ਪਹਿਲਗਾਮ ਹਮਲਾ: ਮਾਨਸਾ ’ਚ ਫਿਰਕੂ ਨਫ਼ਰਤ ਖ਼ਿਲਾਫ਼ ਸਾਂਝੀ ਕਨਵੈਨਸ਼ਨ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਮਈ
ਪਹਿਲਗਾਮ ਵਿੱਚ ਸੈਲਾਨੀਆਂ ਦੀਆਂ ਹੱਤਿਆਵਾਂ ਤੋਂ ਬਾਅਦ ਦੇਸ਼ ਵਿੱਚ ਸਿਰਜੇ ਜਾ ਰਹੇ ਜੰਗੀ ਜਨੂੰਨ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਫੈਲਾਈ ਨਫ਼ਤਰ ਖ਼ਿਲਾਫ਼ ਇਥੇ ਸਾਂਝੀ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ 1990 ਵਿੱਚ ਅੱਜ ਦੇ ਦਿਨ ਜੰਗ ਵਿਰੋਧੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾਂਦੇ ਵਕਤ ਸਦਾ ਲਈ ਵਿਛੜ ਗਏ ਦੋ ਇਨਕਲਾਬੀ ਨੌਜਵਾਨਾਂ ਕਾਮਰੇਡ ਬਲਵਿੰਦਰ ਸਿੰਘ ਸਮਾਓਂ ਅਤੇ ਕਾਮਰੇਡ ਮਨੋਜ ਕੁਮਾਰ ਮਿੱਤਲ ਦੀ 35ਵੀਂ ਬਰਸੀ ਨੂੰ ਸਮਰਪਿਤ ਸੀ। ਉੱਘੇ ਕਮਿਊਨਿਸਟ ਆਗੂ ਤੇ ਦੇਸ਼ ਭਗਤ ਭਾਈ ਸੰਤੋਖ ਸਿੰਘ ਧਰਦਿਉ ਨੂੰ ਵੀ ਉਨ੍ਹਾਂ ਦੀ 92ਵੀਂ ਬਰਸੀ ਮੌਕੇ ਯਾਦ ਕੀਤਾ ਗਿਆ।
ਕਨਵੈਨਸ਼ਨ ਦੀ ਸ਼ੁਰੂਆਤ ਸ਼ਹੀਦ ਬਲਵਿੰਦਰ ਤੇ ਮਨੋਜ ਸਮੇਤ ਪਹਿਲਗਾਮ ਵਿੱਚ ਮਾਰੇ ਗਏ ਦੇਸ਼ਵਾਸੀਆਂ ਦੀ ਯਾਦ ਵਿੱਚ ਇਕ ਮਿੰਟ ਦਾ ਮੋਨ ਧਾਰ ਕੇ ਕੀਤੀ ਗਈ। ਕਨਵੈਨਸ਼ਨ ਵਿੱਚ ਇਹ ਗੱਲ ਉੱਭਰਕੇ ਸਾਹਮਣੇ ਆਈ ਕਿ ਜੰਗਾਂ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਦਿੰਦੀਆਂ ਅਤੇ ਕੋਈ ਮਸਲਾ ਹੱਲ ਕਰਨ ਦੀ ਬਜਾਏ ਉਲਟਾ ਗੰਭੀਰ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੰਦੀਆਂ ਹਨ।
ਸੀਪੀਆਈ (ਐੱਮ.ਐੱਲ.) ਲਿਬਰੇਸ਼ਨ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਤੀ ਅਪਣੀ ਘੋਰ ਅਣਗਹਿਲੀ ਉੱਤੇ ਪਰਦਾ ਪਾਉਣ ਲਈ ਭਾਜਪਾ ਤੇ ਮੋਦੀ ਸਰਕਾਰ ਨੇ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜਿਆ, ਜਿਸ ਨਾਲ ਮੁਸਲਿਮ ਘੱਟ ਗਿਣਤੀ ਖ਼ਿਲਾਫ਼ ਲੋਕਾਂ ਦੀਆਂ ਫ਼ਿਰਕੂ ਭਾਵਨਾਵਾਂ ਨੂੰ ਮਿਥਕੇ ਹਵਾ ਦਿੱਤੀ ਗਈ। ਕਨਵੈਨਸ਼ਨ ਨੇ ਮੰਗ ਕੀਤੀ ਕਿ ਸਿੰਧ ਜਲ ਸੰਧੀ ਤੇ ਸ਼ਿਮਲਾ ਸਮਝੌਤਾ ਮੁਲਤਵੀ ਕਰਨ ਵਰਗੇ ਸਖ਼ਤ ਕਦਮ ਵਾਪਸ ਲਏ ਜਾਣ, ਵਾਹਗਾ ਬਾਰਡਰ ਰਸਤੇ ਬੰਦ ਕੀਤੀ ਆਵਾਜਾਈ ਤੇ ਵਪਾਰ ਨੂੰ ਮੁੜ ਖੋਲ੍ਹਿਆ ਜਾਵੇ, ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਤੁਰੰਤ ਬਹਾਲ ਕੀਤਾ ਜਾਵੇ ਅਤੇ ਲਦਾਖ਼ ਨੂੰ ਮੁੜ ਰਿਆਸਤ ਵਿੱਚ ਸ਼ਾਮਲ ਕੀਤਾ ਜਾਵੇ, ਕਰਤਾਰਪੁਰ ਸਾਹਿਬ ਲਾਂਘਾਂ ਮੁੜ ਖੋਲ੍ਹਿਆ ਜਾਵੇ।