ਪਾਠਕਾਂ ਦੇ ਖ਼ਤ
ਸੰਸਦ ਤੇ ਸਿਆਸਤ
6 ਜੂਨ ਦੀ ਸੰਪਾਦਕੀ, ਮਿਡਲ ਤੇ ਹੋਰ ਲੇਖ ਬਾਕਮਾਲ ਸਨ। ਪਾਰਸਾ ਵੈਂਕਟੇਸ਼ਵਰ ਰਾਉ ਜੂਨੀਅਰ ਦਾ ਲੇਖ ‘ਨਵਾਂ ਸੰਸਦ ਭਵਨ ਤੇ ਉਭਰ ਰਹੀ ਸਿਆਸਤ’ ਵਿਚ ਦੇਸ਼ ਅੰਦਰ ਪਿਛਲੇ ਸਾਲਾਂ ਦੌਰਾਨ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ ਅਤੇ ਨਵੇਂ ਬਣੇ ਸੰਸਦ ਭਵਨ ਨੂੰ ਸ਼ੱਕ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਇਸੇ ਤਰ੍ਹਾਂ ‘ਜੇਤੂ ਜਰਨੈਲ’ ਮਿਡਲ ਵਿਚ ਜਗਦੀਸ਼ ਕੌਰ ਮਾਨ ਨੇ ਸੱਚ ‘ਤੇ ਪਹਿਰਾ ਦਿੰਦੇ ਇਕ ਸੱਚੇ-ਸੁੱਚੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਮਹਿਲਾ ਪਹਿਲਵਾਨਾਂ ਦੇ ਘੋਲ ਨੂੰ ਹੱਲਾਸ਼ੇਰੀ ਦਿੰਦਾ ਲੇਖ ‘ਮਹਿਲਾ ਪਹਿਲਵਾਨਾਂ ਦਾ ਸੰਘਰਸ਼: ਸਰਕਾਰ ਦਾ ਦਿਲ ਵੀ ਹੋਣਾ ਚਾਹੀਦਾ’ ਵਿਚ ਜਸਟਿਸ ਰੇਖਾ ਸ਼ਰਮਾ ਨੇ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦੇ ਸਰਕਾਰ ਦੇ ਨਾਅਰੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਇਸੇ ਲੜੀ ਵਿਚ ‘ਕਿਰਤ ਦੇ ਮੁੱਲ ਤੋਂ ਅਣਜਾਣ ਕਿਰਤੀ’ ਵਿਚ ਔਨਿੰਦੀਓ ਚੱਕਰਵਰਤੀ ਨੇ ਮਜ਼ਦੂਰ ਵਰਗ ਨੂੰ ਆਪਣੀ ਕਿਰਤ ਦੇ ਮੁੱਲ ਤੋਂ ਅਣਜਾਣ ਦੱਸਦਿਆਂ ਸਰਮਾਏਦਾਰੀ ਅਤੇ ਕਿਰਤੀ ਵਰਗ ਦੇ ਸੋਸ਼ਣ ਬਾਰੇ ਜਾਣੂ ਕਰਵਾਇਆ ਹੈ।
ਮਨਮੋਹਨ ਸਿੰਘ ਨਾਭਾ, ਈਮੇਲ
ਪੰਜਾਬੀ ‘ਚੋਂ ਫੇਲ੍ਹ
7 ਜੂਨ ਦੇ ਅੰਕ ‘ਚ ਸਫ਼ਾ 3 ‘ਤੇ ਛਪੀ ਖ਼ਬਰ ‘ਚ ਉਠਾਇਆ ਗਿਆ ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਪ੍ਰੀਖਿਆ ‘ਚ 38 ਪ੍ਰਤੀਸ਼ਤ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਵਿਚ ਫੇਲ੍ਹ ਹੋਣ ਦਾ ਮੁੱਦਾ ਵਿਚਾਰ ਦੀ ਮੰਗ ਕਰਦਾ ਹੈ। ਇਸ ਦਾ ਵੱਡਾ ਕਾਰਨ ਯੂਕੇਜੀ, ਐਲਕੇਜੀ, ਪ੍ਰੀ-ਨਰਸਰੀ, ਨਰਸਰੀ ਕਲਾਸਾਂ ਵਿਚ ਪੰਜਾਬੀ ਵਿਸ਼ਾ ਨਾ ਪੜ੍ਹਾਉਣਾ ਹੈ। ਪੰਜਾਬ ਦੇ ਸੀਬੀਐਸਈ ਅਤੇ ਪ੍ਰਾਈਵੇਟ ਮਾਡਲ ਸਕੂਲਾਂ ਵਿਚ 10-12 ਜਮਾਤਾਂ ਪਾਸ ਬਹੁਗਿਣਤੀ ਮੁੰਡੇ, ਕੁੜੀਆਂ ਨੂੰ ਪੰਜਾਬੀ ਵਿਚ 100 ਤਕ ਗਿਣਤੀ ਵੀ ਨਹੀਂ ਆਉਂਦੀ। ਇਨ੍ਹਾਂ ਨੂੰ ਮੁਸ਼ਕਲ ਨਾਲ 30 ਤਕ ਹੀ ਪੰਜਾਬੀ ‘ਚ ਗਿਣਤੀ ਸਮਝ ਆਉਂਦੀ ਹੈ। ਇਸ ਕਾਰਨ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ।
ਨਾਰੀਤਵ ਦੀ ਬੇਹੁਰਮਤੀ
7 ਜੂਨ ਦੇ ਅੰਕ ਵਿਚ ‘ਟ੍ਰਿਬਿਊਨ’ ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਦਾ ਲੇਖ ‘ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ’ ਅਨੁਸਾਰ ਇਹ ਸਰਕਾਰ ਵੱਲੋਂ ਸੱਚਮੁੱਚ ਥਾਲੀ ਵਿਚ ਰੱਖ ਕੇ ਦਿੱਤਾ ਭਾਜਪਾ ਵਿਰੋਧੀ ਮੁੱਦਾ ਹੈ। ਇਸ ਹੈਂਕੜਬਾਜ਼ੀ ਦਾ ਬੁਰਾ ਅਸਰ ਪੂਰੇ ਦੇਸ਼ ‘ਤੇ ਭਾਜਪਾ ਮੈਂਬਰਾਂ ਬਿਨਾਂ ਬਾਕੀ ਹਰ ਵਰਗ ਭਾਵ ਲੜਕੀਆਂ, ਇਸਤਰੀਆਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਫੌਜਾਂ, ਪੁਲੀਸ ਅਤੇ ਭਿਖਾਰੀ ਸਭਾਵਾਂ ਤਕ ਉਤੇ ਪਵੇਗਾ। ਉਨ੍ਹਾਂ ਨੂੰ ਜ਼ਰੂਰ ਅਹਿਸਾਸ ਹੋਵੇਗਾ ਕਿ ਸਰਕਾਰ ਨੇ ਦੇਸ਼ ਦੀਆਂ ਧੀਆਂ ਨੂੰ ਬਿਲਕੁਲ ਵਿਸਾਰ ਦਿੱਤਾ ਹੈ।
ਪ੍ਰਿੰ. ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਵਾਤਾਵਰਨ ਦੀ ਸੰਭਾਲ
5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ‘ਤੇ ਛਪੇ ਲੇਖ ‘ਪੰਜਾਬ ਦਾ ਚੌਗਿਰਦਾ: ਕੁਝ ਮੁੱਦੇ ਕੁਝ ਸਵਾਲ’ ਵਿਚ ਲੇਖਕ ਵਿਜੈ ਬੰਬੇਲੀ ਨੇ ਵਾਤਾਵਰਣਕ ਸਥਿਤੀਆਂ ਅਤੇ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਕੁਦਰਤੀ ਸਰੋਤ ਸਭ ਲਈ ਮੁਫ਼ਤ ਹੁੰਦੇ ਹਨ; ਕੁਦਰਤ ਕਿਸੇ ਵੀ ਜੀਵ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦੀ, ਫਿਰ ਅਸੀਂ ਮਨੁੱਖ ਕਿਉਂ ਕੁਦਰਤ ਪ੍ਰਤੀ ਆਪਣੇ ਫ਼ਰਜ਼ਾਂ ਤੋਂ ਭੱਜਦੇ ਹਾਂ। ਵਾਤਾਵਰਨ ਨੂੰ ਸੰਭਾਲਣ ਦੀ ਜ਼ਿੰਮੇਵਾਰ ਸਿਰਫ਼ ਸਰਕਾਰਾਂ ਨੂੰ ਬਣਾਉਣਾ ਜਾਂ ਸਰਕਾਰਾਂ ‘ਤੇ ਹੀ ਨਿਰਭਰ ਰਹਿਣਾ ਵਾਜਬ ਨਹੀਂ। ਹਰ ਇਕ ਵਿਅਕਤੀ ਦੀ ਵਾਤਾਵਰਨ ਨੂੰ ਸੰਭਾਲਣ ਦੀ ਵਿਅਕਤੀਗਤ/ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਅਸੀਂ ਮਨੁੱਖ ਸਾਰੀ ਜ਼ਿੰਦਗੀ ਦੀ ਪੂੰਜੀ ਇਕੱਠੀ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਿੰਗੇ ਮਹਿੰਗੇ ਪੱਥਰਾਂ ਵਾਲੇ ਘਰਾਂ ਦਾ ਨਿਰਮਾਣ ਕਰਨ ਦੀ ਸੋਚ ‘ਤੇ ਹੀ ਕੰਮ ਕਰਦੇ ਹਾਂ। ਕੀ ਪੱਥਰਾਂ ਨੇ ਸਾਡੀਆਂ ਪੀੜ੍ਹੀਆਂ/ਨਸਲਾਂ ਨੂੰ ਅਨੁਕੂਲ ਵਾਤਾਵਰਨ ਦੇਣਾ ਹੈ? ਨੇਕ ਕਮਾਈ ਦਾ ਕੁਝ ਹਿੱਸਾ ਵਾਤਾਵਰਨ ਦੀ ਸੰਭਾਲ ‘ਤੇ ਵੀ ਖ਼ਰਚ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਖੇਤੀ ਵਿਗਿਆਨੀਆਂ ਦੇ ਸੁਝਾਵਾਂ ਅਤੇ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੌਸਮ ਦੀ ਅਨਿਸ਼ਚਿਤਤਾ ਵਾਤਾਵਰਨ ਵਿਚ ਵਿਗਾੜ ਪੈਦਾ ਕਰਦੀ ਹੈ ਜਿਸ ਦਾ ਬੁਰਾ ਅਸਰ ਫਸਲਾਂ ਦੇ ਝਾੜ ‘ਤੇ ਪੈ ਰਿਹਾ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਐਡਹਾਕ ਅਧਿਆਪਕ
2 ਜੂਨ ਦੇ ਆਪਣੇ ਲੇਖ ‘ਐਡਹਾਕ ਅਧਿਆਪਕਾਂ ਦੇ ਦੁੱਖ-ਦਰਦ’ ਵਿਚ ਅਵਿਜੀਤ ਪਾਠਕ ਨੇ ਇਨ੍ਹਾਂ ਅਧਿਆਪਕਾਂ ਦਾ ਦਰਦ ਸਹੀ ਬਿਆਨਿਆ ਹੈ। ਰੈਗੂਲਰ ਅਧਿਆਪਕ ਵੀ ਉਨ੍ਹਾਂ ਨਾਲ ਸਹੀ ਵਿਹਾਰ ਨਹੀਂ ਕਰਦੇ। ਐਡਹਾਕ ਅਧਿਆਪਕਾਂ ਦੇ ਤਜਰਬੇ ਨੂੰ ਨਜ਼ਰਅੰਦਾਜ਼ ਕਰਨਾ ਸ਼ਰੇਆਮ ਧੱਕੇਸ਼ਾਹੀ ਹੈ। ਕਿਸੇ ਹੋਣਹਾਰ ਨੌਜਵਾਨ ਅਧਿਆਪਕ ਵੱਲੋਂ ਦਿੱਲੀ ਯੂਨੀਵਰਸਿਟੀ ‘ਚ ਕੀਤੀ ਖੁਦਕੁਸ਼ੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ।
ਡਾ. ਅਜੀਤਪਾਲ ਸਿੰਘ ਐਮਡੀ, ਈਮੇਲ
ਚੌਥਾ ਬੈਗ
31 ਮਈ ਦੇ ਨਜ਼ਰੀਆ ਪੰਨੇ ‘ਤੇ ਮਲਕੀਤ ਸਿੰਘ ਮਛਾਣਾ ਦਾ ਲੇਖ ‘ਚੌਥਾ ਬੈਗ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਾਂ ਆਪਣੀ ਧੀ ਨਾਲ ਕਿੰਨਾ ਮੋਹ ਰੱਖਦੀ ਹੈ, ਵਿਸ਼ੇਸ਼ ਕਰ ਕੇ ਉਦੋਂ ਜਦੋਂ ਉਹ ਵਿਦੇਸ਼ ਵਿਚ ਵਸਦੀ ਹੋਵੇ। ਉਹ ਖਰਚੇ ਦੀ ਪਰਵਾਹ ਕੀਤੇ ਬਗੈਰ ਦੁਨੀਆ ਦੀ ਹਰ ਸ਼ੈਅ ਆਪਣੀ ਧੀ ਲਈ ਲਿਜਾਣਾ ਚਾਹੁੰਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪਹਿਲਵਾਨਾਂ ਨਾਲ ਧੱਕੇਸ਼ਾਹੀ
30 ਮਈ ਦੇ ਨਜ਼ਰੀਆ ਪੰਨੇ ‘ਤੇ ਪਹਿਲਵਾਨ ਔਰਤਾਂਬਾਰੇ ਸੁੱਚਾ ਸਿੰਘ ਗਿੱਲ ਦਾ ਲੇਖ ਅਤੇ ਸੰਪਾਦਕੀ ਲੇਖ ‘ਪਹਿਲਵਾਨਾਂ ਨਾਲ ਧੱਕੇਸ਼ਾਹੀ’ ਪੜ੍ਹ ਕੇ ਤਾਂ ਦਿਲ ਦਹਿਲ ਗਿਆ ਤੇ ਅੱਖਾਂ ਨਮ ਹੋ ਕੇ ਰਹਿ ਗਈਆਂ। ਬਹੁਤ ਹੀ ਦੁੱਖ ਲੱਗਾ ਕਿ ਇਹ ਕਿਵੇਂ ਦੀ ਸਰਕਾਰ ਸੱਤਾ ‘ਤੇ ਬੈਠੀ ਹੈ, ਜਿਸ ਨੂੰ ਅਪਰਾਧੀ ਤੇ ਪੀੜਤ ਦੀ ਹੀ ਪਛਾਣ ਨਹੀਂ ਹੈ। ਜਿਨ੍ਹਾਂ ਖਿਡਾਰਨ ਲੜਕੀਆਂ ਨੇ ਭਲਵਾਨੀ ‘ਚ ਪੈਰ ਰੱਖ ਕੇ, ਦਿਨ-ਰਾਤ ਦੀ ਮਿਹਨਤ ਨਾਲ ਮੁਕਾਬਲੇ ‘ਚ ਅੱਵਲ ਆ ਕੇ ਦੇਸ਼ ਦਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਪਰ ਉਨ੍ਹਾਂ ਦੀ ਖੁਸ਼ੀ ਨੂੰ ਇਕਦਮ ਐਸਾ ਗ੍ਰਹਿਣ ਲੱਗਾ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਨ੍ਹਾਂ ਨਾਲ ਜਿਨਸੀ ਸੋਸ਼ਣ ਤੇ ਦੁਸ਼ਕਰਮ ਕਰਕੇ ਉਨ੍ਹਾਂ ਦੇ ਕੀਤੇ ਕਰਾਏ ‘ਤੇ ਪਾਣੀ ਫੇਰ ਦਿੱਤਾ। ਇਸ ਕਰਤੂਤ ਦੇ ਵਿਰੋਧ ਵਿਚ ਮਹੀਨੇ ਭਰ ਤੋਂ ਧਰਨੇ ‘ਤੇ ਬੈਠੀਆਂ ਕੁੜੀਆਂ ਨੇ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ਰੱਖੀ ਹੈ। ਉਨ੍ਹਾਂ ਦੀ ਹਮਾਇਤ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਕਿਸਾਨ ਵੀ ਆ ਰਲੇ ਹਨ ਪਰ ਅਜੇ ਤਕ ਸਰਕਾਰ ਨਿਆਂ ਤੇ ਸੁਣਵਾਈ ਲਈ ਟੱਸ ਤੋਂ ਮੱਸ ਨਹੀਂ ਹੋਈ। ਜੇ ਇਕ ਪਾਸੇ ਨਵੀਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ ਤੇ ਦੂਜੇ ਪਾਸੇ ਪੁਲੀਸ ਵੱਲੋਂ ਧਰਨੇ ‘ਤੇ ਬੈਠੀਆਂ ਹੋਰ ਸੈਂਕੜੇ ਔਰਤਾਂ ਨਾਲ ਦੁਰਵਿਹਾਰ, ਧੱਕੇਸ਼ਾਹੀ ਤੇ ਹੱਥੋਪਾਈ ਕਰਕੇ ਉਨ੍ਹਾਂ ਨੂੰ ਜੰਤਰ-ਮੰਤਰ ਤੋਂ ਉਖਾੜਿਆ ਜਾ ਰਿਹਾ ਸੀ। ਇਹ ਵਰਤਾਰਾ ਬਹੁਤ ਨਿੰਦਣਯੋਗ ਹੈ।
ਜਸਬੀਰ ਕੌਰ, ਅੰਮ੍ਰਿਤਸਰ