਲਾ (ਸ੍ਰੀ ਮੁਕਤਸਰ ਸਾਹਿਬ)
ਜ਼ਿੰਦਗੀ ਦਾ ਸਰਮਾਇਆ
ਹਰਪ੍ਰੀਤ ਕੌਰ ਘੜੂੰਆਂ ਨੇ ਆਪਣੀ ਰਚਨਾ ‘ਮੱਛਰਦਾਨੀ’ (ਪਹਿਲੀ ਜੂਨ) ਰਾਹੀਂ ਬੀਤੇ ਵੇਲਿਆਂ ਨੂੰ ਵਧੀਆ ਢੰਗ ਨਾਲ ਯਾਦ ਕੀਤਾ ਹੈ। ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਇਨ੍ਹਾਂ ਦੇ ਆਧਾਰ ‘ਤੇ ਹੀ ਵਰਤਮਾਨ ਬਣਦਾ ਹੈ ਅਤੇ ਭਵਿੱਖ ਉਸਰਦਾ ਹੈ। ਠੀਕ ਹੈ ਕਿ ਬੀਤਿਆ ਵਕਤ ਕਦੀ ਮੁੜ ਨਹੀਂ ਸਕਦਾ ਪਰ ਇਸ ਨੂੰ ਯਾਦ ਤਾਂ ਕੀਤਾ ਹੀ ਜਾ ਸਕਦਾ ਹੈ।
ਕਸ਼ਮੀਰ ਕੌਰ, ਜਲੰਧਰ
(2)
ਹਰਪ੍ਰੀਤ ਕੌਰ ਘੜੂੰਆਂ ਦਾ ਲੇਖ ‘ਮੱਛਰਦਾਨੀ’ (ਪਹਿਲੀ ਜੂਨ) ਚੰਗਾ ਲੱਗਿਆ। ਲੇਖਕ ਨੇ ਵਧੀਆ ਢੰਗ ਨਾਲ ਬੀਤੇ ਸਮੇਂ ਦੀ ਘਟਨਾ ਦਾ ਵਰਨਣ ਕੀਤਾ ਹੈ। ਇਸ ਨੂੰ ਪੜ੍ਹਦੇ ਸਮੇਂ ਮੈਂ ਖ਼ੁਦ ਵੀ ਬੀਤੇ ਸਮੇਂ ਦੌਰਾਨ ਕੋਠਿਆਂ ‘ਤੇ ਸੌਣ ਵੇਲੇ ਨੂੰ ਆਪਣੀਆਂ ਅੱਖਾਂ ਅੱਗੇ ਲੰਘਦਾ ਮਹਿਸੂਸ ਕੀਤਾ। ਅੰਤ ਵਿਚ ਲੇਖਕ ਨੇ ਅਜੋਕੇ ਮਨੁੱਖ ਦੀ ਸੁਰੱਖਿਆ ਬਾਰੇ ਕੌੜਾ ਸੱਚ ਬਿਆਨ ਕੀਤਾ ਹੈ।
ਸੁਖਵਿੰਦਰ ਸਿੰਘ, ਸਮਰਾਲਾ (ਲੁਧਿਆਣਾ)