ਪਾਕਿਸਤਾਨ ਅਤਿਵਾਦ ਰਾਹੀਂ ਸਿੰਧ ਜਲ ਸੰਧੀ ਦੀ ਕਰ ਰਿਹੈ ਉਲੰਘਣਾ: ਭਾਰਤ
ਨਵੀਂ ਦਿੱਲੀ, 31 ਮਈ
ਪਾਕਿਸਤਾਨ ਦੀ ਧਰਤੀ ਤੋਂ ਜਾਰੀ ਅਤਿਵਾਦ ਨੂੰ ਸਿੰਧ ਜਲ ਸੰਧੀ ਲਾਗੂ ਕਰਨ ’ਚ ਅੜਿੱਕਾ ਦੱਸਦਿਆਂ ਭਾਰਤ ਨੇ ਕਿਹਾ ਕਿ ਗੁਆਂਢੀ ਮੁਲਕ ਨੂੰ ਇਸ ਸੰਧੀ ਦੀ ਉਲੰਘਣਾ ਲਈ ਉਸ ’ਤੇ ਦੋਸ਼ ਮੜ੍ਹਨਾ ਬੰਦ ਕਰ ਦੇਣਾ ਚਾਹੀਦਾ ਹੈ। ਤਾਜਿਕਿਸਤਾਨ ਦੇ ਦੁਸ਼ਾਂਬੇ ’ਚ ਗਲੇਸ਼ੀਅਰਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਹਿਲੀ ਕਾਨਫਰੰਸ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਰਾਹੀਂ ਸੰਧੀ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਧ ਜਲ ਸੰਧੀ ’ਤੇ ਦਸਤਖ਼ਤ ਹੋਣ ਮਗਰੋਂ ਹਾਲਾਤ ’ਚ ਕਈ ਬੁਨਿਆਦੀ ਬਦਲਾਅ ਹੋਏ ਹਨ ਜਿਸ ਦੇ ਮੁਲਾਂਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਦਲਾਅ ’ਚ ਤਕਨੀਕੀ ਪ੍ਰਗਤੀ, ਜਲਵਾਯੂ ਪਰਿਵਰਤਨ ਅਤੇ ਸਰਹੱਦ ਪਾਰ ਅਤਿਵਾਦ ਦਾ ਖਤਰਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿਕਸਤ ਮੁਲਕਾਂ ਨੂੰ ਗਲੇਸ਼ੀਅਰਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।
ਗਲੇਸ਼ੀਅਰਾਂ ਦੀ ਸੰਭਾਲ ਬਾਰੇ ਕੌਮਾਂਤਰੀ ਕਾਨਫਰੰਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨੂੰ ਸੌੜੇ ਸਿਆਸੀ ਲਾਹੇ ਲਈ ਸਿੰਧ ਜਲ ਸੰਧੀ ਨੂੰ ਮੁਲਤਵੀ ਰੱਖ ਕੇ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾ ਕੇ ਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪਾਕਿਸਤਾਨੀ ਅਖ਼ਬਾਰ ‘ਡਾਅਨ’ ਨੇ ਸ਼ਰੀਫ਼ ਦੇ ਹਵਾਲੇ ਨਾਲ ਕਿਹਾ ਕਿ ਸਿੰਧ ਬੇਸਿਨ ਦੇ ਪਾਣੀ ਦੀ ਵੰਡ ਨੂੰ ਕੰਟਰੋਲ ਕਰਨ ਵਾਲੀ ਸੰਧੀ ਨੂੰ ਮੁਲਤਵੀ ਰੱਖਣ ਦਾ ਭਾਰਤ ਦਾ ਇਕਪਾਸੜ ਅਤੇ ਗੈਰਕਾਨੂੰਨੀ ਫ਼ੈਸਲਾ ਅਫ਼ਸੋਸਨਾਕ ਹੈ। -ਪੀਟੀਆਈ