ਪਾਈਪਲਾਈਨ ਲੀਕੇਜ: ਮੁਹਾਲੀ ’ਚ ਦੋ ਦਿਨ ਪ੍ਰਭਾਵਿਤ ਰਹੇਗੀ ਜਲ ਸਪਲਾਈ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਨਵੰਬਰ
ਮੁਹਾਲੀ ਦੇ ਕੁੱਝ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਦੋ ਦਿਨ ਨਹਿਰੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2, ਮੁਹਾਲੀ ਦੇ ਕਾਰਜਕਾਰੀ ਇੰਜਨੀਅਰ ਮਾਈਕਲ ਨੇ ਦੱਸਿਆ ਕਿ ਕਜੌਲੀ ਤੋਂ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-1 ਅਤੇ ਫੇਜ਼-2 ਦੀ ਮੇਨ ਪਾਈਪਲਾਈਨ ਸੈਕਟਰ-39 ਅਤੇ ਵਾਟਰ ਪਾਈਪ ਟਰੀਟਮੈਂਟ ਪਲਾਂਟ ਫੇਜ਼-6 (ਸੈਕਟਰ-56) ਵਿੱਚ ਲੀਕੇਜ ਸ਼ੁਰੂ ਹੋ ਗਈ ਹੈ। ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਲਈ ਜਲ ਸਪਲਾਈ ਵਿਭਾਗ ਵੱਲੋਂ 11 ਅਤੇ 12 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪਾਣੀ ਦੀ ਬੰਦੀ ਲਈ ਹੈ। ਇਸ ਕਾਰਨ ਦੋਵੇਂ ਦਿਨ ਇੱਥੋਂ ਦੇ ਫੇਜ਼-1, ਫੇਜ਼-2, ਫੇਜ਼-3ਏ, ਫੇਜ਼-3ਬੀ1, ਫੇਜ਼-3ਬੀ-2, ਫੇਜ਼-4, ਫੇਜ਼-5, ਫੇਜ਼-6, ਫੇਜ਼-7 ਅਤੇ ਪਿੰਡ ਮਦਨਪੁਰਾ ਅਤੇ ਉਦਯੋਗਿਕ ਖੇਤਰ ਫੇਜ਼-1 ਤੋਂ ਫੇਜ਼-5 ਵਿੱਚ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਅਧਿਕਾਰੀ ਨੇ ਦੱਸਿਆ ਕਿ 11 ਨਵੰਬਰ ਨੂੰ ਸਵੇਰੇ ਪਾਣੀ ਦੀ ਸਪਲਾਈ ਪੂਰੇ ਪ੍ਰੈੱਸ਼ਰ ਨਾਲ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਵੇਗੀ। ਸ਼ਾਮ ਨੂੰ ਵੀ ਪਾਣੀ ਦੀ ਸਪਲਾਈ ਘੱਟ ਪ੍ਰੈੱਸ਼ਰ ਨਾਲ (ਪਾਣੀ ਦੀ ਉਪਲਬਧਤਾ ਅਨੁਸਾਰ) ਹੋਵੇਗੀ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਸਵੇਰੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈੱਸ਼ਰ ਨਾਲ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਦੋ ਦਿਨ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਤੇ ਮੁਰੰਮਤ ਦੌਰਾਨ ਜਲ ਸਪਲਾਈ ਵਿਭਾਗ ਨੂੰ ਸਹਿਯੋਗ ਦੇਣ।