ਪਾਕਿਸਤਾਨ ਦੇ ਨਿਸ਼ਾਨੇ ’ਤੇ ਸਨ ਪੰਜਾਬ ਦੇ ਕਈ ਸ਼ਹਿਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਈ
ਭਾਰਤੀ ਫ਼ੌਜ ਨੇ ਅੱਜ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਨੇ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਸੀ, ਜਿਸ ਨੂੰ ਫ਼ੌਜ ਨੇ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਾਕਾਮ ਬਣਾ ਦਿੱਤਾ ਸੀ। ਇਹ ਦਾਅਵਾ ਅੱਜ 15 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਧਰੀ ਨੇ ਕੀਤਾ। ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਦਾ ਜ਼ਿਕਰ ਕੀਤਾ ਹੈ ਅਤੇ ਇਸ ਦੀ ਵੀਡੀਓ ਵੀ ‘ਐੱਕਸ’ ’ਤੇ ਜਾਰੀ ਕੀਤੀ ਗਈ ਹੈ। ਵੀਡੀਓ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਿਜ਼ਾਈਲਾਂ ਅਤੇ ਡਰੋਨਾਂ ਦੇ ਵੱਖ-ਵੱਖ ਥਾਵਾਂ ’ਤੇ ਡਿੱਗੇ ਮਲਬੇ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਹਵਾ ਵਿੱਚ ਹੀ ਫੁੰਡ ਦਿੱਤਾ ਸੀ। ਭਾਰਤੀ ਫ਼ੌਜ ਵੱਲੋਂ ਇਸ ਸਬੰਧੀ ਪ੍ਰਗਟਾਵਾ ਅੱਜ ਪਹਿਲੀ ਵਾਰ ਕੀਤਾ ਗਿਆ ਹੈ।
ਪਹਿਲਗਾਮ ਵਿੱਚ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਵਿੱਚ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਮਗਰੋਂ ਪਾਕਿਸਤਾਨੀ ਫੌ਼ਜ ਵੱਲੋਂ ਵੀ ਡਰੋਨ ਅਤੇ ਮਿਜ਼ਾਈਲਾਂ ਨਾਲ ਭਾਰਤੀ ਫੌ਼ਜੀ ਟਿਕਾਣਿਆਂ ਅਤੇ ਹੋਰ ਥਾਵਾਂ ’ਤੇ ਹਮਲੇ ਕੀਤੇ ਗਏ ਸਨ। ਲਗਪਗ 86 ਘੰਟੇ ਚੱਲੇ ਇਸ ਟਕਰਾਅ ਦੌਰਾਨ ਭਾਰਤੀ ਫ਼ੌਜ ਨੇ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਪਾਕਿਸਤਾਨ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ ਸੀ।
ਫੌ਼ਜ ਅਧਿਕਾਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਸਿਰਫ਼ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਕਿਸੇ ਵੀ ਆਮ ਨਾਗਰਿਕ ਜਾਂ ਫ਼ੌਜੀ ਟਿਕਾਣੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ ਪਰ ਪਾਕਿਸਤਾਨ ਵੱਲੋਂ 7 ਮਈ ਦੀ ਰਾਤ ਨੂੰ ਫ਼ੌਜ ਦੇ ਟਿਕਾਣਿਆਂ, ਧਾਰਮਿਕ ਸਥਾਨਾਂ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਫ਼ੌਜ ਦੀ ਇਸ ਯੋਜਨਾ ਦੀ ਜਾਣਕਾਰੀ ਮਿਲਣ ਮਗਰੋਂ ਭਾਰਤੀ ਫ਼ੌਜ ਵੱਲੋਂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ, ਜਿਸ ਵਿੱਚ ਆਕਾਸ਼ ਮਿਜ਼ਾਈਲ ਸਿਸਟਮ ਤੇ ਹੋਰ ਏਅਰ ਡਿਫੈਂਸ ਗੰਨ ਪ੍ਰਣਾਲੀਆਂ ਸ਼ਾਮਲ ਸਨ, ਤਾਇਨਾਤ ਕੀਤੀਆਂ ਗਈਆਂ। ਸ੍ਰੀ ਹਰਿਮੰਦਰ ਸਾਹਿਬ ਵੱਲ ਕਿਸੇ ਵੀ ਮਿਜ਼ਾਈਲ ਅਤੇ ਡਰੋਨ ਨੂੰ ਨਹੀਂ ਆਉਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਵਾ ਵਿੱਚ ਹੀ ਫੁੰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਦਾ ਡਿੱਗਿਆ ਮਲਬਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪਾਕਿਸਤਾਨੀ ਹਮਲੇ ਨੂੰ ਕਿਵੇਂ ਨਾਕਾਮ ਬਣਾਇਆ ਗਿਆ। ਅਧਿਕਾਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪਾਕਿਸਤਾਨ ਨੇ ਮੁੜ ਅਜਿਹੀ ਕੋਈ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਕਿਉਂਕਿ ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ ਹੈ ਸਗੋਂ ਮੁਲਤਵੀ ਕੀਤਾ ਗਿਆ ਹੈ।
ਇਸ ਦੌਰਾਨ ਵੀਡੀਓ ਵਿੱਚ ਇੱਕ ਹੋਰ ਫ਼ੌਜੀ ਅਧਿਕਾਰੀ ਨੇ ਦਾਅਵਾ ਕੀਤਾ ਕਿ 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਦੁਸ਼ਮਣ ਨੇ ਅਚਾਨਕ ਭਾਰਤੀ ਚੌਕੀਆਂ ’ਤੇ ਫਾਇਰਿੰਗ ਕੀਤੀ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਵੇਰ ਵੇਲੇ ਪਾਕਿਸਤਾਨੀ ਚੌਕੀ ’ਤੇ ਸਫੈਦ ਝੰਡਾ ਲਹਿਰਾ ਕੇ ਦੁਸ਼ਮਣਾਂ ਨੇ ਗੋਡੇ ਟੇਕ ਦਿੱਤੇ ਸਨ।
ਹਮਲੇ ਦੇ ਦਾਅਵੇ ’ਤੇ ਯਕੀਨ ਨਹੀਂ: ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਹਰਿਮੰਦਰ ਸਾਹਿਬ ’ਤੇ ਹਮਲਾ ਕੀਤੇ ਜਾਣ ਸਬੰਧੀ ਭਾਰਤੀ ਫ਼ੌਜ ਵੱਲੋਂ ਕੀਤੇ ਖ਼ੁਲਾਸੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਆਖਿਆ ਕਿ ਉਹ ਅਜਿਹੇ ਕਿਸੇ ਵੀ ਬਿਆਨ ’ਤੇ ਵਿਸ਼ਵਾਸ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤੀ ਫ਼ੌਜ ਹੋਵੇ ਜਾਂ ਪਾਕਿਸਤਾਨੀ, ਉਹ ਗੁਰੂਘਰ ’ਤੇ ਹਮਲੇ ਬਾਰੇ ਸੋਚ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਇਹ ਅਜਿਹਾ ਸਥਾਨ ਹੈ, ਜਿੱਥੋਂ ਲੋਕਾਂ ਨੂੰ ਜੀਵਨ ਮਿਲਦਾ ਹੈ, ਖੁਸ਼ੀਆਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੰਗਤ ਦੇ ਮਨ ਵਿੱਚ ਨਾ ਕੋਈ ਦੁਬਿਧਾ ਹੈ ਅਤੇ ਨਾ ਹੀ ਕੋਈ ਤੌਖ਼ਲਾ ਹੈ।